ਐਮ ਐਸ ਐਮ ਈ ਵਿਸਥਾਰ ਕੇਂਦਰ ਦੀ ਸਥਾਪਤੀ ਸਬੰਧੀ ਭਾਗੀਦਾਰਾਂ ਦੀ ਸਲਾਹ-ਮਸ਼ਵਰਾ ਮੀਟਿੰਗ ਮੋਹਾਲੀ ਵਿੱਚ ਹੋਈ
ਹਰਜਿੰਦਰ ਸਿੰਘ ਭੱਟੀ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਮਈ, 2025: ਐਮ ਐਸ ਐਮ ਈ ਮੰਤਰਾਲੇ ਦੀ ਯੋਜਨਾ, 'ਨਵੇਂ ਤਕਨਾਲੋਜੀ ਕੇਂਦਰਾਂ/ਐਕਸਟੈਂਸ਼ਨ ਕੇਂਦਰਾਂ ਦੀ ਸਥਾਪਨਾ' ਅਧੀਨ ਜ਼ਿਲ੍ਹੇ ਵਿੱਚ ਵਿਸਥਾਰ ਕੇਂਦਰ ਦੀ ਪ੍ਰਸਤਾਵਿਤ ਸਥਾਪਨਾ 'ਤੇ ਚਰਚਾ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ (ਡੀ ਆਈ ਸੀ), ਮੋਹਾਲੀ (ਐਸ ਏ ਐਸ ਨਗਰ) ਵਿਖੇ ਅੱਜ ਭਾਗੀਦਾਰਾਂ ਦੀ ਇੱਕ ਸਲਾਹ-ਮਸ਼ਵਰਾ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦਾ ਉਦੇਸ਼ ਮੰਤਰਾਲੇ ਦੀ ਪਹਿਲਕਦਮੀ ਬਾਰੇ ਭਗੀਦਰਾਂ ਨੂੰ ਜਾਣੂ ਕਰਵਾਉਣਾ ਅਤੇ ਮੋਹਾਲੀ ਵਿੱਚ ਵਿਸਥਾਰ ਕੇਂਦਰ ਸਥਾਪਤ ਕਰਨ ਲਈ ਸੁਝਾਅ ਹਾਸਲ ਕਰਨਾ ਸੀ।
ਮੀਟਿੰਗ ਦੀ ਪ੍ਰਧਾਨਗੀ ਅਰਸ਼ਜੀਤ ਸਿੰਘ, ਜਨਰਲ ਮੈਨੇਜਰ, ਡੀ ਆਈ ਸੀ, ਮੋਹਾਲੀ ਨੇ ਕੀਤੀ, ਜਿਨ੍ਹਾਂ ਨੇ ਆਧੁਨਿਕ ਮਸ਼ੀਨਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਹੇਠਲੇ ਪੱਧਰ ਤੱਕ ਕਰਮਚਾਰੀਆਂ ਨੂੰ ਹੁਨਰਮੰਦ ਬਣਾਉਣ ਅਤੇ ਤਕਨੀਕੀ ਗਿਆਨ ਵਧਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਰਕਾਰੀ ਪੌਲੀਟੈਕਨਿਕ ਕਾਲਜ, ਖੂਨੀਮਾਜਰਾ ਵਿਖੇ ਪ੍ਰਸਤਾਵਿਤ ਵਿਸਥਾਰ ਕੇਂਦਰ, ਮੌਜੂਦਾ ਹੁਨਰ ਦੇ ਪਾੜੇ ਨੂੰ ਪੂਰਾ ਕਰੇਗਾ ਅਤੇ ਜ਼ਿਲ੍ਹੇ ਵਿੱਚ ਮਾਨਵੀ ਸ਼ਕਤੀ ਦੇ ਵਿਕਾਸ ਵਿੱਚ ਯੋਗਦਾਨ ਪਾਵੇਗਾ।
ਇਸ ਮੀਟਿੰਗ ਵਿੱਚ ਜ਼ਿਲ੍ਹਾ ਰੀਸੋਰਸ ਵਿਅਕਤੀਆਂ, ਉਦਯੋਗ ਵਿਸਥਾਰ ਅਧਿਕਾਰੀਆਂ, ਪੰਜਾਬ ਹੁਨਰ ਵਿਕਾਸ ਮਿਸ਼ਨ, ਪੰਜਾਬ ਵਿਕਾਸ ਨਿਗਮ ਦੇ ਅਧਿਕਾਰੀਆਂ, ਸੀ ਟੀ ਆਰ ਲੁਧਿਆਣਾ ਦੇ ਪ੍ਰਤੀਨਿਧੀਆਂ, ਸੀ ਆਈ ਆਈ - ਮੋਹਾਲੀ ਜ਼ੋਨ, ਮੋਹਾਲੀ ਇੰਡਸਟਰੀਅਲ ਐਸੋਸੀਏਸ਼ਨ, ਚਨਾਲੋਂ ਇੰਡਸਟਰੀਜ਼ ਐਸੋਸੀਏਸ਼ਨ ਅਤੇ ਸਥਾਨਕ ਉੱਦਮੀਆਂ ਸਮੇਤ ਮੁੱਖ ਹਿੱਸੇਦਾਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ।
ਅਨੀਜੀਤ ਭੱਟਾਚਾਰੀਆ, ਮੈਨੇਜਰ, ਗ੍ਰਾਂਟ ਥੋਰਨਟਨ ਭਾਰਤ ਨੇ ਭਾਗੀਦਾਰਾਂ ਨੂੰ ਇਸ ਯੋਜਨਾ ਤੋਂ ਜਾਣੂ ਕਰਵਾਇਆ ਅਤੇ ਪੰਜਾਬ ਵਿੱਚ ਇਸ ਪਹਿਲਕਦਮੀ ਨੂੰ ਲਾਗੂ ਕਰਨ ਵਿੱਚ ਆਈ ਆਰ ਸੀ ਓ ਐਨ ਇੰਟਰਨੈਸ਼ਨਲ ਅਤੇ ਸੀ ਟੀ ਆਰ ਲੁਧਿਆਣਾ ਦੀਆਂ ਭੂਮਿਕਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਦੱਸਿਆ ਕਿ ਮੋਹਾਲੀ ਵਿੱਚ ਵਿਸਥਾਰ ਕੇਂਦਰ 'ਹੱਬ ਐਂਡ ਸਪੋਕ ਮਾਡਲ' ਦੇ ਤਹਿਤ ਕੰਮ ਕਰੇਗਾ, ਜਿਸ ਵਿੱਚ ਸੀ ਟੀ ਆਰ ਲੁਧਿਆਣਾ 'ਹੱਬ' ਅਤੇ ਮੋਹਾਲੀ ਸੈਂਟਰ ਸਪੋਕ ਦੇ ਰੂਪ ਵਿੱਚ ਹੋਵੇਗਾ।
ਜ਼ਿਕਰਯੋਗ ਹੈ ਕਿ ਐਮ ਐਸ ਐਮ ਈ ਮੰਤਰਾਲੇ ਨੇ ਪਹਿਲਾਂ ਹੀ ਦੇਸ਼ ਭਰ ਵਿੱਚ 33 ਤਕਨਾਲੋਜੀ ਕੇਂਦਰ ਸਥਾਪਤ ਕੀਤੇ ਹਨ, ਅਤੇ ਮੌਜੂਦਾ ਯੋਜਨਾ ਦੇ ਤਹਿਤ, 20 ਨਵੇਂ ਤਕਨਾਲੋਜੀ ਕੇਂਦਰ ਅਤੇ 100 ਵਿਸਥਾਰ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਮੋਹਾਲੀ ਐਕਸਟੈਂਸ਼ਨ ਸੈਂਟਰ ਤੋਂ ਐਮ ਐਸ ਐਮ ਈਜ਼ ਨੂੰ ਮਹੱਤਵਪੂਰਨ ਉਤਪਾਦਨ ਸਹਾਇਤਾ ਸੇਵਾਵਾਂ ਪ੍ਰਦਾਨ ਕਰਨ ਅਤੇ ਨਵੇਂ ਅਤੇ ਮੌਜੂਦਾ ਦੋਵਾਂ ਕਰਮਚਾਰੀਆਂ ਨੂੰ ਉਦਯੋਗ-ਅਧਾਰਤ ਸਿਖਲਾਈ ਪ੍ਰਦਾਨ ਕਰਨ ਦੀ ਉਮੀਦ ਬਣੇਗੀ, ਜਿਸ ਨਾਲ ਸਥਾਨਕ ਐਮ ਐਸ ਐਮ ਈਜ਼ ਵਧੇਰੇ ਪ੍ਰਤੀਯੋਗੀ, ਉਤਪਾਦਕ ਅਤੇ ਨਵੀਨਤਾਕਾਰੀ ਹੋਣਗੇ।