ਪੰਜਾਬ 'ਚ ਹਰ ਕੀਮਤ `ਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ : ਰਮਨ ਬਹਿਲ
ਚੇਅਰਮੈਨ ਰਮਨ ਬਹਿਲ ਵੱਲੋਂ ਪਿੰਡ ਤੁੰਗ, ਵਰਸੋਲਾ ਅਤੇ ਚੌੜ ਸਿੱਧਵਾਂ ਵਿਖੇ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ
ਰੋਹਿਤ ਗੁਪਤਾ
ਗੁਰਦਾਸਪੁਰ, 1 ਜੂਨ ਮੁੱਖ ਮੰਤਰੀ, ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬੇ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸ਼ੁਰੂ ਕੀਤੀ "ਨਸ਼ਾ ਮੁਕਤੀ ਯਾਤਰਾ" ਤਹਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਬੀਤੀ ਸ਼ਾਮ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਤੁੰਗ, ਵਰਸੋਲਾ ਅਤੇ ਚੌੜ ਸਿੱਧਵਾਂ ਵਿਖੇ ਨਸ਼ਿਆਂ ਦੇ ਖਾਤਮੇ ਹਿਤ ਬਣਾਈਆਂ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ।
ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਵਿੱਚ ਹਰ ਕੀਮਤ `ਤੇ ਨਸ਼ਿਆਂ ਦਾ ਖਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 12 ਹਜ਼ਾਰ ਤੋਂ ਵੱਧ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਗਿਆ ਹੈ ਅਤੇ 8600 ਤੋਂ ਵੱਧ ਪਰਚੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਯੁੱਧ ਲਗਾਤਾਰ ਜਾਰੀ ਰਹੇਗਾ ਅਤੇ ਨਸ਼ਿਆਂ ਦੇ ਖਾਤਮੇ ਹਿਤ ਨਸ਼ਾ ਤਸਕਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਰਹੇਗੀ।
ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਪ ਸਰਕਾਰ ਬਣਨ `ਤੇ ਸੂਬਾ ਰੰਗਲਾ ਪੰਜਾਬ ਬਣਨ ਦੇ ਰਾਹ ਪਿਆ ਹੈ ਅਤੇ ਪੰਜਾਬ ਵਿੱਚ ਨਸ਼ਾ ਕਿਸੇ ਵੀ ਕੀਮਤ ਉੱਤੇ ਵੀ ਰਹਿਣ ਨਹੀਂ ਦਿੱਤਾ ਜਾਵੇਗਾ। ਉਹਨਾਂ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਡੱਟ ਕੇ ਕੰਮ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਿਹੜੇ ਨਸ਼ਾ ਪੀੜਤ ਹਨ, ਸਰਕਾਰ ਵੱਲੋਂ ਉਹਨਾਂ ਦਾ ਮੁਫ਼ਤ ਇਲਾਜ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਆਪਣਾ ਇਖਲਾਕੀ ਫ਼ਰਜ਼ ਸਮਝਦੇ ਹੋਏ ਨਸ਼ਿਆਂ ਵਿਰੁੱਧ ਇਸ ਯੁੱਧ ਵਿੱਚ ਆਪਣਾ ਮੋਹਰੀ ਯੋਗਦਾਨ ਪਾਉਣ।
ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ, ਸੀਨੀਅਰ ਆਪ ਆਗੂ ਸੁੱਚਾ ਸਿੰਘ ਮੁਲਤਾਨੀ. ਬਲਾਕ ਪ੍ਰਧਾਨ ਤੇ ਟਰੱਸਟੀ ਹਿਤੇਸ਼ ਮਹਾਜਨ, ਰਾਕੇਸ਼ ਸ਼ਰਮਾ, ਦਵਿੰਦਰ ਸਿੰਘ ਹੈਪੀ, ਰੋਬਿਨ, ਰੁਪੇਸ਼ ਬਿੱਟੂ ਸਰਤਾਜ, ਸਰਪੰਚ ਜਗਰੀਪ ਸਿੰਘ, ਆਪ ਯੂਥ ਕੋਆਰਡੀਨੇਟਰ ਤਲਵਿੰਦਰ ਸਿੰਗ, ਸਰਪੰਚ ਗੁਰਦੇਵ ਸਿੰਘ, ਸਰਪੰਚ ਜਸਪਾਲ ਸਿੰਘ ਤੁੰਗ, ਸਰਪੰਚ ਸੁੱਚਾ ਸਿੰਘ ਵਰਸੋਲਾ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਗੋਲਡੀ, ਸਰਪੰਚ ਮਨਜਿੰਦਰ ਸਿੰਘ ਸਿੱਧਵਾਂ, ਸਰਪੰਚ ਵਿਕਰਮ ਸਿੰਘ ਚੌੜ ਤੋਂ ਇਲਾਵਾ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਤੇ ਇਲਾਕੇ ਦੇ ਮੁਹਤਬਰ ਹਾਜ਼ਰ ਸਨ।