ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ
ਪ੍ਰਮੋਦ ਭਾਰਤੀ
ਨਵਾਂਸ਼ਹਿਰ 13 ਸਤੰਬਰ,2025
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਸ਼ਨਿਚਰਵਾਰ ਨੂੰ ਜ਼ਿਲ੍ਹੇ ਵਿੱਚ ਬਰਸਾਤ ਦੇ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਆਸ਼ਾ ਵਰਕਰਾਂ ਦੁਆਰਾ ਘਰ-ਘਰ ਸਰਵੇਖਣ, ਡਾਕਟਰਾਂ ਦੀ ਅਗਵਾਈ ਹੇਠ ਮੈਡੀਕਲ ਜਾਂਚ ਕੈਂਪ ਲਗਾਉਣ, ਪਾਣੀ ਅਤੇ ਜੀਵਾਣੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉੱਚ ਸਿਹਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵਿੱਚ ਸਾਡੀ ਅਸਲੀ ਚੁਣੌਤੀ ਉਦੋ ਸ਼ੁਰੂ ਹੁੰਦੀ ਹੈ, ਜਦੋਂ ਪਾਣੀ ਘੱਟ ਜਾਂਦਾ ਹੈ। ਭਾਰੀ ਬਰਸਾਤ ਤੋਂ ਬਾਅਦ ਦੇ ਉਪਾਵਾਂ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਸਾਡਾ ਮੁੱਖ ਧਿਆਨ ਹੁਣ ਜਾਗਰੂਕਤਾ ਬਚਾਅ ਤੇ ਮੈਡੀਕਲ ਸਹਾਇਤਾ 'ਤੇ ਹੈ। ਇਸ ਲਈ ਦਵਾਈਆਂ ਸਮੇਤ ਮੈਡੀਕਲ ਸਾਜੋ-ਸਮਾਨ ਦੀ ਉਪਲੱਬਧਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜੀਵਾਣੂਆਂ ਤੇ ਦੂਸ਼ਿਤ ਪਾਣੀ ਰਾਹੀਂ ਬਿਮਾਰੀਆਂ ਫੈਲਣ ਨੂੰ ਰੋਕਣ ਲਈ ਜੰਗੀ ਪੱਧਰ ’ਤੇ ਰੋਕਥਾਮ ਉਪਾਅ ਸ਼ੁਰੂ ਕੀਤੇ ਜਾਣ।
ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਡੇਂਗੂ ਸਮੇਤ ਮੱਛਰਾਂ ਦੇ ਕੱਟਣ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਘਰ-ਘਰ ਸਰਵੇਖਣ ਤੇ ਫੋਗਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਪਾਣੀ ਦੀ ਸੈੰਪਲਿੰਗ, ਕਲੋਰੀਨੇਸ਼ਨ ਤੇ ਲੋਕਾਂ ਵਿੱਚ ਨਿੱਜੀ ਸਵੱਛਤਾ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਪ੍ਰਭਾਵਿਤ ਇਲਾਕਿਆਂ ‘ਚ ਬਿਮਾਰੀ ਫੈਲਣ ਤੋਂ ਰੋਕਣ ਲਈ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। ਇਸ ਲਈ ਇੱਕ ਵੀ ਕੀਮਤੀ ਜਾਨ ਇਲਾਜ ਜਾਂ ਦਵਾਈ ਪੱਖੋਂ ਨਹੀਂ ਜਾਣੀ ਚਾਹੀਦੀ। ਇਹ ਗਤੀਵਿਧੀਆਂ ਨਿਰੰਤਰ ਜਾਰੀ ਰੱਖੀਆਂ ਜਾਣ ਤਾਂ ਜੋ ਲੋਕਾਂ ਦੀ ਸਿਹਤ ਸੁਰੱਖਿਆ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਨੇ ਨਾਗਰਿਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿਪੀਣ ਲਈ ਸਾਫ ਪਾਣੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ ਅਤੇ ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਪੀਣਾ ਚਾਹੀਦਾ ਹੈ। ਇੰਫੈਕਸ਼ਨ ਨਾਲ ਹੋਣ ਵਾਲੀਆਂ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਸਮੇਂ-ਸਮੇਂ 'ਤੇ ਹੱਥ ਧੋਣ ਲਈ ਸਾਬਣ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਬਰਸਾਤ ਦੇ ਪਾਣੀ ਨਾਲ ਗਿੱਲੇ ਹੋਏ ਖਾਣੇ ਨੂੰ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਬੁਖਾਰ ਜਾਂ ਦਸਤ ਦੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਇਲਾਜ ਆਪ ਨਹੀਂ ਕਰਨਾ ਚਾਹੀਦਾ, ਸਗੋਂ ਨੇੜਲੇ ਸਿਹਤ ਕੇਂਦਰ ਵਿੱਚ ਜਾਂਚ ਕਰਵਾਉਣੀ ਚਾਹੀਦੀ ਹੈ। ਜੇਕਰ ਕਿਸੇ ਥਾਂ 'ਤੇ ਇੰਫੈਕਸ਼ਨ ਦੇ ਤਿੰਨ ਤੋਂ ਵੱਧ ਕੇਸ ਧਿਆਨ ਵਿੱਚ ਆਉਣ ਤਾਂ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕਰਨਾ ਚਾਹੀਦਾ ਹੈ।