ਸੂਬੇ ਨੂੰ ਨਸ਼ਾ ਮੁਕਤ ਕਰਕੇ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ - ਸੋਨੀਆ ਮਾਨ
- ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 16 ਮਈ ਤੋਂ ਸੂਬੇ ਵਿੱਚ ਸ਼ੁਰੂ ਹੋਵੇਗੀ ਨਸ਼ਾ ਮੁਕਤੀ ਯਾਤਰਾ , ਜ਼ਿਲ੍ਹੇ ਹਰੇਕ ਪਿੰਡ ਤੇ ਸ਼ਹਿਰ ਵਿੱਚ ਨਸ਼ੇ ਵਿਰੁੱਧ ਕੰਮ ਕਰਨਗੇ ਸਾਡੇ ਵਲੰਟੀਅਰ - ਮਾਣਿਕ ਮਹਿਤਾ
ਰੋਹਿਤ ਗੁਪਤਾ
ਗੁਰਦਾਸਪੁਰ, 15 ਮਈ 2025 - (ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਰਾਜ ਭਰ ਵਿੱਚ ਲੜੀ ਜਾ ਰਹੀ ਲੜਾਈ ਲਈ ਘਰ-ਘਰ ਦਾ ਸਾਥ ਲੈਣ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਜ਼ੋਨ ਕੋਆਰਡੀਨੇਟਰ ਸੋਨੀਆ ਮਾਨ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਮਾਣਿਕ ਮਹਿਤਾ ਵੱਲੋਂ ਗੁਰਦਾਸਪੁਰ ਵਿਖੇ ਹਲਕਾ ਅਤੇ ਬਲਾਕ ਕੋਆਰਡੀਨੇਟਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ 16 ਮਈ ਤੋਂ ਸ਼ੁਰੂ ਹੋਣ ਜਾ ਰਹੀ ਨਸ਼ਾ ਮੁਕਤੀ ਯਾਤਰਾ ਨੂੰ ਸਫਲ ਬਣਾਉਣ ਲਈ ਵਿਚਾਰਾਂ ਕੀਤੀਆਂ ਗਈਆਂ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ੋਨ ਕੋਆਰਡੀਨੇਟਰ ਸੋਨੀਆ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਡਟਵੀਂ ਲੜਾਈ ਲੜ ਰਹੀ ਹੈ ਅਤੇ ਇਸ ਲਈ ਸਾਡੀ ਪਾਰਟੀ ਵੀ ਸਰਕਾਰ ਦੀ ਇਸ ਮੁਹਿੰਮ ਦਾ ਸਾਥੀ ਬਣਕੇ ਪੰਜਾਬ ਦੇ ਹਰੇਕ ਘਰ ਵਿੱਚ ਦਸਤਕ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਲਈ ਪੰਜਾਬ ਨੂੰ ਪੰਜ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸਾਡੇ ਵਲੰਟੀਅਰ ਪੰਜਾਬ ਦੇ ਹਰੇਕ ਘਰ ਵਿੱਚ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਨਗੇ। ਜੇਕਰ ਕੋਈ ਉਸ ਪਰਿਵਾਰ ਦਾ ਮੈਂਬਰ ਨਸ਼ਾ ਕਰਦਾ ਹੈ ਤਾਂ ਉਸ ਦਾ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪਹਿਲਾਂ ਪਿੰਡਾਂ ਵਿੱਚ ਚਲਾਈ ਜਾਵੇਗੀ, ਫਿਰ ਇਹ ਛੋਟੇ ਕਸਬਿਆਂ ਵਿੱਚ ਅਤੇ ਫਿਰ ਸ਼ਹਿਰਾਂ ਦੇ ਵਿੱਚ ਇਸ ਲੜੀ ਤਹਿਤ ਲੋਕਾਂ ਕੋਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਹਿਯੋਗ ਲਿਆ ਜਾਵੇਗਾ।
ਮਾਝੇ ਦੇ ਕੋਆਰਡੀਨੇਟਰ ਸੋਨੀਆ ਮਾਨ ਨੇ ਕਿਹਾ ਕਿ ਸਾਡੀਆਂ ਟੀਮਾਂ ਬਿਲਕੁਲ ਤਿਆਰ ਹਨ ਅਤੇ ਅਸੀਂ ਮਾਝੇ ਵਿੱਚ ਇਸ ਕਾਰਵਾਈ ਨੂੰ ਅੰਜਾਮ ਤੱਕ ਪਹੁੰਚਾਵਾਂਗੇ। ਉਨ੍ਹਾਂ ਕਿਹਾ ਕਿ ਗੁਰੂਆਂ, ਪੀਰਾਂ ਦੀ ਇਸ ਧਰਤੀ ਨੂੰ ਲੱਗੇ ਘੁਣ ਨੂੰ ਸਾਫ਼ ਕਰਨ ਤੱਕ ਸਾਡੀ ਮੁਹਿੰਮ ਜਾਰੀ ਰਹੇਗੀ ਅਤੇ ਅਸੀਂ ਪੰਜਾਬ ਨੂੰ ਮੁੜ ਰੰਗਲਾ ਬਣਾਵਾਂਗੇ।
ਜ਼ਿਲ੍ਹਾ ਕੋਆਰਡੀਨੇਟਰ ਅਤੇ ਮਾਰਕਿਟ ਕਮੇਟੀ ਬਟਾਲਾ ਦੇ ਚੇਅਰਮੈਨ ਸ੍ਰੀ ਮਾਣਿਕ ਮਹਿਤਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਯੁੱਧ ਨਸ਼ਿਆਂ ਵਿਰੁੱਧ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ 16 ਮਈ ਤੋਂ ਸੂਬੇ ਭਰ ਵਿੱਚ ਨਸ਼ਾ ਮੁਕਤੀ ਯਾਤਰਾ ਸ਼ੁਰੂ ਹੋ ਰਹੀ ਹੈ ਜਿਸ ਤਹਿਤ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਾ ਦੇ ਆਦੀ ਹਨ, ਉਨ੍ਹਾਂ ਬਾਰੇ ਪੁਲਿਸ ਨੂੰ ਸਖ਼ਤ ਹਦਾਇਤਾਂ ਹਨ ਕਿ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ, ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਇਸ ਲਈ ਸਰਕਾਰ ਵੱਲੋਂ ਨਸ਼ਾ ਛਡਾਊ ਕੇਂਦਰਾਂ ਵਿੱਚ ਉਨ੍ਹਾਂ ਦਾ ਇਲਾਜ ਕਰਵਾਉਣ ਦੇ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਉੱਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ, ਸਰਕਾਰੀ ਨੌਕਰੀਆਂ ਵਿੱਚ ਭਰਤੀ ਚੱਲ ਰਹੀ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਹੁਨਰਮੰਦ ਸਿੱਖਿਆ ਦੇਣ ਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣਾ ਵੱਧ-ਚੜ ਕੇ ਸਾਥ ਦੇਣ।
ਮੀਟਿੰਗ ਦੌਰਾਨ ਮਨਜੀਤ ਸਿੰਘ ਬਮਰਾਹ, ਨੀਰਜ ਸਲਹੋਤਰਾ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ ਸੋਢੀ, ਹਨੀ ਚੌਹਾਨ, ਕਾਰਤਿਕ, ਅੰਮ੍ਰਿਤਪਾਲ ਸਿੰਘ, ਅਰਸ਼ਦੀਪ ਸਿੰਘ, ਕਰਮਜੀਤ ਸਿੰਘ ਅਤੇ ਦਵਿੰਦਰ ਸਿੰਘ (ਸਾਰੇ ਵਿਧਾਨ ਸਭਾ ਹਲਕਾ ਕੋਆਰਡੀਨੇਟਰ) ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਕੋਆਰਡੀਨੇਟਰ ਵੀ ਹਾਜ਼ਰ ਸਨ।