ਪੀ ਪੀ ਸੀ ਬੀ ਨੇ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਚ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਗਰੂਕਤਾ ਪ੍ਰੋਗਰਾਮ ਕੀਤਾ
ਹਰਜਿੰਦਰ ਸਿੰਘ ਭੱਟੀ
ਐਸਏਐਸ ਨਗਰ, 23 ਮਈ, 2025: 5 ਜੂਨ ਨੂੰ ਮਨਾਏ ਜਾਣ ਵਾਲੇ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (ਪੀ ਪੀ ਸੀ ਬੀ) ਦੇ ਐਸ ਏ ਐਸ ਨਗਰ ਵਿਖੇ ਸਥਿਤ ਖੇਤਰੀ ਦਫ਼ਤਰ ਨੇ ਗਿਆਨ ਜਯੋਤੀ ਗਲੋਬਲ ਸਕੂਲ, ਸੈਕਟਰ 54, ਮੋਹਾਲੀ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕੀਤਾ। ਇਹ ਸਮਾਗਮ ਇਸ ਸਾਲ ਦੇ ਵਾਤਾਵਰਣ ਦਿਵਸ ਦੇ ਥੀਮ - "ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ" ਨੂੰ ਉਤਸ਼ਾਹਿਤ ਕਰਨ ਲਈ ਕੀਤਾ ਗਿਆ ਸੀ।
ਇੰਜੀਨੀਅਰ ਰਣਤੇਜ ਸ਼ਰਮਾ, ਵਾਤਾਵਰਣ ਇੰਜੀਨੀਅਰ, ਪੀ ਪੀ ਸੀ ਬੀ ਨੇ ਸਮਾਗਮ ਦੀ ਆਰੰਭਤਾ ਕਰਦਿਆਂ, ਇਸਦੇ ਉਦੇਸ਼ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਡਰਾਇੰਗ ਮੁਕਾਬਲਾ, ਵਾਤਾਵਰਣ ਸੈਮੀਨਾਰ ਅਤੇ ਸਹੁੰ ਚੁੱਕ ਰਸਮ ਸਮੇਤ ਕਈ ਗਤੀਵਿਧੀਆਂ ਸ਼ਾਮਲ ਸਨ। ਇਸ ਸਮਾਗਮ ਵਿੱਚ 120 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਰਚਨਾਤਮਕਤਾ ਅਤੇ ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।
ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿੱਚ ਪਲਾਸਟਿਕ ਪ੍ਰਦੂਸ਼ਣ ਦੇ ਨੁਕਸਾਨਦੇਹ ਪ੍ਰਭਾਵਾਂ, ਸਫਾਈ ਬਣਾਈ ਰੱਖਣ ਲਈ ਕੂੜੇਦਾਨਾਂ ਦੀ ਵਰਤੋਂ ਕਰਨ ਦੀ ਮਹੱਤਤਾ, ਅਤੇ ਪਲਾਸਟਿਕ ਪੈਕੇਜਿੰਗ ਨਾਲੋਂ ਸਟੀਲ ਦੇ ਭਾਂਡਿਆਂ ਦੀ ਚੋਣ ਕਰਨ ਦੇ ਫਾਇਦਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਵਿਦਿਆਰਥੀਆਂ ਨੂੰ ਸਿੰਗਲ-ਯੂਜ਼ ਪਲਾਸਟਿਕ ਦੇ ਖ਼ਤਰਿਆਂ ਅਤੇ ਇਲੈਕਟ੍ਰਾਨਿਕ ਰਹਿੰਦ-ਖੂੰਹਦ ਦੇ ਢੁਕਵੇਂ ਨਿਪਟਾਰੇ ਅਤੇ ਰੀਸਾਈਕਲਿੰਗ ਬਾਰੇ ਜਾਗਰੂਕ ਕਰਨ 'ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ।
"ਬੀਟ ਪਲਾਸਟਿਕ ਪ੍ਰਦੂਸ਼ਣ" ਥੀਮ ਵਾਲੇ ਡਰਾਇੰਗ ਮੁਕਾਬਲੇ ਵਿੱਚ ਵਿਦਿਆਰਥੀਆਂ ਵੱਲੋਂ ਪਲਾਸਟਿਕ ਰਹਿੰਦ-ਖੂੰਹਦ ਨੂੰ ਘਟਾਉਣ ਦੀ ਵਕਾਲਤ ਕਰਦੇ ਹੋਏ ਜੀਵੰਤ ਦ੍ਰਿਸ਼ਟਾਂਤ ਅਤੇ ਸੰਦੇਸ਼ ਪੇਸ਼ ਕੀਤੇ ਗਏ। ਪੀ ਪੀ ਸੀ ਬੀ ਟੀਮ ਦੁਆਰਾ ਕਰਵਾਏ ਗਏ ਸੈਮੀਨਾਰ ਵਿੱਚ ਇੱਕਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਬਦਲ ਬਾਰੇ ਵਿਹਾਰਕ ਸੂਝ-ਬੂਝ ਪੇਸ਼ ਕੀਤੀ ਗਈ ਅਤੇ ਜ਼ਮੀਨੀ ਪੱਧਰ 'ਤੇ ਪਲਾਸਟਿਕ ਪ੍ਰਦੂਸ਼ਣ ਨਾਲ ਲੜਨ ਲਈ ਮਿਸ਼ਨ ਲਾਈਫ (ਵਾਤਾਵਰਣ ਲਈ ਜੀਵਨਸ਼ੈਲੀ) ਪਹਿਲਕਦਮੀਆਂ 'ਤੇ ਜ਼ੋਰ ਦਿੱਤਾ ਗਿਆ।
ਸਮੂਹਿਕ ਵਚਨਬੱਧਤਾ ਦੇ ਪ੍ਰਗਟਾਵੇ ਵਿੱਚ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਸਹੁੰ ਚੁੱਕ ਰਸਮ ਵਿੱਚ ਹਿੱਸਾ ਲਿਆ ਤੇ ਆਪਣੀ ਜ਼ਿੰਦਗੀ ਵਿੱਚ ਪਲਾਸਟਿਕ ਦੀ ਖਪਤ ਨੂੰ ਘਟਾਉਣ, ਟਿਕਾਊ ਅਭਿਆਸਾਂ ਨੂੰ ਅਪਣਾਉਣ ਅਤੇ ਸਾਫ਼, ਹਰੇ ਭਰੇ ਵਾਤਾਵਰਣ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਲਿਆ।
ਵਿਦਿਆਰਥੀਆਂ ਦੀ ਭਾਗੀਦਾਰੀ ਅਤੇ ਉਤਸ਼ਾਹ ਨੂੰ ਵਧਾਉਣ ਲਈ, ਉਨ੍ਹਾਂ ਨੂੰ ਤੋਹਫ਼ੇ ਅਤੇ ਰਿਫਰੈਸ਼ਮੈਂਟ ਦਿੱਤੀ ਗਈ।
ਇਹ ਸਮਾਗਮ ਪਲਾਸਟਿਕ ਪ੍ਰਦੂਸ਼ਣ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਪ੍ਰੇਰਨਾ ਦਿੰਦਿਆਂ ਸਮਾਪਤ ਹੋਇਆ।