ਤੰਬਾਕੂ ਦੀ ਵਰਤੋਂ ਕੈਂਸਰ ਹੋਂਣ ਦਾ ਪ੍ਰਮੁੱਖ ਕਾਰਨ - ਡਾ. ਰਮਨਦੀਪ ਸਿੰਗਲਾ ਕਾਰਜ਼ਕਾਰੀ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 31 ਮਈ 2025:ਪੰਜਾਬ ਸਰਕਾਰ ਅਤੇ ਸਿਵਲ ਸਰਜਨ ਬਠਿੰਡਾ ਡਾ ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾ ਅਤੇ ਜਿਲ੍ਹਾ ਸਿਹਤ ਅਫ਼ਸਰ ਕਮ ਕੋਟਪਾ ਨੋਡਲ ਅਫ਼ਸਰ ਡਾ ਊਸ਼ਾ ਗੋਇਲ ਦਾ ਅਗਵਾਈ ਹੇਠ ਸੇਂਟ ਜੇਵੀਅਰ ਸਕੂਲ ਦੇ ਬੱਚਿਆ ਨੂੰ ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਤੰਬਾਕੂ ਨਾ ਖਾਣ ਦੀ ਸਹੁੰ ਚੁਕਵਾਈ ਗਈ ਅਤੇ ਤੰਬਾਕੂ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕੀਤਾ ਗਿਆ । ਉਹਨਾਂ ਦੱਸਿਆ ਕਿ ਵਿਸ਼ਵ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਤੰਬਾਕੂ ਦੀ ਵਰਤੋਂ ਦੇ ਖ਼ਿਲਾਫ ਜਾਗਰੂਕਤਾ ਫੈਲਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਨੁਕਸਾਨਾਂ ਤੋਂ ਬਚਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਤੰਬਾਕੂ ਛੱਡਣ ਲਈ ਪ੍ਰੇਰਿਤ ਕਰਨਾ ਅਤੇ ਤੰਬਾਕੂ ਦੇ ਖ਼ਿਲਾਫ ਨੀਤੀਆਂ ਨੂੰ ਵਧਾਵਾ ਦੇਣਾ ਹੈ।
ਤੰਬਾਕੂ ਸਿਰਫ਼ ਨਸ਼ੀਲਾ ਪਦਾਰਥ ਹੀ ਨਹੀਂ, ਸਗੋਂ ਇਹ ਕਈ ਖ਼ਤਰਨਾਕ ਬਿਮਾਰੀਆਂ ਜਿਵੇਂ ਕਿ ਫੇਫੜਿਆਂ ਦਾ ਕੈਂਸਰ, ਦਿਲ ਦੀਆਂ ਬਿਮਾਰੀਆਂ, ਸਾਂਸ ਦੀ ਬਿਮਾਰੀ ਅਤੇ ਮੌਤ ਦਾ ਕਾਰਨ ਵੀ ਬਣਦਾ ਹੈ। ਵਿਸ਼ਵ ਭਰ ਵਿੱਚ ਲੱਖਾਂ ਲੋਕ ਹਰ ਸਾਲ ਤੰਬਾਕੂ ਕਾਰਨ ਆਪਣੀ ਜਾਨ ਗਵਾ ਬੈਠਦੇ ਹਨ। ਇਸ ਦਿਨ ਰਾਹੀਂ ਵਿਦਿਆਰਥੀਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। ਸਿਹਤਮੰਦ ਸਮਾਜ ਦੀ ਨਿਰਮਾਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਤੰਬਾਕੂ ਦੀ ਵਰਤੋਂ ਖ਼ਤਮ ਕਰੀਏ ਅਤੇ ਹੋਰਨਾਂ ਨੂੰ ਵੀ ਇਸ ਤੋਂ ਬਚਾਵਣ ਦੀ ਕੋਸ਼ਿਸ਼ ਕਰੀਏ। ਦੁਨੀਆਂ ਭਰ ਵਿੱਚ ਹੋਣ ਵਾਲੀਆਂ ਮੌਤਾਂ ਅਤੇ ਬਿਮਾਰੀਆਂ ਦਾ ਇੱਕ ਸਭ ਤੋਂ ਵੱਡਾ ਕਾਰਨ ਤੰਬਾਕੂ ਹੈ । ਤੰਬਾਕੂ ਚਬਾਉਣ ਨਾਲ ਮੂੰਹ ਦਾ ਕੈਂਸਰ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ । ਉਹਨਾਂ ਕਿਹਾ ਕਿ ਜੋ ਵਿਅਕਤੀ ਸਿਗਰਟਨੋਸ਼ੀ ਕਰਦਾ ਹੈ ਉਸ ਲਈ ਤਾਂ ਉਸਦਾ ਧੂੰਆਂ ਖਤਰਨਾਕ ਹੈ ਹੀ ਪਰੰਤੂ ਜੋ ਸਿਗਰਟਨੋਸ਼ੀ ਨਾ ਕਰਨ ਵਾਲਾ ਵਿਅਕਤੀ ਕੋਲ ਬੈਠਾ ਹੈ ਉਸਦੇ ਲਈ ਵੀ ਉਹ ਉਨਾਂ ਹੀ ਖਤਰਨਾਕ ਹੈ ।
ਉਹਨਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਲਈ ਸਿਗਰਟ ਦਾ ਧੂੰਆਂ ਬੇਹੱਦ ਖਤਰਨਾਕ ਹੈ, ਇਸ ਨਾਲ ਮਾਂ ਦੇ ਗਰਭ ਦਾ ਬੱਚਾ ਵਿਕਲਾਂਗ ਜਾਂ ਮਰਿਆ ਹੋਇਆ ਪੈਦਾ ਹੋ ਸਕਦਾ ਹੈ । ਜਿਸ ਲਈ ਕੋਟਪਾ ਐਕਟ ਤਹਿਤ ਜਨਤਕ ਥਾਵਾਂ ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀ ਲਈ ਜੁਰਮਾਨਾ ਕੀਤਾ ਜਾਂਦਾ ਹੈ । ਕਿਸੇ ਵੀ ਵਿਦਿਅਕ ਸੰਸਥਾ ਦੇ ਸੌ ਮੀਟਰ ਦੇ ਘੇਰੇ ਵਿੱਚ ਤੰਬਾਕੂ ਉਤਪਾਦ ਵੇਚਣ, 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਤੰਬਾਕੂ ਉਤਪਾਦ ਵੇਚਣ, ਤੰਬਾਕੂ ਉਤਪਾਦਾਂ ਦੀ ਮਸ਼ਹੂਰੀ ਅਤੇ ਡਿਸਪਲੇ ਕਰਨ, ਲੂਜ ਸਿਗਰਟ ਵੇਚਣ ਆਦਿ ਤੇ ਵੀ ਜੁਰਮਾਨਾ ਅਤੇ ਸਜਾ ਹੋ ਸਕਦੇ ਹਨ । ਉਹਨਾ ਦੱਸਿਆ ਕਿ ਸਿਗਰਟ ਵਿੱਚ ਚਾਰ ਹਜਾਰ ਰਸਾਇਣਿਕ ਤੱਤ ਹੁੰਦੇ ਹਨ ਜਿਸ ਵਿੱਚ 200 ਜ਼ਹਿਰ ਵਾਲੇ ਅਤੇ 60 ਕੈਂਸਰ ਪੈਦਾ ਕਰਨ ਵਾਲੇ ਤੱਤ ਹੁੰਦੇ ਹਨ, ਜਿਸ ਨਾਲ ਕੈਂਸਰ, ਫੇਫੜਿਆਂ ਦਾ ਕੈਂਸਰ, ਦਿਲ ਦੇ ਰੋਗ, ਨਿਮੋਣੀਆਂ , ਦਮਾ ਰੋਗ, ਨਿਪੁੰਨਸੁਕਤਾ ਆਦਿ ਹੋ ਸਕਦੇ ਹਨ । ਇਸ ਮੌਕੇ,ਜਿਲ੍ਹਾ ਐਪੀਡੀਮਾਲੋਜਿਸਟ ਡਾ ਸੁਕਰਿਤੀ, ਡਿਪਟੀ ਮਾਸ ਮੀਡੀਆ ਅਫ਼ਸਰ ਰੋਹਿਤ ਜਿੰਦਲ, ਬੀ.ਈ.ਈ ਗਗਨਦੀਪ ਸਿੰਘ ਭੁੱਲਰ,ਬੀ.ਈ.ਈ ਹਰਜਿੰਦਰ ਕੌਰ,ਐਸ.ਆਈ ਬੂਟਾ ਸਿੰਘ ਅਤੇ ਸੇਂਟ ਜੇਵੀਅਰ ਦਾ ਸਟਾਫ ਕੋਆਰਡੀਨੇਟਰ ਨੂਪੁਰ, ਜਸਪਾਲ,ਪਲਵੀ ਗਰਗ, ਜੋਤੀ,ਅਮਨ,ਰਜਿਤ,ਬੱਬਲ ਅਤੇ ਅਰਚਨਾ ਗੁਪਤਾ ਹਾਜ਼ਰ ਸਨ ।