ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025: ਦੋਰਾਹਾ ਦੀ ਅਨਮੋਲ ਕੌਰ ਵੱਲੋਂ 3 ਗੋਲਡ ਅਤੇ 1 ਕਾਂਸੇ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ
--- ਅਨਮੋਲ ਕੌਰ ਦੀ ਵਾਪਸੀ ’ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸਨਮਾਨਤ ਕਰਕੇ ਸਵਾਗਤ ਕੀਤਾ
--- ਵਿਧਾਇਕ ਗਿਆਸਪੁਰਾ ਨੇ ਅਨਮੋਲ ਦੀ ਜਿੱਤ ਨੂੰ ਕੌਮੀ ਮਾਣ ਦਾ ਪ੍ਰਤੀਕ ਕਰਾਰ ਦਿੱਤਾ
--- ਖੇਡਦਾ ਪੰਜਾਬ, ਬਦਲਦਾ ਪੰਜਾਬ’ ਤਹਿਤ ਪੰਜਾਬ ਸਰਕਾਰ ਵੱਲੋਂ 13 ਐਕਸੀਲੈਂਸ ਸੈਂਟਰਾਂ ਦੀ ਸਥਾਪਨਾ ਜਾਰੀ
--- ਖੇਡਾਂ ਲਈ ਰਿਕਾਰਡ 979 ਕਰੋੜ ਰੁਪਏ ਦਾ ਬਜਟ ਜਾਰੀ– ਵਿਧਾਇਕ ਗਿਆਸਪੁਰਾ
--- ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਜਾਰੀ
--- ਵਿਧਾਇਕ ਗਿਆਸਪੁਰਾ ਨੇ ਅਨਮੋਲ ਨੂੰ ਦੱਸਿਆ ਨੌਜਵਾਨ ਪੀੜ੍ਹੀ ਲਈ ਰੋਲ ਮਾਡਲ
ਸੁਖਮਿੰਦਰ ਭੰਗੂ
ਦੋਰਾਹਾ, ਪਾਇਲ ਖੰਨਾ (ਲੁਧਿਆਣਾ), 9 ਜੁਲਾਈ:2025 - ਵਰਲਡ ਪੁਲਿਸ ਐਂਡ ਫਾਇਰ ਖੇਡਾਂ 2025 ਯੂ.ਐਸ.ਏ 'ਚ ਦੋਰਾਹਾ ਦੀ ਧੀ ਅਨਮੋਲ ਕੌਰ ਨੇ ਹੈਮਰ ਥਰੋ, ਡਿਸਕਸ ਅਤੇ ਸ਼ੌਟ ਪੁੱਟ ਵਿੱਚ ਗੋਲਡ ਮੈਡਲ ਤੇ ਜੈਵਲਿਨ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਆਪਣੇ ਮਾਤਾ-ਪਿਤਾ, ਸ਼ਹਿਰ ਦੋਰਾਹਾ, ਜ਼ਿਲ੍ਹਾ ਲੁਧਿਆਣਾ, ਪੰਜਾਬ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪੰਜਾਬ ਸਰਕਾਰ ਦੀ ਤਰਫੋਂ ਵਿਧਾਨ ਸਭਾ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਅਨਮੋਲ ਕੌਰ ਦਾ ਦੋਰਾਹਾ ਵਿਖੇ ਪਹੁਚਣ 'ਤੇ ਸਨਮਾਨ ਦੇ ਕੇ ਭਰਵਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ।
ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਦੋਰਾਹਾ ਦੀ ਧੀ ਅਨਮੋਲ ਕੌਰ ਨੇ ਇਤਿਹਾਸ ਰਚਿ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਨਮੋਲ ਕੌਰ ਨੇ 3 ਗੋਲਡ +1 ਕਾਂਸੇ ਦਾ ਮੈਡਲ ਜਿੱਤ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋਰਾਹਾ ਪਹੁੰਚਣ 'ਤੇ ਅਨਮੋਲ ਕੌਰ ਦਾ ਸਨਮਾਨ ਕਰਕੇ ਮੈਨੂੰ ਬੇਹੱਦ ਮਾਣ ਮਹਿਸੂਸ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਅਨਮੋਲ ਦੀ ਜਿੱਤ ਨਹੀਂ, ਸਾਡੀ ਪੂਰੀ ਕੌਮ ਦੀ ਜਿੱਤ ਹੈ। ਸਾਡੀਆਂ ਧੀਆਂ ਵੀ ਹਰ ਖੇਤਰ ਵਿੱਚ ਅੱਗੇ ਹਨ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਸੂਬੇ ਵਿੱਚ ਖੇਡਾਂ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਭਵਿੱਖ ਵਿੱਚ ਪੰਜਾਬ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਖੇਡਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ‘ਖੇਡਦਾ ਪੰਜਾਬ, ਬਦਲਦਾ ਪੰਜਾਬ’ ਪਹਿਲਕਦਮੀ ਤਹਿਤ 13 ਸੈਂਟਰ ਆਫ਼ ਐਕਸੀਲੈਂਸ ਕੇਂਦਰਾਂ ਨੂੰ ਅਡਵਾਂਸ ਅਤੇ ਆਧੁਨਿਕ ਬਣਾਇਆ ਜਾ ਰਿਹਾ ਹੈ ਜੋ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਬਲਾ ਕਰਨ ਵਾਲੇ ਪੰਜਾਬ ਦੇ ਚੈਂਪੀਅਨ ਖਿਡਾਰੀਆਂ ਲਈ ਹੱਬ ਬਣ ਜਾਣਗੇ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਖੇਡ ਵਿਭਾਗ ਨੂੰ 979 ਕਰੋੜ ਰੁਪਏ ਦੇ ਫੰਡ ਜਾਰੀ ਕਰਨ ਦੀ ਵਿਵਸਥਾ ਹੈ, ਜੋ ਕਿ ਪੰਜਾਬ ਦੇ ਇਤਿਹਾਸ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਜਾਰੀ ਹੋਣ ਵਾਲੀ ਰਕਮ ਹੈ ਜੋ ਆਪਣੇ-ਆਪ ਵਿਚ ਪੰਜਾਬ ਵਿੱਚ ਖੇਡਾਂ ਪ੍ਰਤੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ।