ਵਿਧਾਨ ਸਭਾ ਹਲਕਾ ਦੀਨਾਨਗਰ ਦੇ ਵੱਖ-ਵੱਖ ਵਿਖੇ ਨਸ਼ਾ ਮੁਕਤੀ ਯਾਤਰਾ ਤਹਿਤ ਹੋਈਆਂ ਜਾਗਰੂਕਤਾ ਸਭਾਵਾਂ
- ਨਸ਼ਾ ਮੁਕਤੀ ਯਾਤਰਾ ਮੁਹਿੰਮ ਸੂਬੇ ਵਿਚੋਂ ਨਸ਼ੇ ਨੂੰ ਕਰੇਗੀ ਜੜ੍ਹੋਂ ਖ਼ਤਮ - ਸ਼ਮਸ਼ੇਰ ਸਿੰਘ
ਰੋਹਿਤ ਗੁਪਤਾ
ਦੀਨਾਨਗਰ/ਗੁਰਦਾਸਪੁਰ, 17 ਜੁਲਾਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਨਸ਼ਾ ਮੁਕਤੀ ਯਾਤਰਾ ਪੂਰੇ ਉਤਸ਼ਾਹ ਨਾਲ ਚੱਲ ਰਹੀ ਹੈ ਅਤੇ ਲੋਕਾਂ ਵੱਲੋਂ ਇਸ ਲਹਿਰ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਬੀਤੀ ਸ਼ਾਮ ਨਸ਼ਾ ਮੁਕਤੀ ਯਾਤਰਾ ਹਲਕੇ ਦੇ ਪਿੰਡ ਦਬੁਰਜੀ, ਬਾਲਾ ਪਿੰਡੀ, ਪਿੰਡ ਮਾਨ ਕਲੋਨੀ ਅਤੇ ਰੰਗੜ ਪਿੰਡੀ ਵਿੱਚ ਪਹੁੰਚੀ, ਜਿਸ ਦੀ ਅਗਵਾਈ ਸ਼ਮਸ਼ੇਰ ਸਿੰਘ ਦੀਨਾਨਗਰ ਵੱਲੋਂ ਕੀਤੀ ਗਈ।
ਪਿੰਡ ਦਬੁਰਜੀ, ਬਾਲਾ ਪਿੰਡੀ, ਪਿੰਡ ਮਾਨ ਕਲੋਨੀ ਅਤੇ ਰੰਗੜ ਪਿੰਡੀ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਹੋਈਆਂ ਜਨਤਕ ਸਭਾਵਾਂ ਨੂੰ ਸੰਬੋਧਨ ਕਰਦਿਆਂ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਹਰੇਕ ਨਾਗਰਿਕ ਤੱਕ ਸਿੱਧੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਨਸ਼ਾ ਮੁਕਤੀ ਯਾਤਰਾ ਚਲਾਈ ਜਾ ਰਹੀ ਹੈ ਤਾਂ ਜੋ ਲੋਕਾਂ ਤੋਂ ਸਿੱਧੀ ਫੀਡਬੈਕ ਲੈ ਕੇ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ ਜਾ ਸਕੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦਾ ਮੁਫ਼ਤ ਅਤੇ ਢੁਕਵਾਂ ਇਲਾਜ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਦ੍ਰਿੜ੍ਹਤਾ ਨਾਲ ਪ੍ਰਣ ਕਰਨ ਅਤੇ ਹਰ ਹੀਲੇ ਉਸ ਪ੍ਰਣ ਨੂੰ ਨਿਭਾਉਣ ਵਿੱਚ ਕਿਸੇ ਵੀ ਨਾਗਰਿਕ ਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਇੱਕ ਪਿੰਡ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਕਾਰਜਸ਼ੀਲ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਡਿਫੈਂਸ ਕਮੇਟੀਆਂ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ 'ਤੇ ਬੰਦ ਕਰਵਾਉਣ ਵਿੱਚ ਯੋਗਦਾਨ ਪਾਉਣਗੀਆਂ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਜ਼ਰੂਰ ਹੀ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰੇਗੀ। ਇਸ ਮੌਕੇ ਸ਼ਮਸ਼ੇਰ ਸਿੰਘ ਨੇ ਜਨ ਸਭਾਵਾਂ ਵਿੱਚ ਹਾਜ਼ਰ ਵਿਅਕਤੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਾ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਈ।