ਖੇਤ ਮਜ਼ਦੂਰ ਆਗੂ ਹਰਭਗਵਾਨ ਮੂਣਕ 'ਤੇ ਹਮਲੇ ਦਾ ਮਜ਼ਦੂਰ ਜਥੇਬੰਦੀਆਂ ਨੇ ਲਿਆ ਗੰਭੀਰ ਨੋਟਿਸ
ਅਸ਼ੋਕ ਵਰਮਾ
ਸੰਗਰੂਰ ,26 ਜੂਨ 2025 :ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਸਾਥੀ ਹਰਭਗਵਾਨ ਮੂਣਕ 'ਤੇ ਅੱਜ ਕੁਝ ਗੁੰਡਿਆਂ ਵਲੋਂ ਡੀਐਸਪੀ ਮੂਣਕ ਦੇ ਦਫ਼ਤਰ ਕੋਲ , ਪਿੰਡ ਪਾਪੜਾ ਦੇ ਜਾਗੀਰੂ ਚੌਧਰੀਆਂ ਦੀ ਮਿਲੀ ਭੁਗਤ ਨਾਲ ਕੁਝ ਗੁੰਡਿਆਂ ਵਲੋਂ ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰਕੇ ਮਜ਼ਦੂਰ ਆਗੂ ਨੂੰ ਗੰਭੀਰ ਜ਼ਖ਼ਮੀ ਕਰਨ ਜੇ ਮਾਮਲੇ ਵਿੱਚ ਮਜ਼ਦੂਰ ਜਥੇਬੰਦੀਆਂ ਭੜਕ ਗਈਆਂ ਹਨ। ਅੱਜ ਇਥੋਂ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਆਗੂਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਨੂਰਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ , ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਵਰਾ ਨੇ ਇਸ ਵਾਰਦਾਤ ਦਾ ਤਿੱਖਾ ਨੋਟਿਸ ਲਿਆ ਹੈ।
ਮਜ਼ਦੂਰ ਆਗੂਆਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਪਿੰਡ ਪਾਪੜਾ ਜ਼ਿਲ੍ਹਾ ਸੰਗਰੂਰ ਵਿਖੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਮਾਮਲੇ ਵਿਚ ਮਜ਼ਦੂਰ ਆਗੂ ਹਰਭਗਵਾਨ , ਪੇਂਡੂ ਧਨਾਂਢਾਂ ਦੀਆਂ ਅੱਖਾਂ ਚ ਰੜ੍ਹਕਦਾ ਸੀ ਜਿਸ ਕਰਕੇ ਪਹਿਲਾਂ ਵੀ ਕਈ ਵਾਰੀ ਮਜ਼ਦੂਰ ਆਗੂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ । ਅੱਜ ਇੱਕ ਮਾਮਲੇ ਵਿੱਚ ਪਿੰਡ ਦੇ ਮਜ਼ਦੂਰ , ਪਿੰਡ ਪਾਪੜਾ ਵਿਖੇ ਇਕੱਠੇ ਹੋਏ ਸਨ ਜਿੱਥੇ ਸਾਥੀ ਹਰਭਗਵਾਨ ਮੂਣਕ ਗਏ ਸਨ, ਪਹਿਲਾਂ ਹੰਕਾਰੇ ਹੋਏ ਜਾਗੀਰੂ ਚੌਧਰੀਆਂ ਨੇ ਪਿੰਡ ਵਿੱਚ ਹੀ ਮਜ਼ਦੂਰ ਆਗੂ ਨਾਲ ਹੱਥੋਪਾਈ ਕੀਤੀ ਤੇ ਪਿੰਡ ਦੇ ਮਜ਼ਦੂਰਾਂ ਨੂੰ ਜਾਤੀਸੂਚਕ ਗਾਲੀ ਗਲੋਚ ਕੀਤਾ । ਪਿੰਡ ਦੇ ਮਜ਼ਦੂਰਾਂ ਦੇ ਨਾਲ ਜਦੋਂ ਮਜ਼ਦੂਰ ਆਗੂ ਥਾਣਾ ਮੂਣਕ ਵਿਖੇ ਇਸ ਘਟਨਾ ਦੀ ਸ਼ਿਕਾਇਤ ਕਰਨ ਜਾ ਰਹੇ ਸਨ ਤਾਂ ਪਿੰਡ ਪਾਪੜਾ ਦੇ ਜਾਗੀਰੂ ਚੌਧਰੀਆਂ ਦੇ ਗੁੰਡਿਆਂ ਨੇ ਸ਼ਰੇਬਜਾਰ ਮਜ਼ਦੂਰ ਆਗੂ 'ਤੇ ਹਮਲਾ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਸਾਂਝੇ ਮੋਰਚੇ ਦੇ ਮਜ਼ਦੂਰ ਆਗੂਆਂ ਨੇ ਜਾਤੀਸੂਚਕ ਗਾਲੀ ਗਲੋਚ ਕਰਨ ਵਾਲਿਆਂ ਤੇ ਐੱਸ ਸੀ ਐੱਸਟੀ ਐਕਟ ਲਾਕੇ ਹਮਲਾਵਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।