ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਆਲੇ ਦੁਆਲੇ ਕੰਕਰੀਟ ਦੇ ਡੰਗੇ ਲਗਾਉਣ ਦੀ ਸੇਵਾ ਹੋਈ ਸ਼ੁਰੂ - ਹਰਜੋਤ ਸਿੰਘ ਬੈਂਸ
ਮਜ਼ਬੂਤ ਡੰਗੇ ਬਣਾ ਕੇ ਬਰਸਾਤੀ ਪਾਣੀ ਤੋਂ ਗੁਰਦੁਆਰਾ ਸਾਹਿਬ ਦਾ ਆਲਾ ਦੁਆਲਾ ਕੀਤਾ ਜਾਵੇਗਾ ਸੁਰੱਖਿਅਤ – ਕੈਬਨਿਟ ਮੰਤਰੀ
ਨੌਜਵਾਨਾਂ ਨੇ ਕੈਬਨਿਟ ਮੰਤਰੀ ਦੀ ਅਗਵਾਈ ਵਿੱਚ ਕੀਤੀ ਸੇਵਾ ਅਰੰਭ
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 13 ਸਤੰਬਰ,2025
ਬਰਸਾਤਾਂ ਦੇ ਮੌਸਮ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਅਤੇ ਪਹਾੜਾਂ ਤੋ ਵੱਧ ਮਾਤਰਾ ਵਿਚ ਪਾਣੀ ਆਉਣ ਅਤੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਬਹੁਤ ਸਾਰੇ ਇਲਾਕੇ ਹੜ੍ਹਾਂ ਦੇ ਪ੍ਰਭਾਵ ਵਿਚ ਆਏ ਹਨ। ਬਾਬਾ ਗੁਰਦਿੱਤਾ ਜੀ ਗੁਰਦੁਆਰਾ ਸਾਹਿਬ ਕੀਰਤਪੁਰ ਸਾਹਿਬ ਦੀ ਇਮਾਰਤ ਨੂੰ ਵੀ ਢਾਹ ਲੱਗੀ ਹੈ ਅਤੇ ਇਸ ਖਾਰ ਨੂੰ ਪੂਰਨ ਅਤੇ ਆਲਾ ਦੁਆਲਾ ਮਜਬੂਤ ਕੰਕਰੀਟ ਨਾਲ ਬਣਾਉਣ ਲਈ ਇਲਾਕੇ ਦੇ ਨੌਜਵਾਨਾਂ ਨੇ ਸੇਵਾ ਸੁਰੂ ਕੀਤੀ ਹੈ ਅਸੀ ਉਨ੍ਹਾਂ ਦਾ ਉਤਸ਼ਾਹ ਵਧਾਉਣ ਅਤੇ ਖੁੱਦ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਇੱਕੱਠੇ ਹੋਏ ਹਾਂ, ਜਲਦੀ ਹੀ ਇਸ ਗੁਰਦੁਆਰਾ ਸਾਹਿਬ ਦਾ ਆਲਾ ਦੁਆਲਾ ਸੁਰੱਖਿਅਤ ਕੀਤਾ ਜਾਵੇਗਾ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਰਸਾਤ ਕਾਰਨ ਗੁਰਦੁਆਰਾ ਛੇਵੀ ਪਾਤਸ਼ਾਹ ਨਾਲ ਸੰਬੰਧਤ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਸੀ। ਨੌਜਵਾਨਾਂ ਦੀ ਲਗਨ ਅਤੇ ਸੇਵਾ ਭਾਵਨਾ ਨਾਲ ਹਜ਼ਾਰਾਂ ਬੋਰੀਆਂ ਰੇਤ ਤੇ ਮਿੱਟੀ ਦੀਆਂ ਵਰਤ ਕੇ ਇਸ ਪਵਿੱਤਰ ਸਥਾਨ ਨੂੰ ਨੁਕਸਾਨ ਤੋ ਬਚਾਇਆ ਗਿਆ ਹੈ।
ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹੁਣ ਸੰਤ ਮਹਾਂਪੁਰਸ਼ਾ ਦੇ ਹੁਕਮ ਅਨੁਸਾਰ ਇੱਥੇ ਵੱਡੇ ਪੱਧਰ ‘ਤੇ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸੇਵਾ ਦੌਰਾਨ ਡਿਊੜੀ ਦੇ ਆਲੇ-ਦੁਆਲੇ ਖੇਤਰ ਨੂੰ ਚੌੜਾ ਕਰਨ ਦੇ ਨਾਲ-ਨਾਲ ਵੱਡੀ ਪਾਰਕਿੰਗ ਦੀ ਸੁਵਿਧਾ ਦਿੱਤੀ ਜਾਵੇਗੀ। ਸ.ਬੈਂਸ ਨੇ ਕਿਹਾ ਕਿ ਇਹ ਪ੍ਰਬੰਧ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸੰਗਰਾਦ, ਹੋਲਾ ਮਹੱਲਾ ਅਤੇ ਹੋਰ ਵੱਡੀਆਂ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੇਵਾ ਦੌਰਾਨ ਬੱਜਰੀ, ਰੇਤਾ ਅਤੇ ਹੋਰ ਸਮੱਗਰੀ ਦੀ ਲੋੜ ਦੱਸੀ ਗਈ ਹੈ। ਇਲਾਕੇ ਦੀ ਸੰਗਤ ਵੱਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਨੌਜਵਾਨਾਂ ਦੀ ਟੀਮ ਅੱਗੇ ਰਹੇਗੀ ਅਤੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਆਰ.ਸੀ.ਸੀ. ਕੰਕਰੀਟ ਦਾ ਕੰਮ ਵੀ ਕੀਤਾ ਜਾਵੇਗਾ। ਇਸ ਸੇਵਾ ਦਾ ਮਕਸਦ ਸਿਰਫ਼ ਪਾਰਕਿੰਗ ਤੇ ਸਹੂਲਤਾਂ ਬਣਾਉਣਾ ਹੀ ਨਹੀਂ, ਸਗੋਂ ਗੁਰੂ ਘਰ ਦੀ ਇਮਾਰਤ ਨੂੰ ਹਮੇਸ਼ਾਂ ਲਈ ਸੁਰੱਖਿਅਤ ਤੇ ਮਜਬੂਤ ਕਰਨਾ ਹੈ।
ਸ.ਬੈਂਸ ਨੇ ਕਿਹਾ ਕਿ ਜਿੱਥੇ ਵੀ ਕਿਤੇ ਇਸ ਮੌਸਮ ਦੌਰਾਨ ਕੋਈ ਵੀ ਨੁਕਸਾਨ ਹੋਇਆ ਹੈ, ਸਾਡੇ ਇਲਾਕੇ ਦੇ ਨੌਜਵਾਨਾਂ, ਆਪ ਵਲੰਟੀਅਰਾਂ, ਪੰਚਾਂ, ਸਰਪੰਚਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਲਾਕੇ ਦੇ ਹੋਰ ਪ੍ਰਭਾਵਿਤ ਖੇਤਰਾਂ ਵਿੱਚ ਸਪੈਸ਼ਲ ਗਿਰਦਾਵਰੀ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਪ੍ਰਭਾਵਿਤ ਖੇਤਰਾਂ ਵਿੱਚ ਮੈਡੀਕਲ ਟੀਮਾਂ ਅਤੇ ਪਸ਼ੂਆਂ ਲਈ ਵੈਟਨਰੀ ਡਾਕਟਰ ਪਹੁੰਚੇ ਹੋਏ ਹਨ। ਸਾਰੇ ਪ੍ਰਭਾਵਿਤ ਪਿੰਡਾਂ ਵਿਚ ਦਵਾਈ ਦਾ ਛਿੜਕਾਓ ਵੀ ਕੀਤਾ ਜਾ ਰਿਹਾ ਹੈ।
ਇਸ ਮੋਕੇ ਕਮਿੱਕਰ ਸਿੰਘ ਢਾਡੀ ਹਲਕਾ ਕੁਆਰਡੀਨੇਟਰ, ਦਇਆ ਸਿੰਘ ਹਲਕਾ ਸਿੱਖਿਆ ਕੁਆਰਡੀਨੇਟਰ, ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ,ਪਰਮਿੰਦਰ ਸਿੰਘ ਜਿੰਮੀ, ਸ਼ੰਮੀ ਬਰਾਰੀ, ਗੁਰਪ੍ਰੀਤ ਸਿੰਘ ਅਰੋੜਾ, ਟਰੱਕ ਯੂਨੀਅਨ ਪ੍ਰਧਾਨ ਤਰਲੋਚਨ ਸਿੰਘ ਲੋਚੀ, ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆ, ਗੁਰਚਰਨ ਸਿੰਘ ਬੇਲੀਆ, ਗਗਨਦੀਪ ਸਿੰਘ ਭਰਾਜ ਹਾਜ਼ਰ ਸਨ।