12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਸ਼ਹਿਰ ਵਿੱਚ ਸੋਗ ਦੀ ਲਹਿਰ
ਰਵਿੰਦਰ ਸਿੰਘ
ਖੰਨਾ: ਖੰਨਾ ਦੇ ਵਿਨੋਦ ਨਗਰ ਵਿੱਚ 12ਵੀਂ ਜਮਾਤ ਦੇ 17 ਸਾਲਾ ਵਿਦਿਆਰਥੀ ਯੋਗੇਸ਼ ਮਲਿਕ ਉਰਫ਼ ਲੱਖੀ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਮੰਦਭਾਗੀ ਘਟਨਾ ਨਾਲ ਪਰਿਵਾਰ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਮ੍ਰਿਤਕ ਦੀ ਮਾਤਾ ਸੁਮਨ ਪਾਲ ਨੇ ਦੱਸਿਆ ਕਿ ਉਹ ਦੁਪਹਿਰ ਨੂੰ ਦਫ਼ਤਰੋਂ ਖਾਣਾ ਖਾਣ ਲਈ ਘਰ ਆਈ ਸੀ। ਉਨ੍ਹਾਂ ਨੂੰ ਦੁਬਾਰਾ ਦਫ਼ਤਰ ਛੱਡਣ ਤੋਂ ਬਾਅਦ, ਯੋਗੇਸ਼ ਆਪਣੀ ਛੋਟੀ ਭੈਣ ਨੂੰ ਸਕੂਲੋਂ ਲੈਣ ਗਿਆ ਸੀ। ਘਰ ਵਾਪਸ ਆ ਕੇ ਉਹ ਆਪਣੇ ਕਮਰੇ ਵਿੱਚ ਚਲਾ ਗਿਆ। ਸ਼ਾਮ ਨੂੰ ਜਦੋਂ ਪਰਿਵਾਰ ਨੇ ਦੇਖਿਆ ਤਾਂ ਉਹ ਪੱਖੇ ਨਾਲ ਲਟਕ ਰਿਹਾ ਸੀ।
ਪਰਿਵਾਰ ਅਤੇ ਗੁਆਂਢੀਆਂ ਅਨੁਸਾਰ, ਯੋਗੇਸ਼ ਨੇ ਕਦੇ ਵੀ ਕਿਸੇ ਨਾਲ ਆਪਣੀ ਪਰੇਸ਼ਾਨੀ ਦਾ ਜ਼ਿਕਰ ਨਹੀਂ ਕੀਤਾ ਸੀ। ਉਸ ਦੇ ਪਿਤਾ ਵਿਨੋਦ ਮਲਿਕ ਆਟੋ ਚਲਾਉਣ ਦੇ ਨਾਲ-ਨਾਲ ਇੱਕ ਕਰਿਆਨੇ ਦੀ ਦੁਕਾਨ ਵੀ ਚਲਾਉਂਦੇ ਹਨ ਅਤੇ ਉਨ੍ਹਾਂ ਨੇ ਪਸ਼ੂ ਵੀ ਰੱਖੇ ਹੋਏ ਹਨ। ਯੋਗੇਸ਼ ਆਪਣੇ ਪਿਤਾ ਦੇ ਕੰਮ ਵਿੱਚ ਵੀ ਹੱਥ ਵਟਾਉਂਦਾ ਸੀ।
ਸਿਵਲ ਹਸਪਤਾਲ ਦੀ ਡਾ. ਫਰੈਂਕੀ ਨੇ ਦੱਸਿਆ ਕਿ ਯੋਗੇਸ਼ ਨੂੰ ਹਸਪਤਾਲ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਸਿਟੀ ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਯੋਗੇਸ਼ ਦੇ ਪਰਿਵਾਰ ਵਿੱਚ ਉਸਦੇ ਮਾਤਾ-ਪਿਤਾ, ਇੱਕ 13 ਸਾਲ ਦੀ ਭੈਣ ਅਤੇ 7 ਸਾਲ ਦਾ ਇੱਕ ਛੋਟਾ ਭਰਾ ਹੈ।