ਜਮਹੂਰੀ ਅਧਿਕਾਰ ਸਭਾ ਪੰਜਾਬ ਵੱਲੋਂ ਮਾਓਵਾਦੀਆਂ ਨੂੰ ਕੁਚਲਣ ਦੇ ਨਾਮ ਹੇਠ ਝੂਠੇ ਪੁਲਿਸ ਮੁਕਾਬਲਿਆਂ ਦੀ ਸਖ਼ਤ ਨਿੰਦਾ
ਕਾਮਰੇਡ ਕੇਸਵਰਾ ਦੀ ਹੱਤਿਆ ਦੀ ਉੱਚ ਪੱਧਰੀ ਜਾਂਚ ਦੀ ਮੰਗ
ਦਲਜੀਤ ਕੌਰ
ਚੰਡੀਗੜ੍ਹ, 23 ਮਈ, 2025: ਜਮਹੂਰੀ ਅਧਿਕਾਰ ਸਭਾ ਪੰਜਾਬ ਛਤਸੀਗੜ੍ਹ ਵਿੱਚ ਭਾਜਪਾ ਸਰਕਾਰ ਵੱਲੋਂ ਨਕਸਲਵਾਦ ਤੇ ਮਾਓਵਾਦ ਨੂੰ ਕੁੱਚਲਣ ਲਈ ਵਿੱਢੇ ਉਪਰੇਸ਼ਨ ਦੌਰਾਨ ਕੀਤੀਆਂ ਜਾ ਰਹੀਆਂ ਨਿਹੱਥੇ ਮਾਓਵਾਦੀਆਂ ਦੀਆਂ ਹਤਿਆਵਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਸੂਬਾ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਪ੍ਰਿਤਪਾਲ ਸਿੰਘ, ਜਨਰਲ ਸਕੱਤਰ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਾਓਵਾਦੀਆਂ ਨਾਲ ਲੜਨ ਦੀ ਨਾਮ ਹੇਠ ਸਰਕਾਰ ਵੱਲੋਂ ਵਿੱਢੇ ਹੋਏ ਅਪਰੇਸ਼ਨ ਕਾਗਾਰ ਤਹਿਤ ਨਾ ਸਿਰਫ ਸੰਘਰਸ਼ੀਲ ਲੋਕਾਂ ਨੂੰ ਵਿਸ਼ਾਲ ਪੱਧਰ ’ਤੇ ਉਜਾੜਿਆ ਜਾ ਰਿਹਾ ਹੈ ਅਤੇ ਬੇਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਨੂੰ ਫਰਜੀ ਮੁਕਾਬਲਿਆਂ ਹੇਠ ਖਪਾਇਆ ਜਾ ਰਿਹਾ ਹੈ। ਇਹ ਭਿਆਨਕ ਵਰਤਾਰਾ ਛਤੀਸ਼ਗੜ੍ਹ ਦੇ ਪਹਾੜੀ ਤੇ ਨੀਮ ਪਹਾੜੀ ਖੇਤਰਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਹਿਤ ਕੀਤਾ ਜਾ ਰਿਹਾ ਹੈ ਜਿਨ੍ਹਾਂ ਹੇਠ ਦੇਸ਼ ਦੇ ਬਹੁਮੁੱਲੇ ਖਣਿਜ ਪਦਾਰਥ ਹਨ। ਪਿਛਲੇ ਦਿਨਾਂ ਤੋਂ ਹੀ ਆਦਿਵਾਸੀਆਂ ਦੇ ਬੇਰਹਿਮੀ ਨਾਲ ਕਤਲਾਂ ਦੀਆਂ ਖਬਰਾਂ ਸੁਰਖੀਆਂ ਬਣੀਆਂ ਇਸ ਤੋਂ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੇਠ ਸੈਂਕੜੇ ਆਦਿਵਾਸੀ ਕਤਲ ਕੀਤੇ ਜਾ ਚੁੱਕੇ ਹਨ। ਕੇਂਦਰ ਭਾਜਪਾ ਕੋਲ ਇਸ ਨੂੰ ਮਾਓਵਾਦ ਨੂੰ ਕੁਚਲਣ ਦਾ ਨਾਮ ਦੇ ਰਹੀ ਹੈ ਅਤੇ ਜਦੋਂ ਕਿ ਸਰਕਾਰ ਵੱਲੋਂ ਪਾਬੰਦੀਸ਼ੁਦਾ ਮਾਓਵਾਦੀ ਪਾਰਟੀ ਨੇ ਸਰਕਾਰ ਅੱਗੇ ਗੱਲਬਾਤ ਦੀ ਪੇਸ਼ਕਸ਼ ਕੀਤੀ ਪਰ ਸਰਕਾਰ ਗੱਲਬਾਤ ਨਾਲੋਂ ਵਹਿਸ਼ੀ ਕਤਲੇਆਮ ਨੂੰ ਅੰਜਾਮ ਦੇਣ ਉੱਤੇ ਤੁਲੀ ਹੋਈ ਹੈ। ਜਦੋਂ ਕਿ ਦੇਸ਼ ਦੇ ਚੋਟੀ ਦੇ ਹਜ਼ਾਰ ਤੋਂ ਵੱਧ ਬੁੱਧੀਜੀਵੀ, ਪ੍ਰੋਫੈਸਰ ਜਮਹੂਰੀ ਅਧਿਕਾਰਾਂ ਲਈ ਲੜਨ ਵਾਲੇ ਲੋਕਾਂ ਨੇ ਵੀ ਇਸ ਜਬਰ ਵਿਰੁੱਧ ਆਵਾਜ਼ ਉਠਾਉਂਦਿਆਂ ਮੋਦੀ ਹਕੂਮਤ ਨੂੰ ਆਦਿਵਾਸ਼ੀਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ। ਹੁਣੇ ਹੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਕਮਿਊਨਿਸਟ ਪਾਰਟੀ ਮਾਓਵਾਦੀ ਦੇ ਆਗੂ ਕੇਸ਼ਵਰਾ ਨੂੰ ਮੁਕਾਬਲੇ ਚ ਮਾਰਿਆ ਹੈ ਜਦੋਂ ਕਿ ਹਕੀਕਤ ਇਹ ਹੈ ਕਿ 72 ਸਾਲਾ ਕਾਮਰੇਡ ਕੇਸ਼ਵਰਾਓ ਬੀਮਾਰ ਸੀ ਅਤੇ ਉਹ ਓੜੀਸਾ ਵਿੱਚ ਇਲਾਜ ਕਰਵਾ ਰਿਹਾ ਸੀ, ਉਥੋਂ ਉਹਨੂੰ ਕਈ ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ। ਇਹ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਦੇਸ਼ ਦੇ ਕਾਨੂੰਨ ਦੀ ਨੰਗੀ ਚਿੱਟੀ ਉਲੰਘਣਾ ਹੈ ਅਤੇ ਭਾਜਪਾ ਸਰਕਾਰ ਦੀ ਸਪਸ਼ਟ ਨੀਤੀ ਦਾ ਹਿੱਸਾ ਹੈ ਜਿਸ ਤਹਿਤ ਉਹ ਹਰ ਵਿਰੋਧ ਨੂੰ ਤਾਕਤ ਤੇ ਦਹਿਸ਼ਤ ਨਾਲ ਕੁਚਲਣ ’ਤੇ ਤੁਲੀ ਹੋਈ ਹੈ ਮੋਦੀ ਅਤੇ ਅਮਿਤਸ਼ਾਹ ਨਕਸਲਬਾਦ ਵਾਦ ਨੂੰ ਕੁਚਲਣ ਅਤੇ ਮਾਰਚ 2026 ਤੱਕ ਖਤਮ ਕਰਨ ਦੀ ਭਾਸ਼ਾ ਬੋਲ ਰਹੇ ਹਨ ਅਤੇ ਇਸ਼ਨਾਨ ਹੇਠ ਛਤਸੀਗੜ੍ਹ ਦੇ ਬਸਤਰ ਖੇਤਰ ਵਿਚ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕਰਨ ਵਾਲੇ ਆਦਿਵਾਸ਼ੀਆਂ ਦਾ ਪੈਰਾਮਿਲਟਰੀ ਫੋਰਸਾਂ ਨਾਲ ਸਫ਼ਾਇਆ ਕਰ ਰਹੇ ਹਨ। ਜਿੱਥੇ ਇਹ ਅਤੀ ਨਿੰਦਨਯੋਗ ਹੈ ਤੇ ਫੋਰਨ ਬੰਦ ਹੋਣਾ ਚਾਹੀਦਾ ਹੈ ਉਥੇ ਬਿਮਾਰ ਕਾਮਰੇਡ ਕੇਸ਼ਵਾਰਾਓ ਨੂੰ ਉੜੀਸਾ ਚੋਂ ਗ੍ਰਿਫ਼ਤਾਰ ਕਰਕੇ ਬਸਤਰ ਵਿੱਚ ਲਿਆ ਕੇ ਮਾਰ ਮੁਕਾਉਣ ਵਾਲੀ ਘਟਨਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਇਸ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੰਦੀ ਹੈ।