ਪੀਏਯੂ ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਨੂੰ ਨਰਮੇ ਬਾਰੇ ਖੋਜ ਲਈ ਇਮਦਾਦ ਹਾਸਿਲ ਹੋਈ
ਫਰੀਦਕੋਟ 9 ਸਤੰਬਰ ( ਪਰਵਿੰਦਰ ਸਿੰਘ ਕੰਧਾਰੀ) ਪੀਏਯੂ ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਵਿਖੇ ਖੋਜ ਕਰ ਰਹੇ ਮਾਹਿਰ ਡਾ. ਮਨਦੀਪ ਕੌਰ ਨੂੰ ਭਾਰਤ ਸਰਕਾਰ ਦੇ ਬਾਇਓਤਕਨਾਲੋਜੀ ਵਿਭਾਗ ਦਾ ਖੋਜ ਪ੍ਰੋਜੈਕਟ ਹਾਸਿਲ ਹੋਇਆ ਹੈ। ਡਾ ਮਨਦੀਪ ਕੌਰ ਇਸ ਸਮੇਂ ਖੇਤਰੀ ਕੇਂਦਰ ਫਰੀਦਕੋਟ ਅਤੇ ਰਾਸ਼ਟਰੀ ਬੋਟੈਨੀਕਲ ਖੋਜ ਸੰਸਥਾਨ (ਐਨਬੀਆਰਆਈ), ਲਖਨਊ ਵਿਚ ਸਹਿਯੋਗੀ ਪ੍ਰੋਜੈਕਟ ਖੋਜ ਫੈਲੋ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੂੰ ਨਰਮੇ ਦੀ ਮਿਲੀਬੱਗ ਅਤੇ ਚਿੱਟੀ ਮੱਖੀ ਦੇ ਵਿਰੁੱਧ ਪ੍ਰਭਾਵਸ਼ੀਲਤਾ ਨੂੰ ਬਿਹਤਰ ਬਣਾਉਣ ਲਈ ਵੱਕਾਰੀ ਬਾਇਓਟੈਕਨਾਲੋਜੀ ਵਿਭਾਗ ਬਾਇਓਕੇਅਰ ਗ੍ਰਾਂਟ ਪ੍ਰਾਪਤ ਹੋਈ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਲਾਭਦਾਇਕ ਫੰਗੀ ਨੂੰ ਜੈਨੇਟਿਕ ਤੌਰ 'ਤੇ ਵਧਾ ਕੇ ਨਰਮੇ ਦੀ ਕਾਸ਼ਤ ਵਿੱਚ ਦੋ ਸਭ ਤੋਂ ਵਿਨਾਸ਼ਕਾਰੀ ਕੀੜਿਆਂ, ਮਿਲੀਬੱਗ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੋਜ ਕਰਨਾ ਹੈ।
ਇਹ ਗ੍ਰਾਂਟ ਤਿੰਨ ਸਾਲਾਂ ਦੀ ਮਿਆਦ ਲਈ 75,000 ਰੁਪਏ ਮਾਸਿਕ ਫੈਲੋਸ਼ਿਪ ਦੇ ਨਾਲ ਹੀ ਪ੍ਰਤੀ ਸਾਲ ਲਗਭਗ 10 ਲੱਖ ਰੁਪਏ ਦੀ ਫੁਟਕਲ ਰਾਸ਼ੀ ਉਪਲਬਧ ਕਰਾਏਗੀ। ਡਾ. ਮਨਦੀਪ ਕੌਰ ਇਸ ਪ੍ਰੋਜੈਕਟ ਵਿਚ ਮੁੱਖ ਨਿਗਰਾਨ ਵਜੋਂ ਸੇਵਾ ਨਿਭਾਉਣਗੇ। ਉਹ ਤਿੰਨ ਸਾਲਾਂ ਦੀ ਮਿਆਦ ਲਈ ਪ੍ਰਿੰਸੀਪਲ ਕੀਟ ਵਿਗਿਆਨੀ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਕੰਮ ਕਰਨਗੇ। ਪੀ.ਏ.ਯੂ. ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਅਤੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਡਾ. ਮਨਦੀਪ ਕੌਰ ਉਨ੍ਹਾਂ ਦੇ ਸਲਾਹਕਾਰ ਡਾ. ਸਤਨਾਮ ਸਿੰਘ ਅਤੇ ਕੇਂਦਰ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।