ਵਿਦਿਆਰਥੀਆਂ ਨੂੰ ਜੈਬਰਾ ਕਰਾਸਿੰਗ ਰਾਹੀਂ ਸੜਕ ਕਿਵੇਂ ਪਾਰ ਕਰਨੀ ਹੈ ਬਾਰੇ ਕੀਤਾ ਜਾਗਰੂਕ
ਬਟਾਲਾ, 11 ਜੁਲਾਈ
ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਦੇ ਟਰੈਫਿਕ ਐਜ਼ੂਕੇਸ਼ਨ ਸੈੱਲ ਵਲੋਂ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਆਵਾਜਾਈ ਦੇ ਨਿਯਮਾਂ, ਸਾਈਬਰ ਸੁਰੱਖਿਆ ਅਤੇ 112 ਹੈਲਪਲਾਈਨ ਨੰਬਰ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਸ੍ਰੀਮਤੀ ਜਸਵੰਤ ਕੌਰ, ਐਸ.ਪੀ. (ਐੱਚ) ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਸਕਲੂਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਪੈਦਲ ਚਲਣ ਦੇ ਨਿਯਮਾਂ ਅਤੇ ਜੈਬਰਾ ਕਰਾਸਿੰਗ ਰਾਹੀਂ ਸੜਕ ਕਿਵੇਂ ਪਾਰ ਕਰਨੀ ਹੈ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਸੜਕ ਨੂੰ ਪਾਰ ਕਰਨ ਸਮੇਂ ਸੜਕ ਤੇ ਬਣਾਈਆਂ ਗਈਆਂ ਚਿੱਟੀਆਂ ਪੱਟੀਆਂ ਤੇ ਪੈਦਲ ਤੁਰ ਕੇ ਸੜਕ ਪਾਰ ਕਰਨੀ ਚਾਹੀਦੀ ਹੈ।
ਉਨਾਂ ਕਿਹਾ ਕਿ ਦੋ ਪਹੀਆਂ ਵਾਹਨ ਚਾਲਕਾਂ ਨੂੰ ਹੈਲਮੇਟ ਪਾਉਣ ਅਤੇ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੀਟ ਬੈਲਟ ਲਾਜਮੀ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨ੍ਹਾਂ ਗੱਡੀ ਸਪੀਡ ਲਿਮਟ ਅਨੁਸਾਰ ਚਲਾਉਣ, ਲਾਲ ਬੱਤੀ ਤੇ ਰੁਕਣ ਆਦਿ ਦੇ ਨਿਯਮ ਵੀ ਸਮਝਾਏ ਜਾ ਰਹੇ ਹਨ।
ਇਸ ਤੋਂ ਬਿਨ੍ਹਾਂ ਭੀੜ ਭਾੜ ਵਾਲੀਆਂ ਥਾਂਵਾਂ ਤੇ ਕੈਂਪ ਲਗਾ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਟਰੈਫਿਕ ਚਾਲਕਾਂ ਨੂੰ ਕਿਹਾ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ।