ਕੈਬਿਨਟ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜ੍ਹਤਾਂ ਨੂੰ ਫਸਲਾਂ ਤੇ ਮਕਾਨਾਂ ਦੇ ਖਰਾਬੇ ਦੇ 1 ਕਰੋੜ ਤੋਂ ਵਧੇਰੇ ਦੀ ਮੁਆਵਜ਼ਾ ਰਾਸੀ ਦੇ ਮਨਜ਼ੂਰੀ ਪੱਤਰ ਵੰਡੇ
ਕਿਹਾ, ਮੁੱਖ ਮੰਤਰੀ ਦੀ ਨਿਵੇਕਲੀ ਪਹਿਲਕਦਮੀ ਦੀਵਾਲੀ ਤੋਂ ਪਹਿਲਾ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਵੰਡਣਾ ਰਹੀ ਸਫਲ
ਸਾਨੂੰ ਸਾਡੀ ਬਹਾਦਰ ਕੌਮ ਤੇ ਮਾਣ ਜਿਸ ਨੇ ਇਸ ਕੁਦਰਤੀ ਆਫਤ ਦਾ ਡੱਟ ਕੇ ਸਾਹਮਣਾ ਕੀਤਾ
ਫਾਜ਼ਿਲਕਾ 15 ਅਕਤੂਬਰ 2025…
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇੱਕ ਨਿਵੇਕਲੀ ਪਹਿਲਕਦਮੀ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਦੀਵਾਲੀ ਤੋਂ ਪਹਿਲਾ ਮੁਆਵਜ਼ਾ ਵੰਡਣ ਦੀ ਸੀ ਤਾਂ ਜੋ ਹੜ੍ਹ ਪ੍ਰਭਾਵਿਤ ਲੋਕਾਂ ਦੀ ਦੀਵਾਲੀ ਵੀ ਰੁਸ਼ਨਾ ਸਕੇ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪੀੜ੍ਹਤਾਂ ਨੂੰ ਫਸਲਾਂ ਤੇ ਮਕਾਨਾਂ ਦੇ ਖਰਾਬੇ ਦੇ 1 ਕਰੋੜ 5 ਲੱਖ ਤੋਂ ਵਧੇਰੇ ਦੀ ਮੁਆਵਜ਼ਾ ਰਾਸੀ ਦੇ ਮਨਜ਼ੂਰੀ ਪੱਤਰ ਵੰਡਣ ਮੌਕੇ ਕੀਤਾ। ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ. ਨਰਿੰਦਰਪਾਲ ਸਿੰਘ ਸਵਨਾ, ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਅਤੇ ਵਿਧਾਇਕ ਬੱਲੂਆਣਾ ਅਮਨਦੀਪ ਸਿੰਘ ਗੋਲਡੀ ਮੁਸਾਫਿਰ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸ.ਡੀ.ਐੱਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ, ਐੱਸ.ਡੀ.ਐੱਮ ਫਾਜ਼ਿਲਕਾ ਵੀਰਪਾਲ ਕੌਰ ਅਤੇ ਐੱਸ.ਡੀ.ਐੱਮ ਅਬੋਹਰ ਕ੍ਰਿਸ਼ਨਾ ਪਾਲ ਰਾਜਪੂਤ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਮਨਜ਼ੂਰੀ ਪੱਤਰ ਵੰਡਣ ਦੇ ਪਹਿਲੇ ਪੜਾਅ ਤਹਿਤ ਤਹਿਸੀਲ ਜਲਾਲਾਬਾਦ ਦੇ ਕਮਿਊਨਿਟੀ ਹਾਲ ਪਿੰਡ ਕਾਹਨੇਵਾਲਾ ਵਿਖੇ ਪਿੰਡ ਢੰਡੀ ਖੁਰਦ ਦੇ ਹੜ੍ਹ ਪੀੜਤਾਂ ਨੂੰ 24 ਲੱਖ 41 ਹਜ਼ਾਰ 375 ਰੁਪਏ, ਫਾਜ਼ਿਲਕਾ ਦੇ ਪਿੰਡ ਬਹਿਕ ਹਸਤਾ ਉਤਾੜ ਵਿਖੇ ਕੁੱਲ 9 ਲੱਖ 47 ਹਜ਼ਾਰ 375 ਰੁਪਏ, ਤਹਿਸੀਲ ਅਬੋਹਰ ਦੇ ਪਿੰਡ ਧਰਮਪੁਰਾ ਦੇ ਲਾਭਪਾਤਰੀਆਂ ਨੂੰ 71 ਲੱਖ 22 ਹਜ਼ਾਰ 500 ਰੁਪਏ ਦੇ ਮਨਜੂਰੀ ਪੱਤਰ ਵੰਡੇ ਗਏ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਜੋ ਦੀਵਾਲੀ ਤੋਂ ਪਹਿਲਾ ਇਹ ਮੁਆਵਜ਼ਾ ਵੰਡਣ ਦਾ ਹੜ੍ਹ ਪੀੜਤ ਲੋਕਾਂ ਨਾਲ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ, ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਵਿਧਾਇਕ ਬੱਲੂਆਣਾ ਸ੍ਰੀ. ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਧੰਨਵਾਦੀ ਹਨ ਜਿਨ੍ਹਾਂ ਜੋ ਕਿਹਾ ਉਹ ਕਰ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਦੀ ਸਰਕਾਰ ਨੇ ਪਹਿਲੀ ਵਾਰ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਦਿੱਤਾ ਹੈ ਤੇ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਮੁਆਵਜ਼ਾ ਇੱਕ ਮਹੀਨੇ ਦੇ ਸਮੇਂ ਵਿੱਚ ਹੀ ਦੀਵਾਲੀ ਤੋਂ ਪਹਿਲਾ ਦਿੱਤਾ ਜਾ ਰਿਹਾ ਹੈ ਜੋ ਕਿ ਕਾਫੀ ਸਲਾਹੁਣਯੋਗ ਕਾਰਜ ਹੈ।