ਕਾਰ ਸਵਾਰ ਲੁਟੇਰੇ ਔਰਤ ਕੋਲੋਂ ਸੋਨੇ ਦੀ ਬਾਲੀ਼ ਖੋਹ ਕੇ ਹੋਏ ਫਰਾਰ
ਫ਼ਤਿਹਗੜ੍ਹ ਸਾਹਿਬ ਵਿਖੇ ਚੋਰਾਂ ਨੂੰ ਨਹੀਂ ਪੁਲਿਸ ਦਾ ਡਰ
ਗੁਰਪ੍ਰੀਤ ਸਿੰਘ ਜਖਵਾਲੀ
ਫਤਹਿਗੜ੍ਹ ਸਾਹਿਬ 15 ਅਕਤੂਬਰ 2025: ਦਿਨ ਦਿਹਾੜੇ 9 ਵਜੇ ਦੇ ਕਰੀਬ ਕਾਰ ਸਵਾਰ ਲੁਟੇਰੇ ਇੱਕ ਔਰਤ ਕੋਲੋਂ ਸੋਨੇ ਦੀ ਬਾਲੀ਼ ਖੋਹ ਕੇ ਫ਼ਰਾਰ ਹੋ ਗਏ। ਪਰਮਿੰਦਰ ਕੌਰ ਪਤਨੀ ਪਰਮਜੀਤ ਸਿੰਘ ਚੀਮਾ, ਵਾਸੀ ਸਰਹਿੰਦ ਸ਼ਹਿਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਸਵੇਰੇ 9 ਵਜੇ ਦੇ ਕਰੀਬ ਗੁਰਦੁਆਰਾ ਸ਼ੀਸ਼ਗੰਜ ਵਿਖੇ ਮੱਥਾ ਟੇਕਣ ਉਪਰੰਤ ਮਾਤਾ ਚਕਰੇਸ਼ਵਰੀ ਹਸਪਤਾਲ ਵਿਖੇ ਥੈਰੈਪੀ ਕਰਵਾਉਣ ਲਈ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਕਿ ਇੰਨੇ ਨੂੰ ਇੱਕ ਸਫੈਦ ਰੰਗ ਦੀ ਕਾਰ ਉਸ ਕੋਲ ਆ ਕੇ ਰੁਕੀ, ਜਿਸ ਵਿੱਚ ਇੱਕ ਡਰਾਈਵਰ ਤੇ ਪਿੱਛੇ ਦੋ ਔਰਤਾਂ ਸਵਾਰ ਸਨ।
ਉਹਨਾਂ ਦੱਸਿਆ ਕਿ ਉਕਤ ਔਰਤਾਂ ਨੇ ਗੱਲਾਂ ਵਿੱਚ ਲਗਾ ਕੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਤੇ ਰਸਤੇ ਵਿੱਚ ਉਸਦੇ ਸੱਜੇ ਕੰਨ ਦੀ ਬਾਲੀ਼ ਖੋਹ ਕੇ ਅੱਗੇ ਜਾ ਕੇ ਉਸਨੂੰ ਕਾਰ ਵਿੱਚੋਂ ਹੇਠਾਂ ਧੱਕਾ ਦੇ ਕੇ ਫ਼ਰਾਰ ਹੋ ਗਏ। ਇੱਥੇ ਜਿਕਰਯੋਗ ਹੈ ਕਿ ਗੁਰਦੁਆਰਾ ਸ਼ੀਸ਼ਗੰਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ਦੇ ਬਿਲਕੁਲ ਨਜਦੀਕ ਹੈ, ਜਿਸ ਤੋਂ ਸਾਫ ਹੈ ਕਿ ਉਹਨਾਂ ਨੂੰ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ। ਇੱਥੇ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਅਜਿਹੀਆਂ ਵਾਰਦਾਤਾਂ ਨੂੰ ਬੇਖੌਫ਼ ਹੋ ਕੇ ਅੰਜਾਮ ਦੇ ਰਹੇ ਹਨ।
ਪਰਮਿੰਦਰ ਕੌਰ ਨੇ ਦੱਸਿਆ ਕਿ ਉਸਨੇ ਪੁਲਿਸ ਥਾਣਾ ਫ਼ਤਿਹਗੜ੍ਹ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਉਸਦੀ ਮੰਗ ਹੈ ਕਿ ਅਜਿਹੇ ਚੋਰਾਂ ਨੂੰ ਕਾਬੂ ਕਰਕੇ ਉਸਨੂੰ ਇਨਸਾਫ ਦਿਵਾਇਆ ਜਾਵੇ ਤੇ ਉਸਦੀ ਬਾਲੀ਼ ਵਾਪਿਸ ਕਰਵਾਈ ਜਾਵੇ। ਇਸ ਸਬੰਧੀ ਫ਼ਤਿਹਗੜ੍ਹ ਸਾਹਿਬ ਥਾਣਾ ਮੁਖੀ ਇੰਸਪੈਕਟਰ ਇੰਦਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਵਗੈਰਾ ਚੈੱਕ ਕਰਵਾ ਕੇ ਜਲਦ ਚੋਰਾਂ ਨੂੰ ਕਾਬੂ ਕਰ ਲੈਣਗੇ।