ਖੇਲੋ ਇੰਡੀਆ ਯੂਥ ਖੇਡਾਂ 2025 ਪਟਨਾ ਸਾਹਿਬ ਬਿਹਾਰ ਲਈ ਗੁਰਦਾਸਪੁਰ ਦੇ 7 ਜੂਡੋ ਖਿਡਾਰੀ ਹੋਏ ਰਵਾਨਾ
- ਰਵੀ ਕੁਮਾਰ ਹੋਣਗੇ ਪੰਜਾਬ ਦੀ ਟੀਮ ਦੇ ਕੋਚ
ਰੋਹਿਤ ਗੁਪਤਾ
ਗੁਰਦਾਸਪੁਰ 2 ਮਈ 2025 - 4 ਮਈ ਤੋਂ 15 ਮਈ ਤੱਕ ਭਾਰਤ ਸਰਕਾਰ ਦੀ ਵੱਕਾਰੀ ਸੰਸਥਾ ਖੇਲੋ ਇੰਡੀਆ ਸਕੀਮ ਤਹਿਤ ਭਾਰਤ ਪੱਧਰ ਦੀਆਂ 16 ਟੀਮਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਵਿਚ ਪੰਜਾਬ ਦੇ 24 ਖਿਡਾਰੀਆਂ ਦੀ ਟੀਮ ਵਿਚ ਗੁਰਦਾਸਪੁਰ ਦੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ 7 ਖਿਡਾਰੀ ਚੁਣੇ ਗਏ ਹਨ। ਪਟਨਾ ਸਾਹਿਬ ਜਾਣ ਤੋਂ ਪਹਿਲਾਂ ਜੂਡੋ ਸੈਂਟਰ ਵਿਖੇ ਸ੍ਰ ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਦੇ ਅਹੁਦੇਦਾਰਾਂ ਵੱਲੋਂ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਪੰਜਾਬ ਲਈ ਮੈਡਲ ਜਿੱਤ ਕੇ ਲਿਆਉਣ ਦੀ ਅਰਦਾਸ ਕੀਤੀ ਗਈ।
ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਸਕੂਲਜ ਗੇਮਸ ਫੈਡਰੇਸ਼ਨ ਆਫ ਇੰਡੀਆ ਅਤੇ ਜੂਡੋ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਗਈਆਂ ਨੈਸ਼ਨਲ ਪੱਧਰ ਦੀਆਂ ਖੇਡਾਂ ਵਿਚ ਪਹਿਲੀਆਂ 6 ਪੁਜੀਸ਼ਨ ਵਾਲੇ ਅਤੇ ਇੱਕ ਖਿਡਾਰੀ ਮੇਜ਼ਬਾਨ ਟੀਮ ਅਤੇ ਇੱਕ ਖਿਡਾਰੀ ਕੇਂਦਰੀ ਵਿਦਿਆਲੇ ਸਕੂਲ ਸਿੱਖਿਆ ਅਤੇ ਦੋ ਵਾਇਲਡ ਕਾਰਡ ਧਾਰਕਾਂ ਨੂੰ ਸਥਾਨ ਦਿੱਤਾ ਜਾਂਦਾ ਹੈ। ਟੀਮ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਇਸ ਟੀਮ ਵਿਚ ਰਘੂ ਮਹਿਰਾ , ਪੁਸਿਆ ਮਿਤ੍ਰ, ਹਰਮਨਜੀਤ ਸਿੰਘ, ਹਰਸ਼ਵਰਧਨ ਸ਼ਰਮਾ, ਹਰ ਪੁਨੀਤ ਕੌਰ , ਰਿਹਾਨ ਸ਼ਰਮਾ, ਪਰਵ ਪਹਿਲਾਂ ਹੀ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਮੈਡਲ ਵਿਜੇਤਾ ਖਿਡਾਰੀ ਹਨ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਖੇਡਾਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਅਤੇ ਢੁਕਵੇਂ ਵਜ਼ੀਫੇ ਦਿੱਤੇ ਜਾਂਦੇ ਹਨ। ਜ਼ਿਲ੍ਹਾ ਖੇਡ ਅਫ਼ਸਰ ਗੁਰਦਾਸਪੁਰ ਸਿਮਰਨਜੀਤ ਸਿੰਘ ਰੰਧਾਵਾ ਨੇ ਖਿਡਾਰੀਆਂ ਅਤੇ ਕੋਚ ਰਵੀ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਦਾਸਪੁਰ ਦੀ ਜੂਡੋ ਟੀਮ ਉੱਤੇ ਮਾਣ ਮਹਿਸੂਸ ਕਰਦੇ ਹਾਂ। ਉਹਨਾਂ ਭਰੋਸਾ ਦਿੱਤਾ ਕਿ ਖਿਡਾਰੀਆਂ ਲਈ ਜੂਡੋ ਮੈਟ, ਅਤੇ ਜੂਡੋ ਹਾਲ ਦੀ ਮੁਰੰਮਤ ਕਰਵਾਈ ਜਾਵੇਗੀ।
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਤਹਿਤ 7 ਮਈ ਚੋਣਵੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸ੍ਰੀ ਸਤੀਸ਼ ਕੁਮਾਰ, ਰਵਿੰਦਰ ਖੰਨਾ, ਪ੍ਰਿੰਸੀਪਲ ਅਮਰਜੀਤ ਸਿੰਘ ਮਨੀ, ਜ਼ਿਲ੍ਹਾ ਜੂਡੋਕਾ ਵੈਲਫੇਅਰ ਸੁਸਾਇਟੀ ਗੁਰਦਾਸਪੁਰ ਦੇ ਜਰਨਲ ਸਕੱਤਰ ਮੈਡਮ ਬਲਵਿੰਦਰ ਕੌਰ, ਜੂਡੋ ਕੋਚ ਅਤੁਲ ਕੁਮਾਰ, ਰਿਸ਼ੀ ਕੋਛੜ ਕੈਂਬਰਿਜ ਇੰਟਰਨੈਸ਼ਨਲ ਸਕੂਲ,ਜੂਡੋ ਕੋਚ ਲਕਸ਼ੇ ਕੁਮਾਰ ਅਤੇ ਬੈਡਮਿੰਟਨ ਕੋਚ ਰਾਕੇਸ਼ ਕੁਮਾਰ ਹਾਜ਼ਰ ਸਨ।