ADC ਵੱਲੋਂ ਡੀ.ਐੱਮ.ਸੀ.ਏ.ਈ ਕਮੇਟੀ ਦੇ ਅਧਿਕਾਰੀਆਂ ਨਾਲ ਮੀਟਿੰਗ
- ਦਿਵਿਆਂਗ ਵੋਟਰਾਂ ਦੀ ਚੋਣਾਂ ਵਿਚ ਭਾਗੀਦਾਰੀ ਵਧਾਉਣ ਅਤੇ ਵੋਟਰ ਰਜਿਸਟ੍ਰੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ
ਰੋਹਿਤ ਗੁਪਤਾ
ਗੁਰਦਾਸਪੁਰ, 23 ਮਈ 2025 - ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋਂ ਅੱਜ ਡਿਸਟ੍ਰਿਕਟ ਮੋਨੀਟਰਿੰਗ ਕਮੇਟੀ ਔਨ ਅਸੈਸੀਬਲ (ਡੀ.ਐੱਮ.ਸੀ.ਏ.ਈ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੌਜੂਦਾ ਵੋਟਰ ਸੂਚੀ ਅਨੁਸਾਰ ਜ਼ਿਲ੍ਹੇ ਵਿਚ 85 ਸਾਲ ਤੋਂ ਵੱਧ ਵਾਲੇ ਕੁੱਲ 12070 ਵੋਟਰ ਹਨ, ਜਿਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਵਜੋਂ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ 9410 ਦਿਵਿਆਂਗ ਵੋਟਰ ਹਨ। ਮੁੱਖ ਚੋਣ ਅਫ਼ਸਰ, ਪੰਜਾਬ ਜੀ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਨਾਗਰਿਕਾਂ ਅਤੇ ਦਿਵਿਆਂਗ (ਪੀ.ਡਬਲਿਊ.ਡੀ.) ਲਈ ਚੋਣ ਪ੍ਰਕਿਰਿਆ ਨੂੰ ਵਧੇਰੇ ਪਹੁੰਚਯੋਗ ਬਣਾਇਆ ਜਾਣਾ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਜ਼ਿਲ੍ਹਾ ਪੱਧਰ ਅਤੇ ਹਲਕਾ ਪੱਧਰ ਤੇ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਦਿਵਿਆਂਗ ਵੋਟਰਾਂ ਦੀ ਚੋਣਾਂ ਵਿਚ ਭਾਗੀਦਾਰੀ ਵਧਾਉਣ ਅਤੇ ਵੋਟਰ ਰਜਿਸਟ੍ਰੇਸ਼ਨ ਦੇ ਟੀਚੇ ਨੂੰ ਪੂਰਾ ਕਰਨ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਦਿਵਿਆਂਗਜਨਾਂ ਨੂੰ ਹੁਣ ਤੱਕ ਯੂ.ਡੀ.ਆਈ.ਡੀ ਸਰਟੀਫਿਕੇਟ ਜਾਰੀ ਹੋ ਚੁੱਕੇ ਹਨ, ਉਨ੍ਹਾਂ ਦਾ ਮੁਕੰਮਲ ਡਾਟਾ ਸਮੇਤ ਐਡਰੈੱਸ ਜ਼ਿਲ੍ਹਾ ਚੋਣ ਦਫ਼ਤਰ, ਗੁਰਦਾਸਪੁਰ ਨੂੰ ਭੇਜਿਆ ਜਾਵੇ, ਤਾਂ ਜੋ ਇਹ ਡਾਟਾ ਬੀ.ਐਲ.ਓਜ਼. ਰਾਹੀਂ ਵੈਰੀਫਾਈ ਕਰਵਾ ਕੇ ਇਹਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ। ਇਸ ਦੇ ਨਾਲ ਹੀ ਉਨ੍ਹਾਂ ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਗੁਰਦਾਸਪੁਰ ਨੂੰ ਹਦਾਇਤ ਕੀਤੀ ਸਮੂਹ ਲਾਭਪਤਾਰੀ ਜੋ ਸਰਕਾਰ ਵੱਲੋਂ ਪੈਨਸ਼ਨ ਦਾ ਲਾਭ ਲੈ ਰਹੇ ਹਨ, ਉਨ੍ਹਾਂ ਦਾ ਪਿੰਡ/ਵਾਰਡਵਾਈਜ਼ ਡਾਟਾ ਜ਼ਿਲ੍ਹਾ ਚੋਣ ਦਫ਼ਤਰ, ਗੁਰਦਾਸਪੁਰ ਭੇਜਿਆ ਜਾਵੇ, ਤਾਂ ਜੋ ਬੀ.ਐਲ.ਓਜ਼. ਰਾਹੀਂ ਸਮੂਹ ਦਿਵਿਆਂਗ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਵਾ ਕੇ ਵੋਟਰ ਰਜਿਸਟ੍ਰੇਸ਼ਨ ਦਾ 100 ਫ਼ੀਸਦੀ ਟੀਚਾ ਪੂਰਾ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਨੂੰ ਕਿਹਾ ਕਿ ਸਮੂਹ ਆਂਗਨਵਾੜੀ ਵਰਕਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਜਿਨ੍ਹਾਂ ਦਿਵਿਆਂਗ ਵਿਅਕਤੀਆਂ ਦੀਆਂ ਹਾਲੇ ਤੱਕ ਵੋਟਾਂ ਨਹੀਂ ਬਣੀਆਂ, ਸਬੰਧਿਤ ਬੀ.ਐਲ.ਓ. ਨਾਲ ਤਾਲਮੇਲ ਕਰਕੇ ਵੋਟਰ ਰਜਿਸਟ੍ਰੇਸ਼ਨ ਦਾ ਕੰਮ ਪੂਰਾ ਕਰਵਾਇਆ ਜਾਵੇ । ਇਸੇ ਤਰਾਂ ਜ਼ਿਲ੍ਹਾ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਅਧਿਕਾਰੀ, ਗੁਰਦਾਸਪੁਰ ਸੀਨੀਅਰ ਸਿਟੀਜਨਾਂ/ਦਿਵਿਆਂਗਜਨਾਂ ਦੀ ਵੋਟਰ ਅਵੇਅਰਨੈੱਸ/ਵੋਟਰ ਰਜਿਸਟ੍ਰੇਸ਼ਨ ਦੌਰਾਨ ਕਰਵਾਈਆਂ ਜਾਣ ਵਾਲੀਆਂ ਸਵੀਪ ਗਤੀਵਿਧੀਆਂ ਵਿਚ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਨੂੰ ਸਹਿਯੋਗ ਦਿੱਤਾ ਜਾਵੇ ।
ਮੀਟਿੰਗ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:), ਗੁਰਦਾਸਪੁਰ-ਕਮ-ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਨੂੰ ਹਦਾਇਤ ਕੀਤੀ ਗਈ ਕਿ ਦਿਵਿਆਂਗਜਨਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ ਲਈ ਸਪੈਸ਼ਲ ਕੈਂਪ ਲਗਾਏ ਜਾਣ ਅਤੇ ਵੱਖ-ਵੱਖ ਮਾਧਿਅਮਾਂ ਰਾਹੀਂ ਨਿਯਮਿਤ ਪ੍ਰੋਗਰਾਮ/ਸਵੀਪ ਗਤੀਵਿਧੀਆਂ ਕਰਵਾਈਆਂ ਜਾਣ । ਸਪੈਸ਼ਲ ਕੈਂਪਾਂ ਦੌਰਾਨ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨਾਲ ਤਾਲਮੇਲ ਕਰਕੇ ਸਬੰਧਿਤ ਬੂਥਾਂ ਦੇ ਬੀ.ਐਲ.ਓਜ਼. ਦੀ ਹਾਜ਼ਰੀ ਯਕੀਨੀ ਬਣਾਈ ਜਾਵੇ । ਜੇਕਰ ਕਿਸੇ ਯੋਗ ਦਿਵਿਆਂਗ ਵਿਅਕਤੀ ਦੀ ਵੋਟ ਨਹੀਂ ਬਣੀ, ਤਾਂ ਬੀ.ਐਲ.ਓ. ਰਾਹੀਂ ਸਬੰਧਿਤ ਦਿਵਿਆਂਗ ਵਿਅਕਤੀ ਦੇ ਘਰ ਹੀ ਫਾਰਮ ਭਰਨ/ਕਾਗ਼ਜ਼ੀ ਕਾਰਵਾਈ ਮੁਕੰਮਲ ਕਰਵਾਈ ਜਾਵੇ। ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ, ਐੱਨ.ਸੀ.ਸੀ., ਐੱਨ.ਐੱਸ.ਐੱਸ. ਆਦਿ ਵਲੰਟੀਅਰਾਂ ਰਾਹੀਂ ਦਿਵਿਆਂਗ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਵੋਟਰ ਜਾਗਰੂਕਤਾ ਕੈਂਪ ਲਗਾਏ ਜਾਣ । ਇਸ ਤੋਂ ਇਲਾਵਾ ਵੋਟਰ ਅਵੇਅਰਨੈੱਸ/ਵੋਟਰ ਰਜਿਸਟ੍ਰੇਸ਼ਨ ਲਈ ਦਿਵਿਆਂਗਜਨਾਂ ਨਾਲ ਸਬੰਧਿਤ ਸੰਸਥਾਵਾਂ ਨਾਲ ਸੰਪਰਕ ਕਰਕੇ ਗੈਰ-ਰਾਜਨੀਤਕ ਅਤੇ ਪੱਖਪਾਤ ਰਹਿਤ ਚੋਣ ਪ੍ਰੀਕਿਰਿਆ ਸਬੰਧੀ ਦਿਵਿਆਂਗ ਵਿਅਕਤੀਆਂ ਨੂੰ ਚੋਣ ਕਮਿਸ਼ਨ ਵੱਲੋਂ ਪ੍ਰਦਾਨ ਕੀਤੀਆਂ ਜਾਂਦੀਆਂ ਲੋੜੀਂਦੀਆਂ ਸੁਵਿਧਾਵਾਂ ਅਤੇ ਚੋਣਾਂ ਵਿਚ ਭਾਗੀਦਾਰੀ ਵਧਾਉਣ ਲਈ ਜਾਗਰੂਕ ਕੀਤਾ ਜਾਵੇ। ਸਪੈਸ਼ਲ ਕੈਂਪਾਂ/ਵੋਟਰ ਅਵੇਅਰਨੈੱਸ ਦੌਰਾਨ ਹਰੇਕ ਪੋਲਿੰਗ ਸਟੇਸ਼ਨ ਤੇ ਰੈਂਪ ਦੀ ਸੁਵਿਧਾ ਸੁਨਿਸ਼ਚਿਤ ਕੀਤੀ ਜਾਵੇ। ਜੇਕਰ ਕਿਸੇ ਪੋਲਿੰਗ ਸਟੇਸ਼ਨ ਤੇ ਰੈਂਪ ਨਹੀਂ ਹੈ, ਤਾਂ ਇਸ ਸਬੰਧੀ ਤੁਰੰਤ ਸਬੰਧਿਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਜਾਣੂ ਕਰਵਾਇਆ ਜਾਵੇ। ਇਸ ਤੋਂ ਇਲਾਵਾ ਦਿਵਿਆਂਗ ਵੋਟਰਾਂ/ਸੀਨੀਅਰ ਸਿਟੀਜਨਾਂ ਲਈ ਸਹੂਲਤਾਂ ਜਿਵੇਂ ਵ੍ਹੀਲ ਚੇਅਰ, ਪੀਣ ਵਾਲਾ ਪਾਣੀ, ਟਾਇਲਟ ਸਹੂਲਤ ਆਦਿ ਦੇ ਪ੍ਰਬੰਧ ਯਕੀਨੀ ਬਣਾਏ ਜਾਣ। ਜ਼ਿਲ੍ਹੇ ਵਿਚ ਜੇਕਰ ਕੋਈ ਉੱਘੀ ਦਿਵਿਆਂਗ ਸ਼ਖ਼ਸੀਅਤ ਹੈ, ਤਾਂ ਉਸ ਨੂੰ ਜ਼ਿਲ੍ਹਾ ਸਵੀਪ ਆਇਕਨ ਬਣਾਉਣ ਲਈ ਤਜਵੀਜ਼ ਕੀਤਾ ਜਾ ਸਕਦਾ ਹੈ। ਅਜਿਹੀਆਂ ਸ਼ਖ਼ਸੀਅਤਾਂ ਨੂੰ ਸਵੀਪ ਗਤੀਵਿਧੀਆਂ ਦੇ ਪ੍ਰੋਗਰਾਮਾਂ ਵਿਚ ਵੀ ਬੁਲਾਇਆ ਜਾਵੇ, ਤਾਂ ਜੋ ਵੋਟਰ ਰਜਿਸਟ੍ਰੇਸ਼ਨ/ਚੋਣਾਂ ਵਿਚ ਭਾਗੀਦਾਰੀ ਵਧਾਉਣ ਲਈ ਦਿਵਿਆਂਗਜਨਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਕਤ ਨੁਕਤਿਆਂ ਸਬੰਧੀ ਕਾਰਵਾਈ/ਪ੍ਰਗਤੀ ਰਿਪੋਰਟ ਹਰੇਕ ਮਹੀਨੇ ਦੇ ਪਹਿਲੇ ਹਫ਼ਤੇ ਜ਼ਿਲ੍ਹਾ ਚੋਣ ਦਫ਼ਤਰ, ਗੁਰਦਾਸਪੁਰ ਨੂੰ ਭੇਜੀ ਜਾਵੇ । ਮੀਟਿੰਗ ਵਿਚ ਡਾ: ਕਿਰਤਪ੍ਰੀਤ ਕੌਰ ਜ਼ਿਲ੍ਹਾ ਸਮਾਜਿਕ ਤੇ ਸੁਰੱਖਿਆ ਅਫ਼ਸਰ ਗੁਰਦਾਸਪੁਰ, ਡਾ: ਪ੍ਰਭਜੋਤ ਕੌਰ ਸਹਾਇਕ ਸਿਵਲ ਸਰਜਨ ਗੁਰਦਾਸਪੁਰ, ਸ੍ਰੀਮਤੀ ਜਸਮੀਤ ਕੌਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ, ਸ੍ਰੀ ਜ਼ਿਲ੍ਹਾ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਅਧਿਕਾਰੀ, ਗੁਰਦਾਸਪੁਰ ਸ੍ਰੀ ਮਨਜਿੰਦਰ ਸਿੰਘ ਚੋਣ ਤਹਿਸੀਲਦਾਰ ਗੁਰਦਾਸਪੁਰ, ਸ੍ਰੀ ਰਜੀਵ ਕੁਮਾਰ, ਸੈਕਟਰੀ, ਰੈੱਡ ਕਰਾਸ ਸੁਸਾਇਟੀ, ਗੁਰਦਾਸਪੁਰ, ਸ੍ਰੀ ਲਵਪ੍ਰੀਤ ਸਿੰਘ, ਐਸ.ਡੀ.ਓ. ਲੋਕ ਨਿਰਮਾਣ ਵਿਭਾਗ, ਗੁਰਦਾਸਪੁਰ, ਡਾ. ਪਰਮਜੀਤ ਸਿੰਘ ਕਲਸੀ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ, ਸ੍ਰੀ ਗੁਰਮੀਤ ਸਿੰਘ ਭੋਮਾ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ, ਸ੍ਰੀ ਪਵਨ ਕੁਮਾਰ, ਸੀਨੀ. ਸਹਾਇਕ, ਦਫ਼ਤਰ ਜ਼ਿਲ੍ਹਾ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀਆਂ ਅਧਿਕਾਰੀ, ਗੁਰਦਾਸਪੁਰ ਹਾਜ਼ਰ ਸਨ ।