MP ਵਿਕਰਮ ਸਾਹਨੀ ਨੇ ਸ਼ੁਰੂ ਕੀਤੀ ਹੜ੍ਹ ਰਾਹਤ ਅਤੇ ਖੇਤਾਂ ਵਿਚੋਂ ਰੇਤ ਹਟਾਉਣ ਦੀ ਮੁਹਿੰਮ
ਸਰਹੱਦੀ ਪਿੰਡ ਦਰਿਆ ਮੂਸਾ ਨੂੰ ਬਸ ਭੇਂਟ ਕਰਨ ਦਾ ਐਲਾਨ, ਸਥਾਨਕ ਸਕੂਲ ਨੂੰ ਅਪਗਰੇਡ ਕਰਨ ਦਾ ਭਰੋਸਾ
ਅੰਮ੍ਰਿਤਸਰ, 21 ਸਤੰਬਰ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਪੁਨਰਵਾਸ ਤੇ ਰਾਹਤ ਕੰਮਾਂ ਲਈ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਨੂੰ ਉਸ ਵਕਤ ਵੱਡਾ ਬਲ ਮਿਲਿਆ ਜਦ ਪਦਮਸ਼੍ਰੀ ਡਾ. ਵਿਕਰਮਜੀਤ ਸਿੰਘ ਸਾਹਨੀ, ਰਾਜ ਸਭਾ ਸਾਂਸਦ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਨੇ ਐਤਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਬਲਾਕ ਵਿਚ ਵੱਡੇ ਪੱਧਰ 'ਤੇ ਹੜ੍ਹ ਰਾਹਤ ਤੇ ਖੇਤਾਂ ਤੋਂ ਰੇਤ ਹਟਾਉਣ (ਡੀਸਿਲਟਿੰਗ) ਦੀ ਮੁਹਿੰਮ ਸ਼ੁਰੂ ਕਰ ਦਿੱਤੀ।
ਇਸ ਮੁਹਿੰਮ ਅਧੀਨ ਪਿੰਡ ਨੰਗਲ ਸੋਹਲ ਅਤੇ ਮਹਿਮਤ ਮੰਦੀਰਾ ਵਾਲੀ ਸਮੇਤ ਆਸਪਾਸ ਦੇ ਖੇਤਰਾਂ ਵਿਚ 15 ਟਰੈਕਟਰ ਅਤੇ 5 ਜੇਸੀਬੀ ਮਸ਼ੀਨਾਂ ਰੇਤ ਹਟਾਉਣ ਲਈ ਲਗਾਈਆਂ ਗਈਆਂ। ਅਰਦਾਸ ਕਰਨ ਤੋਂ ਬਾਅਦ ਡਾ. ਸਾਹਨੀ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ਵਿਚ ਲਗਭਗ 40,000 ਹੈਕਟੇਅਰ ਫਸਲਾਂ ਅੱਠ ਫੁੱਟ ਤੱਕ ਪਾਣੀ ਭਰਨ ਕਾਰਨ ਨਸ਼ਟ ਹੋ ਗਈਆਂ ਹਨ, ਜਿਸ ਨਾਲ ਗਰੀਬ ਕਿਸਾਨਾਂ ਨੂੰ ਤੁਰੰਤ ਮਦਦ ਦੀ ਲੋੜ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮਸ਼ੀਨਰੀ, ਸਟਾਫ਼ ਅਤੇ ਮਜ਼ਦੂਰ ਤਦ ਤੱਕ ਪਿੰਡ ਵਿੱਚ ਤੈਨਾਤ ਰਹਿਣਗੇ ਜਦ ਤੱਕ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹੋ ਕੇ ਆਪਣੀ ਅਗਲੀ ਫਸਲ ਦੀ ਬਿਜਾਈ ਸ਼ੁਰੂ ਨਹੀਂ ਕਰ ਲੈਂਦੇ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਨੇ ਬੰਧ (ਸਟਾਪ ਡੈਮ) ਬਣਾਉਣ ਲਈ 10,000 ਪੀਪੀ ਬੈਗ ਵੀ ਭੇਜੇ ਹਨ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਇਸ ਤੋਂ ਬਾਅਦ ਡਾ. ਸਾਹਨੀ ਸਰਹੱਦੀ ਪਿੰਡ ਦਰਿਆ ਮੂਸਾ ਪਹੁੰਚੇ, ਜਿੱਥੇ ਉਨ੍ਹਾਂ ਨੇ ਬਾੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਸਮਾਨ ਜਿਵੇਂ ਕਿ ਬਿਸਤਰੇ, ਗੱਦੇ, ਫਾਗਿੰਗ ਮਸ਼ੀਨਾਂ, ਫਰਨੀਚਰ, ਚੌਲ ਆਦਿ ਵੰਡੇ।
ਪਿੰਡ ਦੀਆਂ ਖਰਾਬ ਸੜਕਾਂ ਅਤੇ ਹਾਈ ਸਕੂਲ ਦੀ ਨਾ ਹੋਣ ਕਾਰਨ, ਜਿਸ ਕਰਕੇ ਬੱਚਿਆਂ ਨੂੰ ਲਗਭਗ ਅੱਠ ਕਿਲੋਮੀਟਰ ਪੈਦਲ ਤੁਰ ਕੇ ਪੜ੍ਹਾਈ ਲਈ ਜਾਣਾ ਪੈਂਦਾ ਹੈ, ਇਸ ਗੰਭੀਰ ਸਮੱਸਿਆ ਨੂੰ ਦੇਖਦਿਆਂ, ਡਾ. ਸਾਹਨੀ ਨੇ ਤੁਰੰਤ ਪਿੰਡ ਦੇ ਸਰਕਾਰੀ ਸਕੂਲ ਲਈ ਇਕ ਸਕੂਲ ਬਸ ਦੇਣ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਇਹ ਭਰੋਸਾ ਵੀ ਦਵਾਇਆ ਕਿ ਉਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਗੱਲ ਕਰਕੇ ਪਿੰਡ ਦੇ ਸਕੂਲ ਨੂੰ ਉੱਚ ਕਲਾਸਾਂ ਤੱਕ ਅਪਗਰੇਡ ਕਰਨ ਦਾ ਯਤਨ ਕਰਨਗੇ।