ਡਰਬੀ (ਯੂ. ਕੇ.) ਦੇ ਸਾਬਕਾ ਮੇਅਰ ਤੇ ਕੈਬਨਿਟ ਮੰਤਰੀ ਕੇਵਲ ਸਿੰਘ ਅਠਵਾਲ ਗੁਰੂ ਨਾਨਕ ਮਿਸ਼ਨ ਟਰੱਸਟ ਢਾਹਾਂ ਕਲੇਰਾਂ ਪੁੱਜੇ
ਬੰਗਾ 2 ਮਈ : ਡਰਬੀ, ਯੂ.ਕੇ. ਦੇ ਸਾਬਕਾ ਮੇਅਰ ਤੇ ਕੈਬਨਿਟ ਮੰਤਰੀ ਸ. ਕੇਵਲ ਸਿੰਘ ਅਠਵਾਲ ਆਪਣੀ ਧਰਮ ਪਤਨੀ ਬੀਬੀ ਲਖਵੀਰ ਕੌਰ ਅਠਵਾਲ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਮੈਡੀਕਲ ਸੇਵਾਵਾਂ ਅਤੇ ਸਿੱਖਿਆ ਦੇ ਖੇਤਰ ਵਿਚ ਚਾਰ ਦਹਾਕਿਆਂ ਤੋਂ ਕਾਰਜਸ਼ੀਲ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਮੁੱਖ ਦਫਤਰ ਢਾਹਾਂ ਕਲੇਰਾਂ ਵਿਖੇ ਪੁੱਜੇ ਅਤੇ ਚੱਲ ਰਹੀਆਂ ਵਿਦਿਅਕ ਅਤੇ ਮੈਡੀਕਲ ਸਿਹਤ ਸੰਸਥਾਵਾਂ ਦਾ ਦੌਰਾ ਕੀਤਾ । ਇਸ ਮੌਕੇ ਸ. ਅਠਵਾਲ ਨੇ ਗੱਲਬਾਤ ਕਰਦੇ ਹੋਏ ਟਰੱਸਟ ਦੇ ਮੁੱਖ ਪ੍ਰਬੰਧਕ ਸ. ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸਿਹਤ ਸੇਵਾਵਾਂ ਅਤੇ ਵਿਦਿਅਕ ਸੇਵਾਵਾਂ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ਼ਾਂ ਦੀ ਭਰਪੂਰ ਸ਼ਲਾਘਾ ਕੀਤੀ । ਇਸ ਤੋਂ ਪਹਿਲਾਂ ਟਰੱਸਟ ਦੇ ਮੀਤ ਸਕੱਤਰ ਸ. ਜਗਜੀਤ ਸਿੰਘ ਸੋਢੀ ਨੇ ਡਰਬੀ (ਯੂ.ਕੇ.) ਦੇ ਸਾਬਕਾ ਮੇਅਰ ਤੇ ਕੈਬਨਿਟ ਮੰਤਰੀ ਸ. ਕੇਵਲ ਸਿੰਘ ਅਠਵਾਲ ਅਤੇ ਉਹਨਾਂ ਦੀ ਧਰਮਪਤਨੀ ਬੀਬੀ ਲਖਵੀਰ ਕੌਰ ਅਠਵਾਲ ਦਾ ਢਾਹਾਂ ਕਲੇਰਾਂ ਪੁੱਜਣ ਤੇ ਨਿੱਘਾ ਸਵਾਗਤ ਕੀਤਾ। ਉਹਨਾਂ ਨੇ ਟਰੱਸਟ ਕੰਪਲੈਕਸ ਢਾਹਾਂ ਕਲੇਰਾਂ ਵਿਖੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਥਾਪਿਤ ਸੰਸਥਾਵਾਂ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਬਾਬਾ ਬੁੱਧ ਸਿੰਘ ਢਾਹਾਂ ਟਰੌਮਾ ਸੈਂਟਰ, ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ, ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਅਤੇ ਬਲੱਡ ਬੈਂਕ ਢਾਹਾਂ ਕਲੇਰਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ । ਜਗਜੀਤ ਸਿੰਘ ਸੋਢੀ ਮੀਤ ਸਕੱਤਰ ਨੇ ਟਰੱਸਟ ਦੇ ਪ੍ਰਧਾਨ ਸ. ਕੁਲਵਿੰਦਰ ਸਿੰਘ ਢਾਹਾਂ ਅਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ. ਕੇਵਲ ਸਿੰਘ ਅਠਵਾਲ (ਸਾਬਕਾ ਮੇਅਰ ਤੇ ਕੈਬਨਿਟ ਮੰਤਰੀ) ਅਤੇ ਬੀਬੀ ਲਖਵੀਰ ਕੌਰ ਅਠਵਾਲ ਦਾ ਸਨਮਾਨ ਕੀਤਾ ਅਤੇ ਢਾਹਾਂ ਕਲੇਰਾਂ ਵਿਖੇ ਆਉਣ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਹਰਬੰਸ ਸਿੰਘ ਬੋਲੀਨਾ ਡਾਇਰੈਕਟਰ ਸਿੱਖਿਆ, ਸ. ਮਹਿੰਦਰਪਾਲ ਸਿੰਘ ਸੁਪਰਡੈਂਟ ਤੇ ਹੋਰ ਟਰੱਸਟ ਸਟਾਫ ਮੈਂਬਰ ਵੀ ਹਾਜ਼ਰ ਸਨ । ਵਰਨਣਯੋਗ ਹੈ ਕਿ ਸ. ਕੇਵਲ ਸਿੰਘ ਅਠਵਾਲ ਟਰੱਸਟ ਦੇ ਸਿੱਖਿਆ ਡਾਇਰੈਕਟਰ ਪ੍ਰੌ: ਹਰਬੰਸ ਸਿੰਘ ਬੋਲੀਨਾ ਦੇ ਪਰਮ ਮਿੱਤਰ ਹਨ ।