ਸੁਲਤਾਨਪੁਰ ਲੋਧੀ ਦਾ ਨੌਜਵਾਨ ਬਣਿਆ ਮਿਸਾਲ, ਸਕੇਟਿੰਗ ਰਾਹੀਂ ਪੰਜਾਬ ਤੋਂ ਕੀਤੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 26 ਜੂਨ 2025 - ਪੰਜਾਬ ਵਿੱਚ ਹੁਨਰ ਦੀ ਕੋਈ ਘਾਟ ਨਹੀਂ, ਜੇਕਰ ਨੌਜਵਾਨਾਂ ਨੂੰ ਪਲੇਟਫਾਰਮ ਮਿਲ ਜਾਵੇ ਤੇ ਬਹੁਤ ਚੰਗੀਆਂ ਪ੍ਰਾਪਤੀਆਂ ਹਾਸਲ ਕਰਦੇ ਹਨ। ਕਿਉਕਿ ਪੰਜਾਬ ਨੂੰ ਹੀਰਿਆਂ ਦੀ ਖਾਣ ਕਿਹਾ ਜਾਵੇ ਤਾਂ ਇਸ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ। ਅਜੋਕੇ ਸਮੇਂ ਵਿੱਚ ਜਿੱਥੇ ਪੰਜ ਦਰਿਆਵਾਂ ਦੀ ਧਰਤੀ ਉੱਤੇ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ, ਜਿਸ ਨੇ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਜਿਹੇ ਸਮੇਂ ਵਿੱਚ ਉਸ ਨੌਜਵਾਨ ਦੇ ਰੂਬਰੂ ਕਰਾਉਂਦੇ ਹਾਂ ਕਿ ਜੋ ਵਿਲੱਖਣ ਢੰਗ ਦੇ ਨਾਲ ਸ੍ਰੀ ਹੇਮਕੁੰਟ ਸਾਹਿਬ ਵਿਖੇ ਨਤਮਸਤਕ ਹੁਣ ਉਪਰੰਤ ਸੁਲਤਾਨਪੁਰ ਲੋਧੀ ਵਾਪਸ ਪਰਤਿਆ ਹੈ।
ਖਾਸ ਗੱਲ ਇਹ ਹੈ ਕਿ ਨੌਜਵਾਨ 750 ਕਿਲੋਮੀਟਰ ਸਕੇਟਿੰਗ ਕਰਦਿਆਂ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ 4 ਜੂਨ 2025 ਨੂੰ ਰਵਾਨਾ ਹੋਇਆ ਸੀ ਤੇ ਆਪਣੀ ਅਨੋਖੀ ਧਾਰਮਿਕ ਯਾਤਰਾ 17 ਦਿਨਾਂ ਦਾ ਸਫ਼ਰ ਤੈਅ ਕਰਨ ਮਗਰੋਂ ਹੇਮਕੁੰਟ ਸਾਹਿਬ ਪਹੁੰਚ ਕੇ ਮੁਕੰਮਲ ਕੀਤੀ। ਅੱਜ ਵਾਪਸੀ ਕਰਕੇ ਉਹ ਮੁੜ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਇਆ ਹੈ। ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁ. ਸਾਹਿਬ ਦੇ ਮੈਨੇਜਰ ਭਾਈ ਅਵਤਾਰ ਸਿੰਘ ਨੇ ਪੁਨੀਤ ਸਿੰਘ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ।
ਦੱਸ ਦਈਏ ਕਿ ਇਸ ਨੌਜਵਾਨ ਵੱਲੋਂ ਪਹਿਲਾਂ ਵੀ ਕਈ ਧਾਰਮਿਕ ਯਾਤਰਾਵਾਂ ਇਸੇ ਤਰ੍ਹਾਂ ਕੀਤੀਆਂ ਜਾ ਚੁੱਕੀਆਂ ਹਨ। ਇਸ ਤੋਂ ਪਹਿਲਾਂ ਉਸ ਵੱਲੋਂ ਤਖਤ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਕੇ ਅੰਮ੍ਰਿਤ ਛਕਿਆ ਗਿਆ ਸੀ ਅਤੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਗਈ ਹੈ। ਇਸ ਨੌਜਵਾਨ ਦਾ ਨਾਮ ਪੁਨੀਤ ਸਿੰਘ ਹੈ ਉਮਰ ਮਹਿਜ਼ 17 ਸਾਲ ਹੈ ਤੇ ਇਹ ਨੌਜਵਾਨ ਸੁਲਤਾਨਪੁਰ ਲੋਧੀ ਦੇ ਇੱਕ ਛੋਟੇ ਜਿਹੇ ਪਿੰਡ ਝੱਲ ਲਈ ਵਾਲਾ ਦਾ ਰਹਿਣ ਵਾਲਾ ਹੈ।
ਇਸ ਛੋਟੀ ਜਿਹੀ ਉਮਰ ਵਿੱਚ ਇਹ ਪ੍ਰਾਪਤੀ ਲਈ ਉਸ ਨੇ ਬੇਹਦ ਸੰਘਰਸ਼ ਕੀਤਾ ਹੈ। ਗੱਲਬਾਤ ਕਰਦਿਆਂ ਹੋਇਆਂ ਪੁਨੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਨੂੰ ਬੇਹਦ ਖੁਸ਼ਨਸੀਬ ਮਹਿਸੂਸ ਕਰ ਰਿਹਾ ਹੈ ਕਿ ਉਸ ਨੇ ਗੁਰੂ ਦੀ ਕਿਰਪਾ ਦੇ ਨਾਲ ਇਸ ਯਾਤਰਾ ਨੂੰ ਪੂਰਾ ਕੀਤਾ ਹੈ। ਕਿਉਂਕਿ ਗੁਰੂ ਦਾ ਓਟ ਆਸਰਾ ਲੈ ਕੇ ਹੀ ਉਸ ਨੇ ਆਪਣੀ ਯਾਤਰਾ ਨੂੰ ਪ੍ਰਾਰੰਭ ਕੀਤਾ ਸੀ।
ਉਸਨੇ ਦੱਸਿਆ ਕਿ ਉਹ ਇਸ ਤੋਂ ਪਹਿਲਾਂ ਵੀ ਸ੍ਰੀ ਦਰਬਾਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਵਿਖੇ ਸਕੇਟਿੰਗ ਹੋਇਆ ਧਾਰਮਿਕ ਯਾਤਰਾਵਾਂ ਕਰ ਚੁੱਕਾ ਹੈ। ਹੁਣ ਉਸ ਦੇ ਮਨ ਵਿੱਚ ਸੀ ਕਿ ਕੁਝ ਵੱਡਾ ਕੀਤਾ ਜਾਵੇ ਤਾਂ ਇਹ ਉਸਨੇ ਸਕੇਟਿੰਗ ਕਰਦਿਆਂ ਹੋਇਆਂ ਸ੍ਰੀ ਹੇਮਕੁੰਟ ਸਾਹਿਬ ਜਾਣ ਦਾ ਫੈਸਲਾ ਲਿਆ। ਯਾਤਰਾ ਦੌਰਾਨ ਉਸ ਨੇ ਬਹੁਤ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕੀਤਾ। ਉੱਚਿਆਂ ਪਹਾੜਾਂ ਅਤੇ ਖਰਾਬ ਰਸਤਿਆਂ ਦਾ ਵੀ ਟਾਕਰਾ ਕੀਤਾ। ਉਸ ਨੇ ਦੱਸਿਆ ਕਿ ਉਹ ਆਪਣੇ ਨਾਲ ਇੱਕ 20 ਕਿੱਲੋ ਦਾ ਬੈਗ ਵੀ ਰੱਖਦਾ ਸੀ ਜਿਸ ਵਿੱਚ ਉਹ ਆਪਣਾ ਖਾਣ-ਪੀਣ ਦਾ ਸਮਾਨ ਅਤੇ ਰਾਤ ਸਮੇਂ ਕੈਂਪਿੰਗ ਕਰਨ ਦਾ ਸਮਾਨ ਨਾਲ ਲਿਜਾਂਦਾ ਸੀ।
ਪਰਿਵਾਰ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਉਸ ਨੇ ਦੱਸਿਆ ਕਿ ਉਸ ਦੀ ਮਾਤਾ ਇਸ ਦੁਨੀਆ ਵਿੱਚ ਨਹੀਂ ਹੈ ਆਪਾਂ ਉਸ ਦੇ ਦਾਦਾ ਦਾਦੀ ਨੇ ਉਸ ਨੂੰ ਪਾਲਿਆ ਹੈ ਅਤੇ ਉਸ ਦਾ ਪਰਿਵਾਰ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਿਹਾ ਹੈ। ਇਸ ਦੇ ਬਾਵਜੂਦ ਉਸ ਦਾ ਪਰਿਵਾਰ ਉਸ ਨੂੰ ਇਸ ਕਾਰਜ ਵਿੱਚ ਖੂਬ ਉਤਸਾਹਿਤ ਕਰਦਾ ਹੈ।
ਪੁਨੀਤ ਨੇ ਅੱਗੇ ਦੱਸਿਆ ਕਿ ਉਸ ਦਾ ਸੁਫਨਾ ਹੈ ਕਿ ਉਹ ਸਰਕਾਰੀ ਨੌਕਰੀ ਹਾਸਲ ਕਰੇ ਅਤੇ ਹੋਰ ਬੱਚਿਆਂ ਨੂੰ ਵੀ ਸਕੇਟਿੰਗ ਦੀ ਟ੍ਰੇਨਿੰਗ ਦੇਵੇ। ਉਸ ਨੇ ਦੱਸਿਆ ਕਿ ਉਹ ਫਿਲਹਾਲ ਇਲਾਕੇ ਦੇ ਇੱਕਾ-ਦੁੱਕਾ ਨਿੱਜੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਕੇਟਿੰਗ ਦੀ ਟ੍ਰੇਨਿੰਗ ਦੇ ਰਿਹਾ ਹੈ। ਹੁਣ ਲੋੜ ਹੈ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਨੂੰ ਕਿ ਉਹ ਇਸ ਲੋੜਵੰਦ ਅਤੇ ਨੌਜਵਾਨ ਦੀ ਬਾਂਹ ਫੜੇ ਅਤੇ ਇਸ ਨੂੰ ਹੋਰ ਉਤਸਾਹਿਤ ਕਰੇ।