ਘਸੋਖਾਨਾ ਸੀਵਰੇਜ਼ ਪਾਈਪ ਲਾਈਨ: ਹੌਲਦਾਰਾ ਚੱਲ ਵੱਟ ਲੈ ਮੁੱਕਾ ਕਿਸਾਨ ਨਹੀਂ ਲੰਘਣ ਦੇਣਾ ਕੋਈ ਸੁੱਕਾ
ਅਸ਼ੋਕ ਵਰਮਾ
ਬਠਿੰਡਾ, 29 ਮਈ 2025: ਮੌੜ ਮੰਡੀ ਵਿਚਲੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਮੌੜ ਮੰਡੀ ਤੋਂ ਕੋਟਫੱਤਾ ਦੀ ਲਸਾੜਾ ਡਰੇਨ (ਵਾਇਆ ਪਿੰਡ ਘਸੋਖਾਨਾ)ਵਿੱਚ ਦੀ ਪਾਈ ਜਾਣ ਵਾਲੀ ਪਾਈਪ ਨੂੰ ਲੈ ਕੇ ਵਿਰੋਧ ਕਰ ਰਹੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਸਮੇਤ ਵੱਡੀ ਗਿਣਤੀ ਆਗੂਆਂ ਦੀ ਗ੍ਰਿਫਤਾਰੀ ਖਿਲਾਫ ਰੋਸ ਪ੍ਰਗਟ ਕਰਨ ਲਈ ਆਏ ਦਰਜਨਾਂ ਦੀ ਗਿਣਤੀ ਵਿੱਚ ਕਿਸਾਨਾਂ ਨੂੰ ਬਠਿੰਡਾ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਕਿਸਾਨ ਪੁਲਿਸ ਦੀ ਮੋਰਚਾਬੰਦੀ ਫੇਲ੍ਹ ਕਰਕੇ ਸੜਕਾਂ ਤੇ ਉੱਤਰਨ ਵਿੱਚ ਸਫਲ ਰਹੇ ਬਠਿੰਡਾ ਪੁਲਿਸ ਕਿਸਾਨਾਂ ਦਾ ਮੋਰਚਾ ਅਸਫਲ ਕਰਨ ਵਿੱਚ ਬੇਸ਼ੱਕ ਕਾਮਯਾਬ ਰਹੀ ਪਰ ਕਿਸਾਨਾਂ ਨੂੰ ਜੂਹਾਂ ਤੱਕ ਸੀਮਤ ਰੱਖਣ ਦੀ ਨੀਤੀ ਨੂੰ ਬੂਰ ਨਾਂ ਪੈ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਪੁੱਜੇ ਕਿਸਾਨਾਂ ਨੇ ਇੰਨ੍ਹਾਂ ਗ੍ਰਿਫਤਾਰੀਆਂ ਖਿਲਾਫ ਅੱਜ ਬਠਿੰਡਾ ’ਚ ਧਰਨਾ ਲਾਉਣ ਦਾ ਸੱਦਾ ਦਿੱਤਾ ਸੀ।

ਮੁੱਖ ਮੰਤਰੀ ਪੰਜਾਬ ਦੇ ਬਠਿੰਡਾ ਦੌਰੇ ਨੂੰ ਦੇਖਦਿਆਂ ਕਿਸਾਨਾਂ ਦੇ ਇਸ ਐਲਾਨ ਕਾਰਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਨਜ਼ਦੀਕ ਇਲਾਕੇ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਪੁਲਿਸ ਨੇ ਕਿਸੇ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਆਪਣੇ ਸਾਜ਼ੋ ਸਮਾਨ ਦਾ ਤਾਇਨਾਤੀ ਕੀਤੀ ਹੋਈ ਸੀਅਤੇ ਗ੍ਰਿਫਤਾਰੀਆਂ ਦੀ ਸੂਰਤ ’ਚ ਕਿਸਾਨਾਂ ਨੂੰ ਲਿਜਾਣ ਲਈ ਬੱਸਾਂ ਵਗੈਰਾ ਮੌਕੇ ਤੇ ਹਾਜ਼ਰ ਸਨ। ਇਸੇ ਦੌਰਾਨ ਛੋਟੇ ਛੋਟੇ ਜੱਥਿਆਂ ਵਿੱਚ ਮੌਕੇ ਤੇ ਪੁੱਜੇ ਕਿਸਾਨਾਂ ਨੇ ਜਿੳਂ ਹੀ ਵਿਰੋਧ ਸ਼ੁਰੂ ਕੀਤਾ ਤਾਂ ਮੌਕੇ ਤੇ ਹਾਜ਼ਰ ਪੁਲਿਸ ਨੇ ਕਿਸਾਨ ਹਿਰਾਸਤ ਵਿੱਚ ਲੈਣੇ ਸ਼ੁਰੂ ਕਰ ਦਿੱਤੇ। ਮੌਕੇ ਤੇ ਤਾਇਨਾਤ ਇੱਕ ਡੀਐਸਪੀ ਦੇ ਆਦੇਸ਼ਾਂ ਤਹਿਤ ਪੁਲਿਸ ਨੇ ਗਲੀਆਂ ’ਚ ਘੁੰਮਦੇ ਕਿਸਾਨਾਂ ਨੂੰ ਭਾਲ ਭਾਲ ਕੇ ਕਾਬੂ ਕੀਤਾ ਅਤੇ ਆਪਣੀਆਂ ਬੱਸਾਂ ’ਚ ਬਿਠਾਕੇ ਅਣਦੱਸੀ ਥਾਂ ਤੇ ਲੈ ਗਈ।
ਪੁਲਿਸ ਨੇ ਕਿਸਾਨਾਂ ਦੇ ਮੋਬਾਇਲ ਫੋਨ ਵੀ ਆਪਣੇ ਕਬਜੇ ਵਿੱਚ ਲੈ ਲਈ। ਕਿਸਾਨਾਂ ਨੇ ਪੁਲਿਸ ਕਾਰਵਾਈ ਨੂੰ ਲੋਕਤੰਤਰ ਦਾ ਕਤਲ ਅਤੇ ਧੱਕੇਸ਼ਾਹੀ ਕਰਾਰ ਦਿੱਤਾ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਇਹ ਵੀ ਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਪਿੰਡ ਵਾਸੀਆਂ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਰਾਹੀਂ ਪਾਈਪ ਪਾਉਣ ਨਾਲ ਪਿੰਡ ਵਿੱਚ ਹੋਣ ਵਾਲੇ ਨੁਕਸਾਨ ਤੋਂ ਜਾਣੂੰ ਕਰਵਾਇਆ ਅਤੇ ਪਿੰਡ ਵਿੱਚ ਦੀ ਪਾਈਪਾਂ ਨਾ ਪਾਉਣ ਦੀ ਮੰਗ ਕੀਤੀ ਸੀ। ਕਿਸਾਨਾਂ ਦੀ ਦਲੀਲ ਸੀ ਕਿ ਸਰਕਾਰ ਨੂੰ ਪਿੰਡ ਦੇ ਅੰਦਰਲੀ ਸੜਕ ਦੀ ਥਾਂ ਸਟੇਟ ਹਾਈਵੇਅ ਬਾਈਪਾਸ ਰਾਹੀਂ ਪਾਈਪਾਂ ਪਾਉਣ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ। ਇਸ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਨੇ ਪਾਈਪਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਤਾਂ ਕਿਸਾਨਾਂ ਨੇ ਪੱਕਾ ਮੋਰਚਾ ਲਾਉਣ ਲਈ ਟੈਂਟ ਗੱਡ ਲਿਆ।
ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਅਤੇ ਖਜਾਨਚੀ ਮੁਖਤਿਆਰ ਸਿੰਘ ਕੁੱਬੇ ਕਿਸਾਨਾਂ ਦੀ ਅਗਵਾਈ ਲਈ ਮੌਕੇ ਤੇ ਪੁੱਜੇ ਤਾਂ ਪੁਲਿਸ ਨੇ ਦੋਵਾਂ ਆਗੂਆਂ ਅਤੇ 20 ਦੇਕਰੀਬ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਜੇਲ੍ਹ ਭੇਜ ਦਿੱਤਾ। ਇਸ ਦਾ ਵਿਰੋਧ ਕਰਨ ਲਈ ਅੱਜ ਕਿਸਾਨ ਯੂਨੀਅਨ ਵੱਲੋਂ ਬਠਿੰਡਾ ਪੁੱਜਣ ਦਾ ਸੱਦਾ ਦਿੱਤਾ ਗਿਆ ਸੀ ਪਰ ਇਸ ਤੋਂ ਪਹਿਲਾਂ ਕਿ ਕਿਸਾਨ ਧਰਨਾ ਸ਼ੁਰੂ ਕਰਦੇ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਦੱਸਣਯੋਗ ਹੈ ਕਿ ਸੀਵਰੇਜ ਦੀਆਂ ਪਾਈਪ ਪਾਉਣ ਲਈ ਸਰਕਾਰ ਵੱਲੋਂ ਲਗਪਗ 24 ਕਰੋੜ ਰੁਪਏ ਖਰਚ ਕੀਤਾ ਜਾ ਰਿਹਾ ਹੈ ਤਾਂ ਜੋ ਮੌੜ ਮੰਡੀ ਅੰਦਰ ਲੰਮੇ ਸਮੇਂ ਤੋਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਖੜੇ ਗੰਦੇ ਪਾਣੀ ਦੀ ਨਿਕਾਸੀ ਦਾ ਪੁੱਖਤਾ ਪ੍ਰਬੰਧ ਕੀਤਾ ਜਾ ਸਕੇ।
ਸੀਵਰੇਜ ਦੇ ਗੰਦੇ ਪਾਣੀ ਨੂੰ ਲੈ ਕੇ ਮੰਡੀ ਨਿਵਾਸੀਆਂ ਨੇ ਕਈ ਵਾਰ ਸੀਵਰੇਜ ਵਿਭਾਗ ਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਸਨ ਅਤੇ ਮੰਡੀ ਨਿਵਾਸੀਆਂ ਅੰਦਰ ਵੱਡਾ ਰੋਸ ਪਾਇਆ ਜਾ ਰਿਹਾ ਸੀ। ਇਕੱਲਾ ਇਹ ਇੱਕ ਅਜਿਹਾ ਮਾਮਲਾ ਹੈ ਜੋ ਸਮਾਜਿਕ ਅਤੇ ਸਿਆਸੀ ਸਫਾਂ ਵਿੱਚ ਵੱਡੀ ਪੱਧਰ ਤੇ ਚਰਚਾ ਦਾ ਵਿਸ਼ਾ ਬਣ ਰਿਹਾ ਸੀ। ਇਸੇ ਰੋਸ ਨੂੰ ਦੂਰ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਸਰਕਾਰੀ ਨਿਯਮਾਂ ਮੁਤਾਬਕ ਕੰਮ ਕਰਵਾਉਣ ’ਤੇ ਤੁਲਿਆ ਹੋਇਆ ਹੈ ਜਿਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਿਰੋਧ ਕਰ ਰਹੀ ਹੈ। ਲੰਘੇ ਮੰਗਲਵਾਰ ਨੂੰ ਪੁਲਿਸ ਨੇ ਧਰਨਕਾਰੀਆਂ ਦੇ ਟੈਂਟ ਵਗੈਰਾ ਉਖਾੜ ਦਿੱਤੇ ਸਨ ਅਤੇ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਸੀ। ਖਬਰ ਲਿਖੇ ਜਾਣ ਤੱਕ ਕਿਸਾਨ ਪੁਲਿਸ ਹਿਰਾਸਤ ਵਿੱਚ ਹੀ ਸਨ ਅਤੇ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ ਸੀ।