ਫਗਵਾੜਾ 'ਚ ਪਹਿਲੀ ਵਾਰ ਐਤਵਾਰ ਨੂੰ ਵੀ ਚੁੱਕਿਆ ਗਿਆ 'ਕੂੜਾ'
ਫਗਵਾੜਾ, 2 ਜੂਨ 2025- ਫਗਵਾੜਾ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬੇਹਤਰ ਬਣਾਉਣ ਲਈ ਨਗਰ ਨਿਗਮ, ਫਗਵਾੜਾ ਵੱਲੋਂ ਇੱਕ ਨਵੀਂ ਪਹਿਲ ਦੀ ਸ਼ੁਰੂਆਤ ਕਰਦੇ ਹੋਏ ਸੈਕੰਡਰੀ ਡੰਪਾਂ ਤੇ ਇਕੱਤਰ ਹੋਣ ਵਾਲੇ ਕੂੜੇ ਨੂੰ ਐਤਵਾਰ ਨੂੰ ਵੀ ਉਠਾਇਆ ਗਿਆ। ਫਗਵਾੜੇ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਐਤਵਾਰ ਨੂੰ ਸੈਕੰਡਰੀ ਡੰਪਾਂ ਤੋਂ ਕੂੜਾ ਉਠਾਇਆ ਗਿਆ, ਜਿਸ ਨਾਲ ਹਫਤੇ ਦੇ ਅਖੀਰਲੇ ਦਿਨਾਂ ਵਿੱਚ ਵੱਧਣ ਵਾਲੇ ਕੂੜੇ ਦੀ ਸਮੱਸਿਆ ਤੋਂ ਸ਼ਹਿਰਵਾਸੀਆਂ ਨੂੰ ਰਾਹਤ ਮਿਲੇਗੀ।
ਇਸ ਸਫਾਈ ਮੁਹਿੰਮ ਦੀ ਸ਼ੁਰੂਆਤ ਅੱਜ ਨਗਰ ਨਿਗਮ, ਫਗਵਾੜਾ ਦੇ ਮੇਅਰ ਰਾਮਪਾਲ ਉੱਪਲ, ਡਾ. ਅਕਸ਼ਿਤਾ ਗੁਪਤਾ (ਕਮਿਸ਼ਨਰ, ਨਗਰ ਨਿਗਮ, ਫਗਵਾੜਾ) ਦੀ ਅਗਵਾਈ ਹੇਠ ਸੈਨੇਟਰੀ ਇੰਸਪੈਕਟਰ ਸੇਵਕ ਰਾਮ, ਸੁਪਰਵਾਈਜ਼ਰ ਜੋਗਰਾਜ ਅਤੇ ਹੈਲਥ ਸ਼ਾਖਾ ਦੀ ਸਮੁੱਚੀ ਟੀਮ ਦੀ ਮੌਜੂਦਗੀ ਵਿੱਚ ਗੋਰਮਿੰਟ ਸਕੂਲ ਅਤੇ ਹੁਸ਼ਿਆਰਪੁਰ ਰੋਡ 'ਤੇ ਸਥਿੱਤ ਸੈਕੰਡਰੀ ਡੰਪਾਂ ਤੋਂ ਕੂੜੇ ਦੀ ਸਫਾਈ ਕਰਵਾ ਕੇ ਕੀਤੀ ਗਈ।
ਮੇਅਰ ਰਾਮਪਾਲ ਉੱਪਲ ਨੇ ਕਿਹਾ — ਇਹ ਫਗਵਾੜਾ ਸ਼ਹਿਰ ਲਈ ਇੱਕ ਵੱਡਾ ਕਦਮ ਹੈ। ਹੁਣ ਤੱਕ ਐਤਵਾਰ ਨੂੰ ਸੈਕੰਡਰੀ ਪੁਆਇੰਟਾਂ ਤੋਂ ਕੂੜਾ ਨਹੀਂ ਉਠਾਇਆ ਜਾਂਦਾ ਸੀ, ਜਿਸ ਨਾਲ ਸੈਕੰਡਰੀ ਪੁਆਇੰਟਾਂ ਤੇ ਕੂੜਾ ਵੱਧ ਜਾਂਦਾ ਸੀ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਅੱਜ ਤੋਂ ਇਹ ਸਾਰਾ ਕੁੱਝ ਬਦਲ ਜਾਵੇਗਾ। ਮੇਅਰ ਉੱਪਲ ਨੇ ਕਿਹਾ ਕਿ ਹੁਣ ਤੋਂ ਨਗਰ ਨਿਗਮ ਦੀ ਟੀਮ ਐਤਵਾਰ ਨੂੰ ਵੀ ਕੰਮ ਕਰੇਗੀ ਤਾਂ ਜੋ ਸਫਾਈ ਵਿਵਸਥਾ ਨਿਰੰਤਰ ਬਣੀ ਰਹੇ। ਉਨ੍ਹਾਂ ਇਸ ਮੌਕੇ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ।
ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ ਨੇ ਕਿਹਾ — ਇਸ ਮੌਕੇ ਡਾ. ਅਕਸ਼ਿਤਾ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਨਗਰ ਨਿਗਮ ਦੀ ਇਹ ਪਹਿਲ ਸਾਡੀ ਫਗਵਾੜਾ ਸ਼ਹਿਰ ਦੀ ਸਫਾਈ ਵਿਵਸਥਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਹੁਣ ਤੋਂ ਹਰ ਐਤਵਾਰ ਨੂੰ ਵੀ ਸੈਕੰਡਰੀ ਡੰਪਾਂ ਨੂੰ ਸਾਫ ਕੀਤਾ ਜਾਵੇਗਾ, ਜਿਸ ਨਾਲ ਸਫਾਈ ਵਿਵਸਥਾ ਵਿੱਚ ਹੋਰ ਸੁਧਾਰ ਹੋਵੇਗਾ ਅਤੇ ਸੈਕੰਡਰੀ ਪੁਆਇੰਟਾਂ ਤੇ ਐਤਵਾਰ ਵਾਲੇ ਦਿਨ ਕੂੜਾ ਇਕੱਠਾ ਹੋਣ ਵਾਲੀ ਸਮੱਸਿਆ ਤੋਂ ਸ਼ਹਿਰਵਾਸੀਆਂ ਨੂੰ ਨਿਜ਼ਾਤ ਮਿਲੇਗੀ।
ਡਾ. ਗੁਪਤਾ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਦੀ ਅੱਜ ਤੋਂ ਰਸਮੀ ਸ਼ੁਰੂਆਤ ਕੀਤੀ ਹੈ ਅਤੇ ਹਰ ਐਤਵਾਰ ਨੂੰ ਨਿਰੰਤਰ ਤੌਰ ਤੇ ਸ਼ਹਿਰ ਦੇ ਵੱਖ—ਵੱਖ ਖੇਤਰਾਂ ਵਿੱਚ ਇਹ ਮੁਹਿੰਮ ਜਾਰੀ ਰਹੇਗੀ, ਜਿਸ ਦੌਰਾਨ ਫਗਵਾੜਾ ਸ਼ਹਿਰ ਦੇ ਸੈਕੰਡਰੀ ਪੁਆਇੰਟਾਂ ਤੋਂ ਨਗਰ ਨਿਗਮ ਦੀ ਹੈਲਥ ਸ਼ਾਖਾ ਦੀਆਂ ਟੀਮਾਂ ਨਿਰਧਾਰਿਤ ਸਮੇਂ ਅਨੁਸਾਰ ਸਫਾਈ ਕਰਨਗੀਆਂ ਅਤੇ ਹਫਤੇ ਦੇ ਆਖਰੀ ਦਿਨ ਇਕੱਠਾ ਹੋਣ ਵਾਲੇ ਕੂੜੇ ਦੀ ਸਮੱਸਿਆ ਨੂੰ ਖਤਮ ਕਰਨਗੀਆਂ। ਡਾ. ਗੁਪਤਾ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਕੂੜੇ ਦੀ ਸੈਗਰੀਗੇਸ਼ਨ ਅਤੇ ਜਨਤਕ ਥਾਵਾਂ ਨੂੰ ਸਾਫ ਰੱਖਣ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ। ਇੱਕ ਸਾਫ—ਸੁਥਰਾ ਸ਼ਹਿਰ ਸਾਡੀ ਸਾਰੀਆਂ ਦੀ ਨੈਤਿਕ ਜਿੰਮੇਵਾਰੀ ਅਤੇ ਸਫਾਈ ਵਿਵਸਥਾ ਦੇ ਵਿਵਹਾਰ ਨਾਲ ਬਣਦਾ ਹੈ।