ਯੰਗ ਇੰਨੋਵਟਿਵ ਕਿਸਾਨ ਸਮੂਹ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਕਿਸਾਨਾਂ ਨੁੰ ਦਿੱਤੇ ਜਾਣ ਵਾਲੇ ਬੀਜ ਲਈ ਆਨਲਾਈਨ ਫਾਰਮ ਭਰਨ ਦਾ ਕੰਮ ਸ਼ੁਰੂ
ਕਿਸਾਨ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰਤ ਪੋਰਟਲ, www.agrimachinarypb.com 'ਤੇ ਰਜਿਸਟਰ ਹੋਣ
ਰੋਹਿਤ ਗੁਪਤਾ
ਗੁਰਦਾਸਪੁਰ, 16 ਅਕਤੂਬਰ
ਯੰਗ ਇੰਨੋਵਟਿਵ ਕਿਸਾਨ ਸਮੂਹ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਵੱਲੋਂ ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਤਕਨੀਕੀ ਸਹਿਯੋਗ ਨਾਲ ਹੜ੍ਹ ਪੀੜਤ ਪੰਜ ਪਿੰਡਾਂ 'ਚ ਪਰਾਲੀ ਪ੍ਰਬੰਧਨ ਅਤੇ ਕਣਕ ਬੀਜਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਵਲੋਂ ਹੜ੍ਹ ਪੀੜਤ ਕਿਸਾਨਾਂ ਨੁੰ ਦਿੱਤੇ ਜਾਣ ਵਾਲੇ ਬੀਜ ਲਈ ਆਨਲਾਈਨ ਫਾਰਮ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਕੰਮ ਦਾ ਜਾਇਜ਼ਾ ਲੈਣ ਡਾਕਟਰ ਅਮਰੀਕ ਸਿੰਘ ਸੰਯੁਕਤ ਨਿਰਦੇਸ਼ਕ (ਖ਼ੇਤੀਬਾੜੀ) ਕਮ ਜਨਰਲ ਮੈਨੇਜਰ (ਮਾਰਕੀਟਿੰਗ) ਪਨਸੀਡ ਵਲੋਂ ਪਿੰਡ ਬਰਿਆਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਡਾਕਟਰ ਸੁਖਬੀਰ ਸਿੰਘ ਸੰਧੂ ਬਲਾਕ ਖ਼ੇਤੀਬਾੜੀ ਅਫ਼ਸਰ ਡੇਰਾ ਬਾਬਾ ਨਾਨਕ , ਡਾਕਟਰ ਗਗਨਦੀਪ ਸਿੰਘ , ਡਾਕਟਰ ਅਜਾਦਵਿੰਦਰ ਸਿੰਘ , ਮਨਜੀਤ ਸਿੰਘ ਰਾਊਂਡ ਗਲਾਸ ਫਾਊਂਡੇਸ਼ਨ ਹਾਜ਼ਰ ਸਨ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਹੜ੍ਹ ਪੀੜਤ ਕਿਸਾਨਾਂ ਦੀ ਸਹੂਲਤ ਲਈ ਰਾਊਂਡ ਗਲਾਸ ਫਾਊਂਡੇਸ਼ਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਹਾੜ੍ਹੀ 2025-26 ਸੀਜ਼ਨ ਲਈ ਪੰਜਾਬ ਸਰਕਾਰ ਵਲੋਂ ਕਣਕ ਦੇ ਬੀਜਾਂ ਲਈ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ ਤਾਂ ਜੋ ਹੜ੍ਹ ਪ੍ਰਭਾਵਤ ਕਿਸਾਨਾਂ ਨੁੰ ਕਣਕ ਦੀ ਬਿਜਾਈ ਵਿਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾਂ ਕਰਨਾ ਪਵੇ।
ਉਨ੍ਹਾਂ ਨੇ ਦੱਸਿਆ ਕਿ ਹਾੜ੍ਹੀ 2025-26 ਸੀਜ਼ਨ ਲਈ ਜਾਰੀ ਨੀਤੀ ਅਨੁਸਾਰ, ਕਿਸਾਨਾਂ ਨੂੰ ਕਣਕ ਦੇ ਬੀਜਾਂ 'ਤੇ 2,000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਮਿਲੇਗੀ। ਇਸ ਤੋਂ ਇਲਾਵਾ, ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਕਣਕ ਦਾ ਬੀਜ ਮੁਫ਼ਤ ਮੁਹਈਆ ਕਰਵਾਇਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਕਿਸਾਨ ਸਬਸਿਡੀ ਦਾ ਲਾਭ ਪ੍ਰਾਪਤ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰਤ ਪੋਰਟਲ, www.agrimachinarypb.com 'ਤੇ ਰਜਿਸਟਰ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਸਿਰਫ਼ ਉਨ੍ਹਾਂ ਕਿਸਾਨਾਂ ਨੂੰ ਹੀ ਸਬਸਿਡੀ ਮਿਲੇਗੀ ਜਿਨ੍ਹਾਂ ਨੂੰ ਵਿਭਾਗ ਵੱਲੋਂ ਯੋਗ ਪਾਇਆ ਗਿਆ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਛਾਣੇ ਗਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੂਚੀਬੱਧ ਕੀਤੇ ਕਿਸਾਨਾਂ ਨੂੰ ਮੁਫ਼ਤ ਕਣਕ ਦਾ ਬੀਜ ਮੁਹਈਆ ਕਰਵਾਇਆ ਜਾਵੇਗਾ।
ਡਾਕਟਰ ਸੁਖਬੀਰ ਸਿੰਘ ਸੰਧੂ ਨੇ ਅਪੀਲ ਕੀਤੀ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਸ ਯੋਜਨਾ ਦਾ ਪੂਰਾ ਲਾਭ ਲੈਣ ਲਈ ਪੋਰਟਲ 'ਤੇ ਰਜਿਸਟਰ ਕਰਨ ਦੀ ਅਪੀਲ ਕੀਤੀ।