ਸਿੱਖਿਆ ਮੰਤਰੀ ਨੇ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
ਪ੍ਰਮੋਦ ਭਾਰਤੀ
ਨੰਗਲ 31 ਮਈ,2025
ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਵਿੱਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਮੁਤਾਬਿਕ ਚਲਾਈ ਸਿੱਖਿਆ ਕ੍ਰਾਂਤੀ ਦੀ ਲਹਿਰ ਨਾਲ ਪੰਜਾਬ ਦੇ ਹਰ ਸਰਕਾਰੀ ਸਕੂਲ ਦਾ ਵਿਕਾਸ ਕਰਵਾਇਆ ਗਿਆ ਹੈ। ਹਜ਼ਾਰਾ ਸਕੂਲਾਂ ਦੀ ਚਾਰਦੀਵਾਰੀ, ਕਲਾਸਰੂਮ, ਲੈਬੋਰਟਰੀ, ਲਾਈਬ੍ਰੇਰੀ, ਖੇਡ ਮੈਦਾਨ, ਟਾਈਲਟ ਬਲਾਕ, ਇੰਟਰੈਕਟਿਵ ਪੈਨਲ ਲਗਾ ਕੇ ਸਰਕਾਰੀ ਸਕੂਲਾਂ ਨੂੰ ਅਤਿ ਆਧੁਨਿਕ ਸਹੂਲਤਾਂ ਨਾਲ ਲੈਂਸ ਕੀਤਾ ਗਿਆ ਹੈ।
ਅੱਜ ਆਪਣੇ ਹਲਕੇ ਦੇ ਇੱਕ ਦਰਜਨ ਤੋ ਵੱਧ ਸਰਕਾਰੀ ਸਕੂਲਾਂ ਦੇ ਵਿਸੇਸ਼ ਦੌਰੇ ਤੇ ਪਹੁੰਚੇ ਸਿੱਖਿਆ ਮੰਤਰੀ ਨੇ 183.44 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ। ਸਰਕਾਰੀ ਸੀਨੀ.ਸੈਕੰਡਰੀ ਸਕੂਲ ਬਿਭੋਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਜ਼ਾਰਾ ਕਰੋੜ ਰੁਪਏ ਦੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ, ਜਦੌਂ ਕਿ ਇਸ ਤੋਂ ਕਈ ਗੁਣਾਂ ਵੱਧ ਵਿਕਾਸ ਕਾਰਜ ਕਰਵਾਉਣ ਦੀ ਤਜਵੀਜ਼ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਗਈ ਹੈ, ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਅੱਜ 31 ਮਈ ਨੂੰ ਜਦੋਂ ਸਕੂਲ ਗਰਮੀਆਂ ਦੀਆਂ ਸਰਕਾਰੀ ਛੁੱਟੀਆਂ ਲਈ ਬੰਦ ਹੋ ਜਾਣਗੇ, ਉਸ ਸਮੇਂ ਸਰਕਾਰੀ ਸਕੂਲਾਂ ਵਿਚ ਪਹੁੰਚੇ ਮਾਪਿਆਂ ਨੇ ਅਧਿਆਪਕਾਂ ਨਾਲ ਬਹੁਤ ਹੀ ਉਤਸ਼ਾਹ ਨਾਲ ਆਪਣੇ ਬੱਚਿਆ ਬਾਰੇ ਚਰਚਾ ਕੀਤੀ ਹੈ ਅਤੇ ਸਾਰਥਕ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਹੈ ਕਿ ਜਦੋ ਵਿਦਿਆਰਥੀਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਰਕ ਬੁੱਕ ਦਿੱਤੀ ਗਈ ਹੈ, ਜਿਸ ਨਾਲ ਵਿਦਿਆਰਥੀ ਰੋਚਕ ਤੇ ਉਮੰਗ ਨਾਲ ਗਰਮੀਆਂ ਦੀਆਂ ਛੁੱਟੀਆ ਦੌਰਾਨ ਵਿਦਿੱਆ ਨਾਲ ਜੁੜੇ ਰਹਿਣਗੇ। ਸਰਕਾਰੀ ਸਕੂਲਾਂ ਵਿਚ ਜਿੱਥੇ ਬੁਨਿਆਦੀ ਢਾਂਚੇ ਦਾ ਚਹੁੰ ਮੁਖੀ ਵਿਕਾਸ ਹੋਇਆ ਹੈ, ਉਥੇ ਸਰਕਾਰੀ ਸਕੂਲਾਂ ਵਿੱਚ ਕੈਂਪਸ ਮੈਨੇਜਰ, ਟ੍ਰਾਸਪੋਰਟ, ਸੁਰੱਖਿਆ ਗਾਰਡ, ਵਾਈਫਾਈ, ਵਰਗੀਆਂ ਸਹੂਲਤਾਂ ਉਪਲੱਬਧ ਹੋਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕੀਰਤਪੁਰ ਸਾਹਿਬ ਵਿੱਚ 12 ਕਰੋੜ, ਸ੍ਰੀ ਅਨੰਦਪੁਰ ਸਾਹਿਬ ਵਿਚ 5 ਕਰੋੜ, ਨੰਗਲ ਸਰਕਾਰੀ ਸਕੂਲ ਲੜਕੇ ਅਤੇ ਲੜਕੀਆਂ ਵਿਚ 9 ਕਰੋੜ, ਸਿਵਾਲਿਕ ਕਾਲਜ ਨੰਗਲ ਅਤੇ ਮੋਜੋਵਾਲ ਸੀ ਪਾਈਟ ਕੈਂਪ ਵਿਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿੱਚ ਸੂਟਿੰਗ ਰੇਂਜ, ਆਲ ਵੈਦਰ ਸਵੀਮਿੰਗ ਪੂਲ, ਐਸਟ੍ਰੋਟਰਫ ਖੇਡ ਦੇ ਮੈਦਾਨ, ਨਵੀਆਂ ਇਮਾਰਤਾ ਦੀ ਉਸਾਰੀ ਦਾ ਕੰਮ ਵੀ ਚੱਲ ਰਿਹਾ ਹੈ।
ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਨੰਗਲ ਵਿੱਚ ਸੁੰਦਰੀਕਰਨ ਪ੍ਰੋਜੈਕਟ ਲਿਆ ਰਹੇ ਹਾਂ, ਕਰੋੜਾਂ ਰੁਪਏ ਨਾਲ ਕੁਦਰਤ ਦੀਆਂ ਰਮਣੀਕ ਵਾਦੀਆਂ ਨੇੜੇ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਗੋਦ ਵਿੱਚ ਵਸੇ ਇਸ ਸ਼ਹਿਰ ਦੇ ਸੁੰਦਰੀਕਰਨ ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀ ਪੰਜਾਬ ਦੇ ਹੱਕ ਤੇ ਹਿੱਤ ਲਈ ਪਾਣੀਆਂ ਦੀ ਜੰਗ ਜਿੱਤੀ ਹੈ, ਪਾਣੀਆਂ ਤੇ ਪਹਿਰੇਦਾਰੀ ਕੀਤੀ ਹੈ ਅੱਜ ਪੰਜਾਬ ਦੇ ਕਿਸਾਨ ਇੱਕ ਜੂਨ ਤੋ ਝੋਨੇ ਦੀ ਲਵਾਈ ਲਈ ਤਿਆਰੀ ਕਰ ਰਹੇ ਹਨ, ਕਿਸਾਨਾ ਦੇ ਖੇਤਾਂ ਤੱਕ ਪੰਜਾਬ ਦੀਆਂ ਨਹਿਰਾਂ ਦਾ ਪਾਣੀ ਪਹੁੰਚਾਉਣ ਲਈ ਮਾਨ ਸਰਕਾਰ ਨੇ ਵਿਆਪਕ ਯੋਜਨਾ ਉਲੀਕੀ ਹੈ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਵਾਰ ਵਾਰ ਸਰਕਾਰ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਪਾਬੰਦੀਸੁਦਾ ਝੋਨੇ ਦੇ ਬੀਜ ਨਾ ਲਗਾਏ ਜਾਣ, ਕਿਸਾਨਾਂ ਨੂੰ ਬਾਅਦ ਵਿਚ ਮੰਡੀਕਰਨ ਲਈ ਇਹ ਵੱਡੀ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕੇਵਲ ਸਿਫਾਰਿਸ਼ ਕੀਤੀਆ ਕਿਸਮਾਂ ਦਾ ਝੋਨਾ ਹੀ ਲਗਾਇਆ ਜਾਵੇ, ਜਿਸ ਨੂੰ ਮੰਡੀ ਵਿਚ ਵੇਚਣ ਸਮੇਂ ਕੋਈ ਮੁਸ਼ਕਿਲ ਨਹੀ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਜਿਹੜੇ ਬਿਭੋਰ ਸਾਹਿਬ, ਸਵਾਮੀਪੁਰ, ਬਾਸ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪਾਣੀ ਦੀ ਕਿੱਲਤ ਹੈ, ਉਹ ਮਾਮਲਾ ਹੁਣ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੇ ਧਿਆਨ ਵਿਚ ਆ ਚੁੱਕਾ ਹੈ ਅਤੇ ਅਸੀ ਇਨ੍ਹਾਂ ਇਲਾਕਿਆਂ ਲਈ ਕਰੋੜਾ ਰੁਪਏ ਦੀ ਲਿਫਟ ਸਿੰਚਾਈ ਯੋਜਨਾ ਤਿਆਰ ਕਰਕੇ ਪਾਣੀ ਪਹੁੰਚਾਉਣ ਲਈ ਵਚਨਬੱਧ ਹਾਂ। ਉਨ੍ਹਾਂ ਨੇ ਦੱਸਿਆ ਕਿ ਚੰਗਰ ਵਿੱਚ ਲਿਫਟ ਸਿੰਚਾਈ ਯੋਜਨਾਂ ਚੱਲ ਰਹੀ ਹੈ।
ਸ.ਬੈਂਸ ਨੇ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਸਵਾਮੀਪੁਰ ਵਿੱਚ ਹੋਲੀਸਟਿਕ ਪਲਾਨ ਲਈ 21.89 ਲੱਖ ਤੇ ਨਵੇ ਏਸੀਆਰ ਲਈ 7.51 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਕਲਸੇੜਾ ਵਿਚ ਹੋਲੀਸਟਿਕ ਪਲਾਨ ਲਈ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਰਾਮਪੁਰ ਸਾਹਨੀ ਵਿੱਚ ਨਵੀਨੀਕਰਨ ਲਈ 14.05 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮੋਜੋਵਾਲ ਵਿਚ ਹੋਲੀਸਟਿਕ ਪਲਾਨ ਲਈ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਛੋਟੇਵਾਲ ਵਿਚ ਹੋਲੀਸਟਿਕ ਪਲਾਨ ਲਈ 10 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਮਹਿਲਵਾ ਵਿੱਚ 11.70 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੂਰੇਵਾਲ ਵਿੱਚ 24.91 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਸੁਖਸਾਲ ਵਿੱਚ 15.37 ਲੱਖ ਰੁਪਏ, ਸਰਕਾਰੀ ਪ੍ਰਾਇਮਰੀ ਸਕੂਲ ਕੁਲਗਰਾਂ ਵਿੱਚ 4.55 ਲੱਖ ਰੁਪਏ, ਸਰਕਾਰੀ ਮਿਡਲ ਸਕੂਲ ਸਵਾਮੀਪੁਰ ਵਿੱਚ ਨਵੀਨੀਕਰਨ 3 ਲੱਖ ਰੁਪਏ, ਸਰਕਾਰੀ ਹਾਈ ਸਕੂਲ ਕੁਲਗਰਾਂ ਵਿੱਚ ਨਵੀਨੀਕਰਨ ਲਈ 8.45 ਲੱਖ ਰੁਪਏ, ਸਰਕਾਰੀ ਸੀਨੀ.ਸੈਕੰ.ਸਕੂਲ ਬਿਭੋਰ ਸਾਹਿਬ ਵਿੱਚ ਕਲਾਸ ਰੂਮ 17.81 ਲੱਖ ਰੁਪਏ , ਸਰਕਾਰੀ ਸੀਨੀ.ਸੈਕੰ.ਸਕੂਲ ਸੁਖਸਾਲ ਵਿੱਚ ਸਾਇੰਸ ਲੈਬ 14.77 ਲੱਖ ਤੇ ਨਵੀਨੀਕਰਨ ਲਈ 9.43 ਲੱਖ ਰੁਪਏ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ, ਉਨ੍ਹਾਂ ਨੇ ਇਨ੍ਹਾਂ ਸਕੂਲਾਂ ਵਿਚ ਆਏ ਮਾਪਿਆਂ, ਇਲਾਕੇ ਦੇ ਪਤਵੰਤਿਆਂ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਨਸ਼ਾ ਮੁਕਤ ਪੰਜਾਬ ਸਿਰਜਣ ਲਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਤਹਿਤ ਆਲਾ ਦੁਆਲਾ ਨਸ਼ਾ ਮੁਕਤ ਕਰਨ ਦੀ ਸਹੁੰ ਚੁਕਵਾਈ।
ਇਸ ਮੌਕੇ ਸੁਰਿੰਦਰਪਾਲ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ, ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਮੋਹਿਤ ਦੀਵਾਨ, ਨਿਸ਼ਾਤ ਗੁਪਤਾ, ਹਿਤੇਸ ਸਰਮਾ ਦੀਪੂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ,ਐਡਵੋਕੇਟ ਨਿਸ਼ਾਤ ਗੁਪਤਾ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਨਿਤਿਨ ਬਾਸੋਵਾਲ, ਸਚਿਨ, ਰਣਧੀਰ ਸਿੰਘ ਪੰਚ, ਦੀਪਕ ਪੰਚ, ਰਮਨ ਪੰਚ, ਰਣਜੀਤ ਸਿੰਘ, ਸ਼ੇਰ ਸਿੰਘ, ਸੱਜਣ ਸਿੰਘ, ਗੁਰਮੀਤ ਸਿੰਘ, ਰਣਧੀਰ ਸਿੰਘ, ਅਨਿਲ ਕੁਮਾਰ, ਗੁਰਮੀਤ ਸਿੰਘ, ਮੋਹਿਤ ਦੀਵਾਨ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।