Babushahi Special ਡੇਰਾ ਸਿਰਸਾ ਪੈਰੋਕਾਰਾਂ ਦਾ ਅਹਿਦ :ਮਸ਼ਾਲਾਂ ਬਾਲ ਕੇ ਚੱਲਣਾ-ਜਦੋਂ ਤੱਕ ਰਾਤ ਬਾਕੀ ਹੈ
ਅਸ਼ੋਕ ਵਰਮਾ
ਫਾਜ਼ਿਲਕਾ,8 ਸਤੰਬਰ 2025:ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਹੜ੍ਹ ਪੀੜਤਾਂ ਦੇ ਜਖਮਾਂ ਤੇ ਮੱਲ੍ਹਮ ਲਾਉਣ ਦੇ ਪ੍ਰੋਗਰਾਮ ਤਹਿਤ ਅੱਜ ਡੇਰਾ ਪੈਰੋਕਾਰਾਂ ਦਾ ਕਾਫਲਾ ਫਾਜਿਲ੍ਹਕਾ ਜਿਲ੍ਹੇ ਦੇ ਉਨ੍ਹਾਂ ਇਲਾਕਿਆਂ ’ਚ ਪੁੱਜ ਗਿਆ ਹੈ ਜਿੱਥੇ ਪਾਣੀ ਨੇ ਸਭ ਤੋਂ ਵੱਧ ਮਾਰ ਪਾਈ ਹੈ। ਕਈ ਪਿੰਡ ਤਾਂ ਅਜਿਹੇ ਹਨ ਜਿੰਨ੍ਹਾਂ ’ਚ ਦਰਿਆਈ ਪਾਣੀ ਜਿਆਦਾਤਰ ਪ੍ਰੀਵਾਰਾਂ ਵੱਲੋਂ ਜੋੜਿਆ ਤਿਣਕਾ ਤਿਣਕਾ ਬਹਾ ਕੇ ਲੈ ਗਿਆ ਹੈ ਅਤੇ ਲੋਕ ਇਸ ਵਕਤ ਕਾਫੀ ਔਕੜਾਂ ’ਚ ਫਸੇ ਹੋਏ ਹਨ। ਫਾਜ਼ਿਲਕਾ ਜਿਲ੍ਹੇ ਦੇ ਮਹਾਤਮ ਨਗਰ ,ਤੇਜਾ ਰੁਹੇਲਾ, ਚੱਕ ਰੁਹੇਲਾ ,ਰੇਤੇ ਵਾਲੀ ਭੈਣੀ ,ਗੁਲਾਬਾ ਭੈਣੀ ਅਤੇ ਢਾਣੀ ਸੱਦਾ ਸਿੰਘ ਸਮੇਤ ਸਰਹੱਦੀ ਇਲਾਕੇ ਦੀਆਂ ਕਰੀਬ ਇੱਕ ਦਰਜਨ ਪਿੰਡ ਤੇ ਢਾਣੀਆਂ ਅਜਿਹੀਆਂ ਹਨ ਜਿਨ੍ਹਾਂ ਦੀ ਹੜ੍ਹਾਂ ਕਾਰਨ ਲੋਕਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਪਈ ਹੈ।
ਅਜਿਹੀਆਂ ਰਿਪੋਰਟਾਂ ਨੂੰ ਦੇਖਦਿਆਂ ਕੁੱਝ ਦਿਨ ਪਹਿਲਾਂ ਡੇਰਾ ਸਿਰਸਾ ਮੁਖੀ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਵੱਲੋਂ ਦਿੱਤੇ ਸੱਦੇ ਤਹਿਤ ਰਾਹਤ ਸਮੱਗਰੀ ਵੰਡਣ ਦਾ ਫੈਸਲਾ ਹੋਇਆ ਸੀ। ਇਸੇ ਪ੍ਰੋਗਰਾਮ ਦੇ ਅਧਾਰ ਤੇ ਪੀੜਤ ਪ੍ਰੀਵਾਰਾਂ ਤੱਕ ਰਾਹਤ ਸਮੱਗਰੀ ਪੁਜਦੀ ਕਰਨ ਲਈ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ ਜਿੰਨ੍ਹਾਂ ਦੀ ਅਗਵਾਈ ਡੇਰਾ ਸਿਰਸਾ ਦੇ ਸੀਨੀਅਰ ਆਗੂ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਹੈ। ਫਾਜ਼ਿਲਕਾ ਜਿਲ੍ਹੇ ਵਿੱਚ ਅੱਜ ਸ਼ਾਹ ਸਤਿਨਾਮ ਜੀ ਵੈਲਫੇਅਰ ਕਮੇਟੀ ਦੇ ਵਲੰਟੀਅਰਾਂ ਨੇ ਰਾਹਤ ਸਮੱਗਰੀ ਵੰਡਣ ਦਾ ਕਾਰਜ ਸ਼ੁਰੂ ਕੀਤਾ ਹੈ। ਜਿਲ੍ਹਾ ਪ੍ਰਸ਼ਾਸ਼ਨ ਤਰਫੋਂ ਰਾਹਤ ਸਮੱਗਰੀ ਲਿਜਾਣ ਵਾਲੀਆਂ ਇਸ ਕਾਫਲੇ ਦੀਆਂ 33 ਟਰਾਲੀਆਂ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਫਾਜ਼ਿਲਕਾ ਤੋਂ ਨਾਇਬ ਤਹਿਸੀਲਦਾਰ ਫਾਜ਼ਿਲਕਾ ਮੈਡਮ ਅਰਾਧਨਾ ਖੋਸਲਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਹੈ।
.jpg)
ਇਸ ਰਾਹਤ ਸਮੱਗਰੀ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਕਰੀਬ 500 ਸੇਵਾਦਾਰਾਂ ਵੱਲੋਂ ਲੋੜਵੰਦਾਂ ਨੂੰ ਉਹਨਾਂ ਤੱਕ ਪੁੱਜ ਕੇ ਵੰਡਿਆ ਜਾਵੇਗਾ। ਜ਼ਿਲ੍ਹਾ ਫਾਜ਼ਿਲਕਾ ’ਚ ਰਾਹਤ ਟੀਮਾਂ ਦੀ ਅਗਵਾਈ ਕਰ ਰਹੇ ਸਟੇਟ ਕਮੇਟੀ ਸੇਵਾਦਾਰ ਗੁਰਮੇਲ ਸਿੰਘ ਇੰਸਾਂ, ਨੱਥਾ ਸਿੰਘ ਇੰਸਾਂ, ਸੁਭਾਸ਼ ਸੁਖੀਜਾ ਇੰਸਾਂ ਅਤੇ ਵਨੀਤ ਇੰਸਾਂ ਆਦਿ ਨੇ ਦੱਸਿਆ ਕਿ ਇੰਨ੍ਹੀਂ ਦਿਨੀ ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੇ ਵੱਡੀ ਗਿਣਤੀ ਜਿਲਿ੍ਹਾਂਆਂ ਵਿੱਚ ਡੇਰਾ ਸੱਚਾ ਸੌਦਾ ਵੱਲੋਂ ਰਾਹਤ ਸਮੱਗਰੀ ਲਗਾਤਾਰ ਵੰਡੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕੜੀ ਤਹਿਤ ਅੱਜ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਹੜ ਪੀੜਤ ਇਲਾਕਿਆਂ ਦੇ ਵਿੱਚ ਪਹੁੰਚ ਕੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਰਾਹਤ ਸਮੱਗਰੀ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਰਾਹਤ ਸਮੱਗਰੀ ਵਿਚਲਾ ਸਮਾਨ
ਡੇਰਾ ਸੱਚਾ ਸੌਦਾ ਦੀ ਤਰਫੋਂ ਘਰੇਲੂ ਰਸੋਈ ਦੀ ਵਰਤੋਂ ਦਾ ਸਮਾਨ ਜਿਸ ਵਿੱਚ ਚਾਹ, ਖੰਡ, ਆਟਾ, ਲੂਣ, ਮਿਰਚ, ਤੇਲ, ਹਲਦੀ, ਦਵਾਈਆਂ ਆਦਮੀਆਂ ਲਈ ਤੇ ਪਸ਼ੂਆਂ ਲਈ, ਤਰਪਾਲਾਂ, ਮੱਛਰਦਾਨੀਆਂ, ਮੱਛਰ ਤੋਂ ਬਚਾਅ ਲਈ ਦਵਾਈਆਂ, ਪਸ਼ੂਆਂ ਲਈ ਚਾਰੇ ਵਜੋਂ ਵਰਤਿਆਂ ਜਾਂਦਾ ਅਚਾਰ ਆਦਿ ਸ਼ਾਮਲ ਹੈ, ਨੂੰ ਸੇਵਾਦਾਰ ਜਰੂਰਤਮੰਦਾਂ ਸੇਵਾਦਾਰਾਂ ਪਹੁੰਚਾ ਰਹੇ ਹਨ। ਡੇਰਾ ਸਿਰਸਾ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਆਦਿ ਜਿਲਿ੍ਹਆਂ ਦੇ ਹੜ੍ਹ ਪੀੜ੍ਹਤਾਂ ਨੂੰ ਰਾਹਤ ਸਮੱਗਰੀ ਪਹੁੰਚਾਈ ਜਾ ਚੁੱਕੀ ਹੈ ਅਤੇ ਅੱਜ ਫਾਜ਼ਿਲਕਾ ਜਿਲ੍ਹੇ ’ਚ ਵੰਡ ਵੰਡਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਤਹਿ ਦਿਲੋਂ ਧੰਨਵਾਦ : ਨਾਇਬ ਤਹਸੀਲਦਾਰ
ਇਸ ਮੌਕੇ ਰਾਹਤ ਸਮੱਗਰੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਨਾਇਬ ਤਹਿਸੀਲਦਾਰ ਮੈਡਮ ਅਰਾਧਨਾ ਖੋਸਲਾ ਨੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹੜ੍ਹ ਪੀੜਤਾਂ ਲਈ ਜੋ ਰਾਹਤ ਸਮੱਗਰੀ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਖੁਰਾਕ ਵੰਡੀ ਜਾ ਰਹੀ ਹੈ, ਉਹ ਇਨਸਾਨੀਅਤ ਦੀ ਸੇਵਾ ਦੇ ਮਾਮਲੇ ’ਚ ਇੱਕ ਚੰਗੀ ਪਹਿਲਕਦਮੀ ਹੈ।