ਕੇਂਦਰ ਸਰਕਾਰ ਪੰਜਾਬ ਦੇ ਪਾਣੀ ਨੂੰ ਲੁੱਟਣ ਦੀ ਕਰ ਰਹੀ ਹੈ ਸਾਜਿਸ਼: ਹਰਚੰਦ ਬਰਸਟ
--- ਆਮ ਆਦਮੀ ਪਾਰਟੀ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਸਾਜਿਸ਼ਾਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ
--- ‘ਆਪ’ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ – ਸਾਨੂੰ ਸਾਰਿਆਂ ਨੂੰ ਇੱਕਜੁਟ ਹੋ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਚੁੱਕਣੀ ਚਾਹੀਦੀ ਹੈ
ਚੰਡੀਗੜ੍ਹ, 2 ਮਈ 2025 – ਆਮ ਆਦਮੀ ਪਾਰਟੀ (ਆਪ), ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜੋਰਾ ਨਾਲ ਚਲਾਈ ਜਾ ਰਹੀ ਹੈ। ਪੁਲਿਸ ਪ੍ਰਸ਼ਾਸਨ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਹੈ। ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਲੋਕ ਲਹਿਰ ਬਣਾਉਣ ਦੀ ਲੋੜ ਹੈ, ਜਿਸ ਲਈ ਪੰਜਾਬ ਵਾਸੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ।
ਉੱਥੇ ਹੀ ਇਸ ਸਮੇਂ ਕੇਂਦਰ ਦੀ ਸਰਕਾਰ ਪੰਜਾਬ ਦਾ ਪਾਣੀ ਲੁੱਟਣ ਲਈ ਕਈ ਚਾਲਾ ਚੱਲ ਰਹੀ ਹੈ। ਦੇਸ਼ ਦੀ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਧੱਕੇ ਨਾਲ ਅਵਾਰਡ ਦੇ ਕੇ ਗੈਰ ਸਿਧਾਂਤਕ ਤਰੀਕੇ ਵਰਤ ਕੇ ਪੰਜਾਬ ਦਾ ਪਾਣੀ ਖੋਹਿਆ। ਹੁਣ ਕੇਂਦਰ ਦੀ ਮੋਦੀ ਸਰਕਾਰ ਇਸ ਤੋਂ ਅੱਗੇ ਜਾ ਕੇ ਪੰਜਾਬ ਨਾਲ ਬੇਇਨਸਾਫੀ ਕਰ ਰਹੀ ਹੈ ਅਤੇ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਜਾ ਰਹੀ ਹੈ, ਜਿਸਦਾ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਹਰਿਆਣਾ ਪਹਿਲਾਂ ਹੀ 3.110 ਐਮ.ਏ.ਐਫ. ਪਾਣੀ ਦੀ ਖਪਤ ਕਰ ਚੁੱਕਾ ਹੈ, ਜਦੋਂ ਕਿ ਉਸ ਦੀ ਸਾਲਾਨਾ ਵੰਡ 2.987 ਐਮ.ਏ.ਐਫ. ਹੈ। ਹਰਿਆਣਾ ਵੱਲੋਂ 8500 ਕਿਊਸਿਕ ਪਾਣੀ ਦੀ ਮੰਗ ਕੀਤੀ ਜਾ ਰਹੀ ਹੈ, ਜਦਕਿ ਉਨ੍ਹਾਂ ਨੂੰ ਪੀਣ ਵਾਸਤੇ 1700 ਕਿਊਸਿਕ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਹਿਲੀ ਬੇਇਨਸਾਫੀ ਨਹੀਂ ਹੈ। ਪੰਜਾਬ ਵਿੱਚ ਹੜ੍ਹ ਆਉਣ ਦੇ ਬਾਵਜੂਦ ਕੋਈ ਪੈਕਜ ਨਹੀਂ ਦਿੱਤਾ ਗਿਆ। ਕਰੀਬ 7000 ਕਰੋੜ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਹੈ।
ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਨੇ ਪਿਛਲੇ 11 ਸਾਲਾਂ ਵਿੱਚ ਵੱਡੇ ਅਦਾਰਿਆਂ ਦੇ 16.50 ਲੱਖ ਕਰੋੜ ਦੇ ਕਰਜੇ ਮੁਆਫ ਕੀਤੇ, ਪਰੰਤੁ ਪੰਜਾਬ ਦੇ ਕਿਸਾਨਾਂ, ਮਜਦੂਰਾਂ ਦਾ 94000 ਕਰੋੜ ਮੁਆਫ ਨਹੀਂ ਕੀਤਾ। ਮੋਦੀ ਦੀ ਛਵੀਂ ਚਮਕਾਉਣ ਲਈ 11 ਸਾਲਾਂ ਵਿੱਚ 15000 ਕਰੋੜ ਤੋਂ ਵੱਧ ਪ੍ਰਚਾਰ ਲਈ ਖਰਚ ਕੀਤਾ ਗਿਆ। ਭਾਰਤ ਵਿੱਚ ਫਿਰਕੂ ਵੰਡ ਪਾਉਣ ਲਈ ਭਾਜਪਾ ਨੇ ਹਰ ਹੀਲਾ ਵਰਤਿਆ, ਪਰੰਤੂ ਭਾਰਤ ਲੋਕ ਰਾਜ ਸੰਵਿਧਾਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਮੁਤਾਬਿਕ ਚੱਲਣਾ ਹੈ ਅਤੇ ਇਸ ਦੀ ਰਾਖੀ ਲਈ ਸਾਡੇ ਨੋਜਵਾਨਾਂ ਕੋਲ ਸ਼ਹੀਦ ਭਗਤ ਸਿੰਘ ਜੀ ਦਾ ਜੋਸ਼ ਹੈ, ਸਰਬੱਤ ਦੇ ਭਲੇ ਲਈ ਬਾਬਾ ਨਾਨਕ ਦੀ ਬਾਣੀ ਹੈ ਅਤੇ ਹੋਰ ਹਜਾਰਾ ਮਹਾਪੁਰਸ਼ ਮਨੁੱਖਤਾਂ ਦੇ ਭਲੇ ਦਾ ਸੰਦੇਸ਼ ਦੇ ਕੇ ਗਏ ਹਨ।
ਉਨ੍ਹਾਂ ਕਿਹਾ ਕਿ ਅੱਜ ਕੇਂਦਰ ਦੀ ਸਰਕਾਰ ਪੰਜਾਬ ਦੀ ਅਣਖ ਨੂੰ ਨਾ ਵੰਗਾਰੇ। ਸੰਵਿਧਾਨ ਮੁਤਾਬਿਕ ਸਾਡਾ ਹੱਕ ਸਾਨੂੰ ਦੇਵੇ, ਨਹੀਂ ਤਾਂ ਪੰਜਾਬ ਵਾਲੇ ਹੱਕ ਲੈਣਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਇਕ ਮੁੱਠ ਹੋਕੇ ਸਾਂਝੀ ਲੜਾਈ ਲਈ ਕੰਮ ਕਰਨਾ ਚਾਹੀਦਾ ਹੈ।