← ਪਿਛੇ ਪਰਤੋ
ਪਿੰਡ ਕੋਟਗੁਰੂ ਦੀ ਪੰਚਾਇਤ ਨੇ ਪਾਰਕ ਦਾ ਨਾਮ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਰੱਖਣ ਦਾ ਮਤਾ ਪਾਇਆ
ਅਸ਼ੋਕ ਵਰਮਾ
ਬਠਿੰਡਾ , 23 ਮਈ 2025 :ਬਠਿੰਡਾ ਜ਼ਿਲ੍ਹੇ ਦੇ ਬਲਾਕ ਸੰਗਤ ਅਧੀਨ ਆਉਂਦੇ ਪਿੰਡ ਕੋਟਗੁਰੂ ਦੇ ਸਰਪੰਚ ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ਸਮੁੱਚੀ ਪੰਚਾਇਤ ਨੇ ਪਿੰਡ ਵਿੱਚ ਬਣ ਰਹੇ ਪਾਰਕ ਦਾ ਨਾਮ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਰੱਖਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ। ਪਿੰਡ ਦੇ ਸਰਪੰਚ ਨੇ ਦੱਸਿਆ ਕੇ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਪੁੱਤਰੀ ਗੁਰਤੇਜ ਸਿੰਘ ਪਿੰਡ ਕੋਟਗੁਰੂ ਦੀ ਬਹੁਤ ਹੀ ਮਾਣਮੱਤੀ ਧੀ ਸੀ ਜਿਸ ਨੇ ਨਿੱਕੀ ਉਮਰੇ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਕਾਫੀ ਨਾਮਣਾ ਖੱਟਿਆ। ਜਸਵੰਤ ਕੌਰ ਮਣੀ ਨੂੰ ਪਿੰਡ ਦੀ ਹੁਣ ਤੱਕ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਧੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਸੀ। ਉਹਨਾਂ ਕਿਹਾ ਕਿ ਵੱਖ ਵੱਖ ਅਖਬਾਰਾਂ ਵਿੱਚ ਛਪੇ ਉਹਨਾਂ ਦੇ ਵੱਡੇ ਵੱਡੇ ਖੋਜ ਭਰਪੂਰ ਲੇਖਾਂ ਦੀ ਬਦੌਲਤ ਪਿੰਡ ਕੋਟਗੁਰੂ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਜਸਵੰਤ ਕੌਰ ਮਣੀ ਨੇ ਜਿੱਥੇ ਭਵਿੱਖ ਦੀ ਚੰਗੀ ਵਿਦਵਾਨ/ਸਾਹਿਤਕਾਰ ਹੋ ਨਿਬੜਨਾ ਸੀ। ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਇਸੇ ਸਾਲ ਜਨਵਰੀ ਮਹੀਨੇ ਜਸਵੰਤ ਕੌਰ ਮਣੀ ਦੀ ਨਿੱਕੀ ਉਮਰੇ ਪੀ.ਜੀ.ਆਈ. ਚੰਡੀਗੜ੍ਹ ਵਿਖੇ ਬੇਵਕਤੀ ਮੌਤ ਹੋ ਗਈ। ਜਸਵੰਤ ਕੌਰ ਮਣੀ ਦੀਆਂ ਨਿੱਕੀ ਉਮਰੇ ਵੱਡੀਆਂ ਪ੍ਰਾਪਤੀਆਂ ਨੂੰ ਵੇਖਦਿਆਂ ਉਸਦੀ ਸਦੀਵੀ ਯਾਦ ਰੱਖਣ ਲਈ ਪਿੰਡ ਵਿੱਚ ਬਣ ਰਹੇ ਪਾਰਕ ਦਾ ਨਾਮ ਪ੍ਰੋਫ਼ੈਸਰ ਜਸਵੰਤ ਕੌਰ ਮਣੀ ਰੱਖਣ ਦਾ ਪਿੰਡ ਦੀ ਪੰਚਾਇਤ ਨੇ ਮਤਾ ਪਾਸ ਕੀਤਾ ਹੈ। ਉਹਨਾਂ ਅੱਗੇ ਦੱਸਿਆ ਕਿ ਜਲਦੀ ਹੀ ਜਸਵੰਤ ਕੌਰ ਮਣੀ ਦੀਆਂ ਦੋ ਕਿਤਾਬਾਂ ਛਪ ਕੇ ਪੰਜਾਬੀ ਪਾਠਕਾਂ ਤੱਕ ਪਹੁੰਚਣਗੀਆਂ। ਸਮਾਜ ਸੇਵੀ ਸੁਖਤੇਜ ਸਿੰਘ ਧਾਲੀਵਾਲ ਅਤੇ ਸਾਬਕਾ ਪੰਚਾਇਤ ਮੈਂਬਰ ਅੰਗਰੇਜ ਸਿੰਘ ਵਿੱਕੀ ਨੇ ਪਿੰਡ ਦੀ ਪੰਚਾਇਤ ਦੇ ਇਸ ਫ਼ੈਸਲੇ ਦੀ ਭਰਪੂਰ ਸ਼ਲਾਘਾ ਕੀਤੀ ਹੈ।
Total Responses : 2009