ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਐਚਪੀਸੀਐਲ ਵੱਲੋਂ ਏਮਜ਼ ਨੂੰ ਦੋ ਆਈਸੀਯੂ ਵੈਂਟੀਲੇਟਰ ਭੇਂਟ
ਅਸ਼ੋਕ ਵਰਮਾ
ਬਠਿੰਡਾ, 23 ਮਈ, 2025 : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਯੋਗ ਅਗਵਾਈ ਹੇਠ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐਚਪੀਸੀਐਲ) ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐਸਆਰ) ਦੇ ਹਿੱਸੇ ਵਜੋਂ ਸਥਾਨਕ ਏਮਜ਼ ਨੂੰ ਸਿਹਤ ਸੰਭਾਲ ਬੁਨਿਆਦੀ ਢਾਂਚੇ ਲਈ 28.6 ਲੱਖ ਰੁਪਏ ਦੀ ਲਾਗਤ ਨਾਲ ਦੋ ਆਈਸੀਯੂ ਵੈਂਟੀਲੇਟਰ ਦੇ ਕੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਇਸ ਮੌਕੇ ਐਚਪੀਸੀਐਲ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਵੀ ਕੁਮਾਰ ਰਾਪੇਟੀ, ਮੁੱਖ ਪ੍ਰਬੰਧਕ ਸ਼੍ਰੀ ਚੰਦਰ ਸ਼ੇਖਰ, ਸਹਾਇਕ ਪ੍ਰਬੰਧਕ ਸ਼੍ਰੀ ਮੁਹੰਮਦ ਅਜ਼ਹਰੂਦੀਨ, ਸਹਾਇਕ ਮੈਨੇਜਰ ਸ਼੍ਰੀ ਰਾਮ ਕੱਕੜ ਏਮਜ਼ ਦੇ ਮੈਡੀਕਲ-ਸੁਪਰਡੈਂਟ ਡਾ. ਰਾਜੀਵ ਕੁਮਾਰ, ਅਤੇ ਡਾਇਰੈਕਟਰ ਮੈਡੀਕਲ ਸੁਪਰਡੈਂਟ ਡਾ. ਐਮ.ਐਸ. ਮਿਰਜ਼ਾ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਇਸ ਨਾਲ ਏਮਜ਼ ਬਠਿੰਡਾ ਦੀਆਂ ਐਮਰਜੈਂਸੀ ਸੰਭਾਲ ਸਮਰੱਥਾਵਾਂ ਵਿੱਚ ਵਾਧਾ ਹੋਣ ਦੀ ਉਮੀਦ ਹੈ ਜਿਸ ਨਾਲ ਬਠਿੰਡਾ ਅਤੇ ਪੰਜਾਬ ਦੀ ਇੱਕ ਵਿਸ਼ਾਲ ਆਬਾਦੀ ਨੂੰ ਲਾਭ ਹੋਵੇਗਾ।
ਇਸ ਮੌਕੇ ਐਚਪੀਸੀਐਲ ਦੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਰਵੀ ਕੁਮਾਰ ਰਾਪੇਟੀ ਨੇ ਕਿਹਾ ਕਿ ਇਹ ਵੈਂਟੀਲੇਟਰ ਚੱਲ ਰਹੇ ਬਠਿੰਡਾ-ਸੰਗਰੂਰ ਪਾਈਪਲਾਈਨ ਪ੍ਰੋਜੈਕਟ ਦੇ ਤਹਿਤ ਬਠਿੰਡਾ ਏਮਜ ਨੂੰ ਸਪੁਰਦ ਕੀਤੇ ਗਏ ਹਨ।
ਉਹਨਾਂ ਕਿਹਾ ਕਿ ਬਠਿੰਡਾ ਸਮੇਤ ਮਾਨਸਾ, ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚੋਂ ਲੰਘਦਾ ਹੋਇਆ 88 ਕਿਲੋਮੀਟਰ ਲੰਬਾ ਬਠਿੰਡਾ ਸੰਗਰੂਰ ਪਾਈਪਲਾਈਨ ਪ੍ਰੋਜੈਕਟ ਬੀਐੱਸਪੀਐਲ ਸ਼ੁਰੂ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਪਾਈਪਲਾਈਨ ਟ੍ਰੈਫਿਕ ਭੀੜ ਨੂੰ ਘਟਾਏਗੀ ਅਤੇ ਪੈਟਰੋਲੀਅਮ ਉਤਪਾਦਾਂ ਦੀ ਆਵਾਜਾਈ ਦਾ ਇੱਕ ਵਾਤਾਵਰਣ ਅਨੁਕੂਲ ਤਰੀਕਾ ਹੈ।