ਮੇਅਰ ਪਦਮਜੀਤ ਮਹਿਤਾ ਦੀ ਪਹਿਲਕਦਮੀ ਤੇ 25 ਮਈ ਨੂੰ ਲੱਗੇਗਾ ਮਹੀਨਾ ਭਰ ਚੱਲਣ ਵਾਲਾ ਨਕਸ਼ਾ ਮੇਲਾ
ਅਸ਼ੋਕ ਵਰਮਾ
ਬਠਿੰਡਾ, 23 ਮਈ 2025:ਬਠਿੰਡਾ ਵਾਸੀਆਂ ਨੂੰ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦੇਣ ਲਈ, ਨਗਰ ਨਿਗਮ ਬਠਿੰਡਾ ਵਿੱਚ 25 ਮਈ ਨੂੰ ਦੁਪਹਿਰ 3 ਵਜੇ ਤੋਂ "ਨਕਸ਼ਾ ਮੇਲਾ" ਲਗਾਇਆ ਜਾ ਰਿਹਾ ਹੈ, ਜੋ ਕਿ 1 ਮਹੀਨਾ ਜਾਰੀ ਰਹੇਗਾ। ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਮੇਅਰ ਸ਼੍ਰੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਨਕਸ਼ਾ ਮੇਲੇ ਦੌਰਾਨ ਬਿਲਡਿੰਗ ਬ੍ਰਾਂਚ ਦਾ ਸਾਰਾ ਸਟਾਫ਼ ਇੱਕ ਥਾਂ 'ਤੇ ਉਪਲਬਧ ਹੋਵੇਗਾ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਲਈ, ਹਰੇਕ ਵਿਅਕਤੀ ਨੂੰ ਆਪਣੀਆਂ ਸਬੰਧਤ ਇਮਾਰਤਾਂ ਦੇ ਪਲਾਨ ਅਤੇ ਦਸਤਾਵੇਜ਼ ਨਾਲ ਲੈ ਕੇ ਆਉਣੇ ਪੈਣਗੇ, ਜਿਨ੍ਹਾਂ ਦੇ ਕਾਗਜ਼ਾਤ ਮੌਕੇ 'ਤੇ ਹੀ ਚੈੱਕ ਕੀਤੇ ਜਾਣਗੇ ਅਤੇ ਕਿਸੇ ਵੀ ਕਮੀ ਦੀ ਸੂਰਤ ਵਿੱਚ ਤੁਰੰਤ ਜਾਣਕਾਰੀ ਦੇ ਕੇ ਕਮੀ ਨੂੰ ਦੂਰ ਕੀਤਾ ਜਾਵੇਗਾ। ਇਸ ਤੋਂ ਬਾਅਦ, ਸਬੰਧਤ ਵਿਅਕਤੀ ਆਪਣੇ ਆਰਕੀਟੈਕਟ ਨੂੰ ਮਿਲ ਕੇ ਰਿਹਾਇਸ਼ੀ ਨਕਸ਼ੇ ਅਪਲੋਡ ਕਰੇਗਾ ਅਤੇ ਨਕਸ਼ੇ ਅਪਲੋਡ ਕਰਨ ਦੇ 72 ਘੰਟਿਆਂ ਦੇ ਅੰਦਰ ਪਾਸ ਕਰ ਦਿੱਤੇ ਜਾਣਗੇ।
ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਪੋਰਟਲ 'ਤੇ ਅਪਲੋਡ ਕਰਨ ਤੋਂ ਪਹਿਲਾਂ, ਅਧਿਕਾਰੀਆਂ ਵੱਲੋਂ ਕਿਸੇ ਵੀ ਦਸਤਾਵੇਜ਼ ਨਾਲ ਸਬੰਧਤ ਸਮੱਸਿਆ ਬਾਰੇ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਹਿਲਾਂ ਰਿਹਾਇਸ਼ੀ ਨਕਸ਼ੇ ਪਾਸ ਕਰਵਾਉਣ ਵਿੱਚ ਕੁਝ ਤਕਨੀਕੀ ਸਮੱਸਿਆਵਾਂ ਕਾਰਨ ਲੋਕਾਂ ਨੂੰ ਵਾਰ-ਵਾਰ ਬਿਲਡਿੰਗ ਬ੍ਰਾਂਚ ਦੇ ਚੱਕਰ ਲਗਾਉਣੇ ਪੈਂਦੇ ਸਨ, ਜਿਸ ਦੇ ਹੱਲ ਲਈ ਦੇਸ਼ ਦਾ ਪਹਿਲਾ ਪ੍ਰੋਜੈਕਟ "ਨਕਸ਼ਾ ਮੇਲਾ" ਸ਼ੁਰੂ ਕੀਤਾ ਜਾ ਰਿਹਾ ਹੈ, ਜੋ ਕਿ ਦੇਸ਼ ਲਈ ਇੱਕ ਮਾਡਲ ਪ੍ਰੋਜੈਕਟ ਬਣ ਜਾਵੇਗਾ ਅਤੇ ਇਸ "ਨਕਸ਼ਾ ਮੇਲੇ" ਦੀ ਸਫਲਤਾ ਤੋਂ ਬਾਅਦ, ਇਸਨੂੰ ਨਗਰ ਨਿਗਮ ਬਠਿੰਡਾ ਵਿੱਚ ਲਾਗੂ ਕੀਤਾ ਜਾਵੇਗਾ ਅਤੇ ਰਿਹਾਇਸ਼ੀ ਨਕਸ਼ੇ 72 ਘੰਟਿਆਂ ਦੇ ਅੰਦਰ ਪਾਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ "ਨਕਸ਼ਾ ਮੇਲਾ" ਇੱਕ ਮਹੀਨੇ ਲਈ ਦਫ਼ਤਰੀ ਸਮੇਂ ਦੌਰਾਨ ਲਗਾਇਆ ਜਾਵੇਗਾ।
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਵੀ 27 ਮਈ ਨੂੰ "ਨਕਸ਼ਾ ਮੇਲੇ" ਵਿੱਚ ਪਹੁੰਚ ਰਹੇ ਹਨ। ਇੱਕ ਹੋਰ ਖੁਸ਼ਖਬਰੀ ਦਿੰਦੇ ਹੋਏ ਮੇਅਰ ਸ੍ਰੀ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਉਨ੍ਹਾਂ ਦੀ ਅਪੀਲ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪਾਸ ਕੀਤੇ ਗਏ ਪ੍ਰਸਤਾਵ ਤਹਿਤ, ਹੁਣ ਸਾਰੇ ਟਰਾਂਸਫਾਰਮਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਜਿੱਥੇ ਨਵੇਂ ਟਰਾਂਸਫਾਰਮਰਾਂ ਦੀ ਲੋੜ ਹੋਵੇਗੀ, ਉੱਥੇ ਜਲਦੀ ਹੀ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ। ਸ਼੍ਰੀ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਕੱਲ੍ਹ ਰੋਜ਼ ਗਾਰਡਨ ਵਿੱਚ ਹਾਈ-ਟੈਕ ਕੰਟੀਨ ਦੇ ਕੰਮ ਦਾ ਉਦਘਾਟਨ ਕੀਤਾ ਸੀ ਅਤੇ ਇਹ ਕੰਟੀਨ ਅਗਲੇ 3 ਮਹੀਨਿਆਂ ਵਿੱਚ ਤਿਆਰ ਹੋ ਜਾਵੇਗੀ ਤੇ ਆਮ ਲੋਕਾਂ ਨੂੰ ਸੌਂਪ ਦਿੱਤੀ ਜਾਵੇਗੀ। ਖੁਸ਼ਖਬਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ, ਜੋਗਰ ਪਾਰਕ ਵਿੱਚ ਵੀ ਜਲਦੀ ਹੀ ਕੰਟੀਨ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਸਹਿਯੋਗ ਦੇਣ ਲਈ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਉਹ ਇਸੇ ਰਫਤਾਰ ਨਾਲ ਕੰਮ ਜਾਰੀ ਰੱਖਣਗੇ ਤਾਂ ਜੋ ਬਠਿੰਡਾ ਨੂੰ ਸਮੱਸਿਆਵਾਂ ਤੋਂ ਮੁਕਤ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨਾਲ ਏਟੀਪੀ ਮਨੋਜ ਕੁਮਾਰ, ਏਟੀਪੀ ਦਵਿੰਦਰ ਪਾਲ ਸ਼ਰਮਾ, ਹੈੱਡ ਡਰਾਫਟਸਮੈਨ ਸਤੀਸ਼ ਮਲਹੋਤਰਾ ਅਤੇ ਪੀਏ ਟੂ ਮੇਅਰ ਸੁਰੇਸ਼ ਸੇਤੀਆ ਮੌਜੂਦ ਸਨ।