ਨਿਊਜ਼ੀਲੈਂਡ ਪੰਜਾਬੀ ਮੀਡੀਆ ਕਰਮੀਆਂ ਨੇ ਦੂਜੇ ਭਾਸ਼ਾ ਹਫਤੇ ਸਬੰਧੀ ਡਾਕ ਟਿਕਟ ਤੇ ਸੋਵੀਨਰ ਜਾਰੀ ਕੀਤਾ
ਹਰਜਿੰਦਰ ਸਿੰਘ ਬਸਿਆਲਾ
- ਮਨਾਇਆ ਪੰਜਾਬੀ ਹਫਤਾ-ਬੱਚਿਆਂ ਕਮਾਲ ਕਰਤਾ
- ਰਾਜਧਾਨੀ ਵਲਿੰਗਟਨ ਅਤੇ ਔਕਲੈਂਡ ਵਿਖੇ ਹੋਏ ਸਮਾਗਮ
- ਭਾਰਤ ਅਤੇ ਪਾਕਿਸਤਾਨ ਦੇ ਹਾਈ ਕਮਿਸ਼ਨ ਅਧਿਕਾਰੀਆਂ ਨੇ ਕੀਤੀ ਸ਼ਿਰਕਤ
- ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਨੇ ਕੀਤਾ ਪ੍ਰਬੰਧ ਤੇ ਵੰਡੀਆਂ ਪੰਜਾਬੀ ਕਿਤਾਬਾਂ
ਔਕਲੈਂਡ 28 ਨਵੰਬਰ, 2021:- ਨਿਊਜ਼ੀਲੈਂਡ ਦੇ ਵਿਚ ਵਸਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਬੋਲਣ ਉਤੇ ਕਿੰਨਾ ਮਾਣ ਹੁੰਦਾ ਹੈ, ਵੇਖਣਾ ਹੋਵੇ ਤਾਂ ਸਰਕਾਰੀ ਅੰਕੜੇ ਇਸਦੀ ਗਵਾਹੀ ਭਰਦੇ ਹਨ। 2018 ਦੀ ਜਨਗਨਣਾ ਅਨੁਸਾਰ ਇਥੇ ਵਸਦੇ 34,227 ਪੰਜਾਬੀਆਂ ਨੇ ਆਪਣਾ ਨਾਂਅ ਲਿਖਵਾਇਆ ਸੀ। ਜਨਗਨਣਾ ਦੇ ਮੁਤਾਬਿਕ ਇਹ ਭਾਵੇਂ ਘੱਟ ਜਾਪਦਾ ਹੈ, ਪਰ ਫਿਰ ਵੀ ਇਨ੍ਹਾਂ ਦੇਸ਼ਾਂ ਦੇ ਵਿਚ ਵਿਸਰਦੀ ਜਾ ਰਹੀ ਆਪਣੀ ਮਾਂ ਬੋਲੀ ਦੇ ਸਾਰਥਿਕ ਯਤਨ ਹੋਣ ਤਾਂ ਇਹ ਰੁਝਾਨ ਪੰਜਾਬੀ ਮਾਂ ਭਾਸ਼ਾ ਪ੍ਰਤੀ ਹੋਰ ਅਪਣੱਤ ਲਿਆ ਸਕਦਾ ਹੈ। ਭਵਿੱਖ ਦੇ ਵਿਚ ਖੁਸ਼ੀ ਦੀ ਗੱਲ ਇਥੇ 2020 ਦੇ ਵਿਚ ਨਵ ਜੰਮੇ ਸਿੱਖ ਬੱਚਿਆਂ ਦੇ ਵਿਚੋਂ ‘ਸਿੰਘ’ ਨਾਂਅ ਸਭ ਤੋਂ ਵੱਧ ਗਿਣਤੀ ਦੇ ਵਿਚ ਆਇਆ ਸੀ ਤੇ ਪੰਜਾਬੀਅਤ ਪਰਿਵਾਰ ਦੀ ਅਗਲੀ ਪੀੜ੍ਹੀ ਇਨ੍ਹਾਂ ਨੇ ਸਾਂਭਣੀ ਹੁੰਦੀ ਹੈ।
ਕੁਝ ਇਸੀ ਤਰ੍ਹਾਂ ਦੇ ਸੁਪਨਿਆਂ ਨੂੰ ਲੈ ਕੇ ਇਥੇ ਵਸਦੇ ਪੰਜਾਬੀ ਮੀਡੀਆ ਕਰਮੀਆਂ ਨੇ ਆਪਸੀ ਸਹਿਯੋਗ ਦੇ ਨਾਲ ਪਿਛਲੇ ਸਾਲ ਪਹਿਲਾ ਪੰਜਾਬੀ ਭਾਸ਼ਾ ਹਫਤਾ ਨਵੰਬਰ ਮਹੀਨੇ ਮਨਾਇਆ ਸੀ। ਇਸ ਵਾਰ ‘ਦੂਜਾ ਪੰਜਾਬੀ ਭਾਸ਼ਾ ਹਫਤਾ ਨਿਊਜ਼ੀਲੈਂਡ’ 22 ਤੋਂ 28 ਨਵੰਬਰ ਤੱਕ ਪੂਰੇ ਦੇਸ਼ ਦੇ ਵਿਚ ਪੰਜਾਬੀਆ ਨੇ ਮਨਾਇਆ। ਉਦੇਸ਼ ਦੇ ਅਨੁਸਾਰ ਇਸ ਦੇ ਵਿਚ ਇਥੇ ਜਨਮੇ ਅਤੇ ਪੰਜਾਬੋ ਆਏ ਛੋਟੇ ਬੱਚਿਆਂ ਨੇ ਪੂਰਾ ਉਤਸ਼ਾਹ ਵਿਖਾਇਆ, ਆਪਣੀਆਂ ਪੰਜਾਬੀ ਬੋਲਦਿਆਂ ਦੀਆਂ ਵੀਡੀਓਜ਼ ਅਤੇ ਨਿੱਕੇ-ਨਿੱਕੇ, ਤੋਤਲੇ-ਤੋਤਲੇ ਸ਼ੰਦੇਸ਼ ਬਣਾ ਕੇ ਮੀਡੀਆ ਅਦਾਰਿਆਂ ਨੇ ਬ੍ਰਾਡਕਾਸਟਿੰਗ ਵਾਸਤੇ ਭੇਜੇ।
ਯਾਦਗਾਰੀ ਸਮਾਗਮ ਤੇ ਡਾਕ ਟਿਕਟ: ਵਲਿੰਗਟਨ ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਇਕ ਬਹੁਤ ਹੀ ਖੂਬਸੂਰਤ ਸਮਾਗਮ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਨੈਸ਼ਨਲ ਲਾਇਬ੍ਰੇਰੀ ਦੇ ਵਿਚ ਰੱਖਿਆ ਗਿਆ। ਇਸ ਦੇ ਵਿਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਭਾਰਤੀ ਦੂਤਾਵਾਸ ਤੋਂ ਸ੍ਰੀ ਦੁਰਗਾ ਦਾਸ ਅਤੇ ਪਾਕਿਸਤਾਨੀ ਦੂਤਾਵਾਸ ਤੋਂ ਹਾਲ ਹੀ ਵਿਚ ਸੇਵਾਮੁਕਤ ਹੋਏ ਹਾਈ ਕਮਿਸ਼ਨਰ ਅਬਦੁਲ ਮਲਿਕ ਜੀ ਪਹੁੰਚੇ। ਇਨ੍ਹਾਂ ਨੇ ਵਾਰੋਵਾਰੀ ‘ਦੂਜੇ ਪੰਜਾਬੀ ਭਾਸ਼ਾ ਹਫਤੇ’ ਨੂੰ ਉਜਾਗਰ ਕਰਦੀ ਇਕ ਵਿਸ਼ੇਸ਼ ਨਿਊਜ਼ੀਲੈਂਡ ਪੋਸਟ ਦੀ ਡਾਕ ਟਿਕਟ ਜਾਰੀ ਕੀਤੀ। ਪਹਿਲੀ ਡਾਕ ਟਿਕਟ ਵੇਲੇ ਸਾਊਥ ਹੱਟ ਹਲਕੇ ਦੀ ਸਾਂਸਦ ਜਿੰਨੀ ਐਂਡਰਸਨ ਅਤੇ ਭਾਰਤੀ ਹਾਈਕਮਿਸ਼ਨਰ ਤੋਂ ਪਹਿਲੇ ਸੈਕਰੇਟਰੀ ਸ੍ਰੀ ਦੁਰਗਦਾਸ ਨੇ ਘੁੰਢ ਚੁਕਾਈ ਕੀਤੀ ਜਦ ਕਿ ਦੂਜੀ ਵੇਲੇ ਭਾਰਤੀ ਮੂਲ ਦੇ ਪਹਿਲੇ ਪੁਲਿਸ ਸੁਪਰਇਨਡੈਂਟ ਸ੍ਰੀ ਰਾਕੇਸ਼ ਨਾਇਡੂ ਤੇ ਸਾਬਕਾ ਪਾਕਿਸਤਾਨੀ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਸਨ। ਫੁੱਲਕਾਰੀ ਦੇ ਦੁਪੱਟਿਆਂ ਹੇਠਾਂ ਸਜਾਈ ਗਈ ਇਨ੍ਹਾਂ ਡਾਕ ਟਿਕਟਾਂ ਦੀ ਦਿੱਖ ਵੇਖਿਆਂ ਹੀ ਬਣਦੀ ਸੀ।
ਇਸ ਟਿਕਟ ਦੇ ਵਿਚ ਭਾਰਤ ਅਤੇ ਪਾਕਿਸਤਾ ਦੇ ਰੰਗਾਂ ਦੀ ਝਲਕ, ਪੰਜਾਬੀ ਭਾਸ਼ਾ ਦੀ ਲਿੱਪੀ ਗੁਰਮੁਖੀ ਅਤੇ ਪਕਿਸਤਾਨੀ ਪੰਜਾਬੀ ਦੀ ਲਿੱਪੀ ਸ਼ਾਹਮੁਖੀ ਨੂੰ ਦਰਸਾਇਆ ਗਿਆ। ਇਸਦੇ ਨਾਲ ਹੀ ਇਸ ਡਾਕ ਟਿਕਟ ਦੇ ਵਿਚ ਦੋਹਾਂ ਦੇਸ਼ਾਂ ਦਰਮਿਆਨ ਕੰਡਿਆਲੀ ਤਾਰ ਹੋਣ ਦੇ ਬਾਵਜੂਦ ਇਕ ਖੁੱਲ੍ਹੇ ਹੋਏ ਦਰਵਾਜ਼ੇ ਨੂੰ ਵਿਖਾਇਆ ਕਿ ਕਿਸੇ ਵੀ ਬੋਲੀ ਲਈ ਕੋਈ ਸਰਹੱਦ ਨਹੀਂ ਹੁੰਦੀ। ਸਮਾਮਗ ਦੀ ਸ਼ਾਨਦਾਰ ਰੂਪ ਰੇਖਾ ਲਈ ਨਵਨੀਤ ਕੌਰ ਵੜੈਚ, ਕਰਮਿੰਦਰ ਕੌਰ ਤੇ ਸਰਬ ਗੁਰਮੀਤ ਕੌਰ ਹੋਰਾਂ ਨੇ ਅਣਥੱਕ ਮਿਹਨਤ ਕੀਤੀ ਹੋਈ ਸੀ। ਬੱਚਿਆਂ ਨੇ ਇਸ ਮੌਕੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਆਂ ਅਤੇ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਕਿਤਾਬਾਂ ਵੰਡੀਆ ਗਈ।
ਆਏ ਮਹਿਮਾਨਾਂ ਨੂੰ ਡਾਕ ਟਿਕਟ ਨੂੰ ਇਕ ਸੁੰਦਰ ਫਰੇਮ ਦੇ ਵਿਚ ਜੜ ਕੇ ਪੇਸ਼ਕੀਤਾ। ਸਵਾਗਤੀ ਸ਼ਬਦ ਮਨਰਾਜ ਸਿੰਘ ਰਾਹੀ ਅਤੇ ਹਰਪੁਨੀਤ ਕੌਰ ਬਾਠ ਹੋਰਾਂ ਨੇ ਕਹੇ। ਕਾਰਾ ਕੀਆ ਕੁਰਾ ਮਾਓਰੀ ਰਸਮਾਂ ਨਾਲ ਅਰਦਾਸ ਹੋਈ। ਔਕਲੈਂਡ ਤੋਂ ਗਏ ਨਵਤੇਜ ਰੰਧਾਵਾ ਹੋਰਾਂ ਇਸ ਮੌਕੇ ਪੰਜਾਬੀ ਭਾਸ਼ਾ ਉਤੇ ਤਿਆਰ ਤੱਤਨੁਮਾ ਇਕ ਪੇਸ਼ਕਾਰੀ ਵਿਖਾਈ। ਸਥਾਨਕ ਸਾਂਸਦ ਜਿੰਨੀ ਐਂਡਰਸਨ ਨੇ ਇਸ ਮੌਕੇ ਵਧਾਈ ਸ਼ੰਦੇਸ਼ ਦਿੱਤਾ ਅਤੇ ਬੱਚਿਆਂ ਨੂੰ ਇਨਾਮ ਵੰਡੇ। ਔਕਲੈਂਡ ਤੋਂ ਵਿਸ਼ੇਸ਼ ਤੌਰ ’ਤੇ ਰੇਡੀਓ ਸਪਾਈਸ ਤੋਂ ਸ.ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਜੇ.ਪੀ. ਪਹੁੰਚੇ ਹੋਏ ਸਨ ਅਤੇ ਸਥਾਨਿਕ ਪੱਧਰ ਤੋਂ ਲਾਇਜ਼ਨ ਆਫੀਸਰ ਸ੍ਰੀ ਫਿਲਿਪ ਪਿੱਚਯੂ, ਮੋਹਿਤ ਅਰੋੜਾ ਪੁਲਿਸ ਅਫਸਰ, ਸ. ਪਰਮਜੀਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਮੇਤ ਕਈ ਹੋਰ ਪਤਵੰਤੇ ਹਾਜ਼ਿਰ ਸਨ।
ਔਕਲੈਂਡ ਵਿਖੇ ਵੀ ਡਾਕ ਟਿਕਟ ਜਾਰੀ: ‘ਦੂਜੇ ਪੰਜਾਬੀ ਭਾਸ਼ਾ ਹਫਤੇ’ ਸਬੰਧੀ ਦੂਜਾ ਸਮਾਗਮ ਔਕਲੈਂਡ ਕਰੋਨਾ ਨਿਯਮਾਂ ਦੇ ਚਲਦਿਆਂ ਬੈਰੀ ਕਰਟਿਸ ਪਾਰਕ ਫਲੈਟ ਬੁੱਸ਼ ਵਿਖੇ ਰੱਖਿਆ ਗਿਆ। ਇਸ ਮੌਕੇ ਪੰਜਾਬੀ ਮੀਡੀਆ ਕਰਮੀਆਂ ਨੇ ਚੋਣਵੇਂ ਮਹਿਮਾਨਾਂ ਦੀ ਹਾਜ਼ਰੀ ਵਿਚ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ।
ਔਕਲੈਂਡ ਸਥਿਤ ਭਾਰਤੀ ਦੂਤਾਵਾਸ ਤੋਂ ਆਨਰੇਰੀ ਕਾਉਂਸਲ ਸ. ਭਵਦੀਪ ਸਿੰਘ ਢਿੱਲੋਂ ਵਿਸ਼ੇਸ਼ ਤੌਰ ’ਤੇ ਇਸ ਸਮਾਗਮ ਵਿਚ ਪਹੁੰਚੇ ਅਤੇ ਸੰਬੋਧਨ ਕੀਤਾ। ਉਨ੍ਹਾਂ ਪੰਜਾਬੀ ਮੀਡੀਆ ਕਰਮੀਆਂ ਦੇ ਇਸ ਸਾਂਝੇ ਉਦਮ ਦੀ ਬਹੁਤ ਤਾਰੀਫ ਕੀਤੀ ਅਤੇ ਹਰ ਤਰ੍ਹਾਂ ਦੀ ਮਦਦ ਦੀ ਪੇਸ਼ਕਸ਼ ਕੀਤੀ। ਇਸੀ ਤਰ੍ਹਾਂ ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸੰਬੋਧਨ ਕਰਦਿਆਂ ਕਿਹਾ ਬਹੁ ਕੌਮੀ ਦੇਸ਼ਾਂ ਦੇ ਵਿਚ ਆਪਣੀ ਮਾਤ ਭਾਸ਼ਾ ਦਾ ਵਿਕਾਸ ਕਰਨਾ ਅਤੇ ਇਸਨੂੰ ਅੱਗੇ ਆਪਣੇ ਬੱਚਿਆਂ ਤੱਕ ਪਹੁੰਚਦਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਸ. ਖੜਗ ਸਿੰਘ ਨੇ ਵੀ ਪਾਕਿਸਤਾਨੀ ਅਤੇ ਭਾਰਤੀ ਪੰਜਾਬ ਦੀ ਉਦਾਹਰਣ ਦਿੰਦਿਆ ਦੋਹਾਂ ਦੇਸ਼ਾਂ ਦੇ ਸਾਂਝ ਦੀ ਗੱਲ ਕੀਤੀ ਅਤੇ ਸਾਂਝੇ ਪਹਿਰਾਵੇ ਨੂੰ ਅਧਾਰ ਬਣਾ ਕੇ ਪਰਸਪਰ ਪਿਆਰ ਦੀ ਗੱਲ ਕੀਤੀ। ਸ. ਬਿਕਰਮ ਸਿੰਘ ਮਝੈਲ ਨੇ ਪੰਜਾਬੀ ਭਾਸ਼ਾ ਦੀ ਦੋਹਾਂ ਦੇਸ਼ਾਂ ਅੰਦਰ ਹੋਰ ਦਸ਼ਾ ਸੁਧਾਰੇ ਜਾਣ ਲਈ ਲਾਮਬੰਦ ਹੋ ਰਹੇ ਪੰਜਾਬੀਆਂ ਦੀ ਘਾਲਣਾ ਦੀ ਗੱਲ ਕੀਤੀ ਅਤੇ ਕਾਮਨਾ ਕੀਤੀ ਕਿ ਪੰਜਾਬੀ ਨੂੰ ਉਚ ਦਰਜਾ ਮਿਲੇ।
ਰੰਗ ਭਰੇ ਮੁਕਾਬਲੇ ਅਤੇ ਚਿੱਤਰਕਾਰੀ ਦੇ ਮੁਕਾਬਲੇ ਦੇ ਜੇਤੂਆਂ ਦੇ ਨਾਂਅ ਇਥੇ ਨਸ਼ਰ ਕੀਤੇ ਗਏ। ਨਿਊਜ਼ੀਲੈਂਡ ਸਿੱਖ ਖੇਡ ਕਮੇਟੀ ਤੋਂ ਸ. ਦਲਜੀਤ ਸਿੰਘ ਸਿੱਧੂ, ਸ. ਗੁਰਵਿੰਦਰ ਸਿੰਘ ਔਲਖ ਅਤੇ ਸ. ਗੁਰਜਿੰਦਰ ਸਿੰਘ ਘੁੰਮਣ ਨੇ ਮੌਜੂਦ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਪੁੱਜੇ ਅਤੇ ਉਨ੍ਹਾਂ ਵੱਲੋਂ ਹੀ ਜੇਤੂ ਬੱਚਿਆਂ ਲਈ ਇਨਾਮ ਰੱਖ ੇਗਏ ਸਨ। ਐਨ. ਜ਼ੈਡ ਇੰਡੀਅਨ ਫਲੇਮ ਤੋਂ ਚਾਹ-ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਕਮਿਊਨਿਟੀ ਤੋਂ ਸ੍ਰੀ ਅਜੈਪਾਲ ਸਿੰਘ, ਸ. ਜਗਜੀਤ ਸਿੰਘ ਸਿੱਧੂ ਇਮੀਗ੍ਰੇਸ਼ਨ ਸਲਾਹਕਾਰ, ਸ. ਬਿਕਰਮ ਸਿੰਘ ਮਝੈਲ, ਸ. ਅਵਤਾਰ ਸਿੰਘ ਪੁੱਕੀਕੋਹੀ, ਪਾਕਿਸਤਾਨ ਭਾਈਚਾਰੇ ਤੋਂ ਹਸੀਬ ਅਸ਼ਰਫ, ਆਸਿਮ ਮੁਖਤਾਰ, ਪੰਜਾਬੀ ਮੀਡੀਆ ਕਰਮੀਆ ਤੋਂ ਨਵਤੇਜ ਰੰਧਾਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ, ਨਵਦੀਪ ਕਟਾਰੀਆ, ਕੂਕ ਸਮਾਚਾਰ ਤੋਂ ਬੀਬਾ ਕੁਲਵੰਤ ਕੌਰ, ਸ. ਅਮਰਜੀਤ ਸਿੰਘ, ਡੇਲੀ ਖਬਰ ਤੋਂ ਸ਼ਰਨਜੀਤ ਸਿੰਘ, ਬਲਜਿੰਦਰ ਸਿੰਘ, ਗੁਰਿੰਦਰ ਆਸੀ, ਜੱਗਬਾਣੀ ਤੋਂ ਹਰਮੀਕ ਸਿੰਘ, ਪੀ.ਟੀ.ਸੀ. ਤੋਂ ਗਗਨਦੀਪ ਕੌਰ, ਨੱਚਦਾ ਪੰਜਾਬ ਤੋਂ ਸ. ਅਮਰੀਕ ਸਿੰਘ, ਬਿਕਰਮਜੀਤ ਸਿੰਘ ਮਟਰਾਂ, ਮੁਖਤਿਆਰ ਸਿੰਘ ਆਰਥਿਕ ਚਿੰਤਕ ਤੇ ਹੋਰ ਕਈ ਪਤਵੰਤੇ ਹਾਜ਼ਿਰ ਸਨ।