ਵੱਡੇ ਵੱਡੇ ਅਹੁਦਿਆਂ ਤੇ ਦਿੱਲੀ ਦੇ ਲੋਕਾਂ ਨੂੰ ਨਿਯੁਕਤ ਕਰਨਾ ਪੰਜਾਬੀਆਂ ਨਾਲ ਧੋਖਾ- ਬੈਂਸ
- ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਵੱਡਾ ਫਰਕ
ਦੀਪਕ ਜੈਨ
ਜਗਰਾਉ, 24 ਮਈ 2025 - ਅੱਜ ਲਾਗਲੇ ਪਿੰਡ ਕੋਠੇ ਸ਼ੇਰ ਜੰਗ ਵਿਖੇ ਇੱਕ ਵੱਡੇ ਸਮਾਗਮ ਵਿੱਚ ਸੰਬੋਧਨ ਕਰਦਿਆਂ ਹੋਇਆਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸ਼ਮੂਲੀਅਤ ਕੀਤੀ ਗਈ ਅਤੇ ਭਗਵੰਤ ਮਾਨ ਸਰਕਾਰ ਨੂੰ ਖੁੱਲ ਕੇ ਬੋਲਦਿਆਂ ਹੋਇਆ ਉਹਨਾਂ ਨੇ ਦਿੱਲੀ ਸਰਕਾਰ ਦੀ ਕਠਪੁਤਲੀ ਕਿਹਾ। ਸਭ ਤੋਂ ਪਹਿਲਾਂ ਤਾਂ ਉਹਨਾਂ ਪੰਚਾਇਤ ਦੀ ਟੀਮ ਨੂੰ ਵਧਾਈ ਦਿੱਤੀ। ਇਸ ਮਗਰੋਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਅਹੁਦਿਆਂ ਉੱਪਰ ਦਿੱਲੀ ਦੇ ਲੋਕਾਂ ਦੀਆਂ ਨਿਯੁਕਤੀਆਂ ਉੱਪਰ ਉਹਨਾਂ ਨੂੰ ਸਖਤ ਇਤਰਾਜ ਹੈ। ਉਹਨਾਂ ਦੋਸ਼ ਲਾਇਆ ਕਿ ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਪੰਜਾਬ ਨੂੰ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ।
ਇਹ ਕੇਜਰੀਵਾਲ ਜਿਸ ਨੂੰ ਦਿੱਲੀ ਦੀ ਜਨਤਾ ਨੇ ਨਕਾਰ ਦਿੱਤਾ ਅਤੇ ਘੋਟਾਲਿਆਂ ਵਿੱਚ ਘਿਰਿਆ ਕੇਜਰੀਵਾਲ, ਮਨੀਸ਼ ਸਸੋਦੀਆ ਅਤੇ ਸਤਿੰਦਰ ਜੈਨ ਹੁਣ ਪੰਜਾਬ ਵਿੱਚ ਆਪਣੇ ਲਾਡਲੇ ਚਹੇਤਿਆਂ ਨੂੰ ਨਿਯੁਕਤ ਕਰ ਰਹੇ ਹਨ ਤਾਂ ਜੋ ਉਨਾਂ ਦਾ ਹਰ ਮਹਿਕਮੇ ਉੱਤੇ ਸਿੱਧਾ ਕੰਟਰੋਲ ਹੋ ਜਾਵੇ। ਉਹਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਲਾਰਜ ਸਕੇਲ ਇੰਡਸਟਰੀ ਡਿਵੈਲਪਮੈਂਟ ਬੋਰਡ ਵਰਗੇ ਮਹੱਤਵਪੂਰਨ ਅਦਾਰਿਆਂ ਵਿੱਚ ਦਿੱਲੀ ਤੋਂ ਅਜਿਹੇ ਲੋਕਾਂ ਨੂੰ ਚੇਅਰਮੈਨ ਬਣਾਇਆ ਗਿਆ ਹੈ ਜਿਨਾਂ ਨੂੰ ਪੰਜਾਬ ਬਾਰੇ ਇਲ ਦਾ ਨਾ ਕੁੱਕੜ ਵੀ ਨਹੀਂ ਆਉਂਦਾ।
ਇਥੋਂ ਤੱਕ ਕੀ ਦਿੱਲੀ ਦੇ ਕਈ ਲੀਡਰਾਂ ਨੂੰ ਤਾਂ ਪੰਜਾਬੀ ਬੋਲਣੀ ਵੀ ਚੱਜ ਨਾਲ ਨਹੀਂ ਆਉਂਦੀ ਅਤੇ ਦਿੱਲੀ ਦੇ ਵਕੀਲਾਂ ਨੂੰ ਸੂਬੇ ਦੇ ਐਡਵੋਕੇਟ ਜਨਰਲ ਦਫਤਰ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਦੇ ਅਹੁਦਿਆਂ ਤੇ ਨਿਯੁਕਤ ਕਰਕੇ ਪੰਜਾਬ ਦੇ ਵਕੀਲਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਹਨਾਂ ਇਸ ਨੂੰ ਪੰਜਾਬ ਦੇ ਹਿੱਤਾਂ ਨਾਲ ਧੋਖਾ ਦੱਸਿਆ ਉਹਨਾਂ ਸਵਾਲ ਚੁੱਕਿਆ ਕਿ ਪੰਜਾਬ ਵਿੱਚ ਇਹਨਾਂ ਅਹੁਦਿਆਂ ਲਈ ਕੋਈ ਢੁਕਮਾ ਉਮੀਦਵਾਰ ਨਹੀਂ ਸੀ।
ਇਸ ਤੋਂ ਪਤਾ ਲੱਗਦਾ ਹੈ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਪੰਜਾਬੀਆਂ ਨਾਲ ਕੀਤੇ ਵਾਅਦੇ ਹੁਣ ਖੋਖਲੇ ਸਾਬਤ ਹੋ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦੀ ਕਹਿਣੀ ਅਤੇ ਕਰਨੀ ਦਾ ਅੰਤਰ ਪਤਾ ਲੱਗ ਚੁੱਕਿਆ ਹੈ। ਇਸ ਮੌਕੇ ਸਰਪੰਚ ਕਰਮਜੀਤ ਕੌਰ, ਸਾਬਕਾ ਕੌਂਸਲਰ ਸੁਖਬੀਰ ਕਾਲਾ ਢਿੱਲੋਂ, ਐਡਵੋਕੇਟ ਗੁਰਜੋਤ ਸਿੰਘ ਗਿੱਲ, ਮੈਂਬਰ ਦਵਿੰਦਰ ਪਾਲ ਸਿੰਘ ਤੂਰ, ਗੁਰਦੀਪ ਸਿੰਘ, ਬੀਬੀ ਮਨਪ੍ਰੀਤ ਕੌਰ, ਬੀਬੀ ਸਿੰਦਰ ਕੌਰ, ਬੀਬੀ ਸੀਮਾ ਰਾਣੀ ਵੱਲੋਂ ਬੈਂਸ ਨੂੰ ਸਰੋਪੇ ਪਾਕੇ ਸਨਮਾਨਿਤ ਵੀ ਕੀਤਾ ਗਿਆ।