Himachal Breaking: ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ, 23 ਜ਼ਖ਼ਮੀ
ਕਾਂਗੜਾ, ਹਿਮਾਚਲ ਪ੍ਰਦੇਸ਼ , 15 ਅਗਸਤ 2025 : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਪੰਜਾਬ ਦੇ ਸ਼ਰਧਾਲੂਆਂ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਹੈ। ਮੋਗਾ ਜ਼ਿਲ੍ਹੇ ਦੇ 29 ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਗੱਡੀ ਕਾਂਗੜਾ ਦੇ ਜਾਦਰੰਗਲ ਨੇੜੇ ਇੱਕ ਡੂੰਘੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 4 ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂਕਿ 15 ਬੱਚਿਆਂ ਸਮੇਤ 23 ਲੋਕ ਜ਼ਖ਼ਮੀ ਹੋ ਗਏ।
ਇਹ ਹਾਦਸਾ ਅੱਜ ਸਵੇਰੇ ਲਗਭਗ 7:30 ਵਜੇ ਚਾਮੁੰਡਾ-ਧਰਮਸ਼ਾਲਾ ਸੜਕ 'ਤੇ ਇੱਕੂ ਮੋੜ 'ਤੇ ਵਾਪਰਿਆ। ਸ਼ਰਧਾਲੂ ਚਾਮੁੰਡਾ ਦੇਵੀ ਮੰਦਰ ਦੇ ਦਰਸ਼ਨ ਕਰਕੇ ਵਾਪਸ ਪੰਜਾਬ ਪਰਤ ਰਹੇ ਸਨ। ਹਾਦਸੇ ਤੋਂ ਬਾਅਦ, ਸਥਾਨਕ ਲੋਕਾਂ ਅਤੇ ਪੁਲਿਸ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ।
ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਦੋ ਔਰਤਾਂ ਅਤੇ ਦੋ ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਲੰਬੀ ਸਿੰਘ (35), ਜਸਵੀਰ ਸਿੰਘ (35), ਪਰਮਜੀਤ ਕੌਰ (40), ਅਤੇ ਕਿਰਨ (33) ਵਜੋਂ ਹੋਈ ਹੈ, ਜੋ ਸਾਰੇ ਮੋਗਾ ਦੇ ਪਿੰਡ ਬੱਗੀਕੇ ਦੇ ਰਹਿਣ ਵਾਲੇ ਸਨ।
ਟਾਂਡਾ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਪ੍ਰਿੰਸੀਪਲ ਡਾ. ਮਿਲਾਪ ਸ਼ਰਮਾ ਨੇ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ 13 ਦੀ ਹਾਲਤ ਨਾਜ਼ੁਕ ਹੈ, ਜਦੋਂਕਿ 10 ਹੋਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।