← ਪਿਛੇ ਪਰਤੋ
Big News ਅਣਖ ਲਈ ਕਤਲ: ਲੋਰੀਆਂ ਨਾਲ ਪਾਲੀ ਵਿਹੜੇ ਦੀ ਰੌਣਕ ਤੇ ਮਾਸੂਮ ਦਾ ਕਾਤਲ ਗ੍ਰਿਫ਼ਤਾਰ ਅਸ਼ੋਕ ਵਰਮਾ ਬਠਿੰਡਾ, 9ਸਤੰਬਰ 2025 : ਪੰਜਾਬ ਵਿੱਚ ਗੁਆਂਢੀ ਸੂਬੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਵਰਗਾ ਕੋਈ ਖੌਫ ਤਾਂ ਨਹੀਂ ਪਰ ਅਣਖ ਖਾਤਰ ਕਤਲਾਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਵਿਰਕ ਕਲਾਂ ਵਿੱਚ ਅਖੌਤੀ ਅਣਖ ਖਾਤਰ ਪੁੱਤਾਂ ਵਾਂਗ ਪਾਲੀ ਆਪਣੀ ਧੀਅ ਅਤੇ ਉਸ ਦੀ ਮਾਸੂਮ ਬੱਚੀ ਨੂੰ ਤੇਜਧਾਰ ਹਥਿਆਰਾਂ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਜਸ਼ਮਨਦੀਪ ਕੌਰ ਪਤਨੀ ਰਾਮਸ਼ਰਨਦਾਸ ਸ਼ਰਮਾ ਵਾਸੀ ਵਿਰਕ ਕਲਾਂ ਅਤੇ ਏਕਮਨੂਰ ਵਜੋਂ ਕੀਤੀ ਗਈ ਹੈ। ਬਠਿੰਡਾ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਰਾਜਵੀਰ ਸਿੰਘ ਉਰਫ ਰਾਜਾ ਵਾਸੀ ਵਿਰਕ ਕਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਰਾਜਵੀਰ ਦੇ ਲੜਕੇ ਪਰਮਪਾਲ ਸਿੰਘ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ। ਕਈ ਸਾਲ ਪਹਿਲਾਂ ਪਿੰਡ ’ਚ ਪੁਲਿਸ ਦੇ ਹੌਲਦਾਰ ਨੂੰ ਨਿਰਵਸਤਰ ਘਮਾਉਣ ਉਪਰੰਤ ਇਹ ਪਹਿਲੀ ਵੱਡੀ ਵਾਰਦਾਤ ਹੋਈ ਹੈ ਜਿਸ ਨੂੰ ਲੈਕੇ ਪਿੰਡ ਵਾਸੀ ਸਦਮੇ ਵਿੱਚ ਹਨ। ਡੀਐਸਪੀ ਦਿਹਾਤੀ ਹਰਜੀਤ ਸਿੰਘ ਮਾਨ ਦਾ ਕਹਿਣਾ ਸੀ ਕਿ ਮੁਲਜਮ ਰਾਜਵੀਰ ਸਿੰਘ ਉਰਫ ਰਾਜਾ ਵਾਸੀ ਵਿਰਕ ਕਲਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਅਤੇ ਕਹੀ ਵੀ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੜਤਾਲ ਦੌਰਾਨ ਮਾਮਲੇ ਵਿੱਚ ਨਾਮਜਦ ਪਰਮਪਾਲ ਸਿੰਘ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਖਿਲਾਫ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਜਸ਼ਮਨਦੀਪ ਕੌਰ ਨੇ ਆਪਣੇ ਹੀ ਪਿੰਡ ਦੇ ਰਵੀ ਸ਼ਰਮਾ ਪੁੱਤਰ ਉਦੇਭਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਇਸ ਨੂੰ ਲੈਕੇ ਲੜਕੀ ਦੇ ਪ੍ਰੀਵਾਰ ’ਚ ਨਰਾਜ਼ਗੀ ਚੱਲੀ ਆ ਰਹੀ ਸੀ ਜਿਸ ਦੇ ਚਲਦਿਆਂ ਪਤੀ ਪਤਨੀ ਨੇ ਅਦਾਲਤ ਰਾਹੀਂ ਸੁਰੱਖਿਆ ਵੀ ਹਾਸਲ ਕੀਤੀ ਸੀ। ਵਿਆਹ ਤੋਂ ਬਾਅਦ ਦੋਵੇਂ ਜੀਅ ਵਿਰਕ ਕਲਾਂ ਵਿੱਚ ਹੀ ਰਹਿਣ ਲੱਗੇ ਸਨ । ਇਸ ਦੌਰਾਨ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ ਸੀ। ਸੋਮਵਾਰ ਨੂੰ ਜਸ਼ਮਨਦੀਪ ਕੌਰ ਆਪਣੇ ਸਹੁਰੇ ਨਾਲ ਆਪਣੀ ਬੱਚੀ ਏਕਮਨੂਰ ਨੂੰ ਦਵਾਈ ਦਿਵਾਉਣ ਲਈ ਪਿੰਡ ਦੇ ਬੱਸ ਅੱਡੇ ਤੇ ਖਲੋਤੀ ਸੀ। ਇਸ ਮੌਕੇ ਜਸ਼ਮਨਦੀਪ ਕੌਰ ਦਾ ਪਿਤਾ ਰਾਜਵੀਰ ਸਿੰਘ ਅਤੇ ਉਸ ਦਾ ਲੜਕਾ ਪਰਮਪਾਲ ਸਿੰਘ ਨਾਲ ਬੱਸ ਅੱਡੇ ਆਏ ਸਨ। ਇਸ ਮੌਕੇ ਪਿਉ ਧੀਅ ’ਚ ਬਹਿਸ ਹੋਈ ਜੋ ਐਨੀ ਵਧ ਗਈ ਕਿ ਰਾਜਵੀਰ ਸਿੰਘ ਨੇ ਜਸ਼ਮਨਦੀਪ ਤੇ ਕਹੀ ਨਾਲ ਹਮਲਾ ਕਰ ਦਿੱਤਾ। ਜਸ਼ਮਨਦੀਪ ਨੇ ਬਚਾਅ ਕਰਨ ਲਈ ਰੌਲਾ ਪਾਇਆ ਅਤੇ ਉਸ ਦੇ ਬਚਾਅ ’ਚ ਆਏ ਸਹੁਰੇੇ ਉਦੇਭਾਨ ਦੇ ਵੀ ਹਮਲਾਵਰਾਂ ਨੇ ਉਸ ਦੇ ਵੀ ਸੱਟਾਂ ਮਾਰੀਆਂ। ਅਚਾਨਕ ਸਿਰ ਤੇ ਵਾਰ ਹੋਣ ਕਾਰਨ ਜਸ਼ਨਦੀਪ ਕੌਰ ਅਤੇ ਉਸ ਦੀ ਬੱਚੀ ਗੰਭੀਰ ਰੂਪ ’ਚ ਜਖਮੀ ਹੋ ਗਏ ਜਿੰਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਤੋਂ ਪਹਿਲਾਂ ਕਿ ਲੋਕ ਕੁੱਝ ਸਮਝਦੇ ਰਾਜਵੀਰ ਅਤੇ ਪਰਮਪਾਲ ਫਰਾਰ ਹੋ ਗਏ। ਮ੍ਰਿਤਕਾ ਦੇ ਪਤੀ ਰਾਮਸ਼ਰਨਦਾਸ ਸ਼ਰਮਾ ਨੇ ਦੱਸਿਆ ਕਿ ਉਸ ਨੇ ਨੰਬਰਦਾਰ ਰਾਜਵੀਰ ਸਿੰਘ ਦੀ ਲੜਕੀ ਜਸ਼ਮਨਦੀਪ ਕੌਰ ਨਾਲ ਪੰਜ ਸਾਲ ਪਹਿਲਾਂ ਪ੍ਰੇਮ ਵਿਆਹ ਕਰਵਾਇਆ ਸੀ ਜਿਸ ਤੋਂ ਬਾਅਦ ਉਹ ਆਪਣੇ ਪਿਤਾ ਉਦੇ ਭਾਨ ਦੇ ਨਾਲ ਹੀ ਰਹਿ ਰਿਹਾ ਸੀ। ਪ੍ਰੀਵਾਰ ਦੀ ਨਰਾਜ਼ਗੀ ਕਾਰਨ ਉਨ੍ਹਾਂ ਨੇ ਅਦਾਲਤ ਤੋਂ ਸੁਰੱਖਿਆ ਵੀ ਹਾਸਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਵਿਆਹ ਤੋਂ ਤਿੰਨ ਸਾਲ ਬਾਅਦ ਉਨ੍ਹਾਂ ਦੇ ਘਰ ਏਕਮਨੂਰ ਦਾ ਜਨਮ ਹੋਇਆ ਸੀ। ਇਸ ਦੌਰਾਨ ਉਸ ਦੀ ਆਪਣੇ ਸੌਹਰੇ ਪ੍ਰੀਵਾਰ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ ਸੀ। ਰਵੀ ਨੇ ਦੱਸਿਆ ਕਿ ਸ਼ਾਦੀ ਪਿੱਛੋਂ ਉਸ ਦਾ ਸਹੁਰਾ ਰਾਜਵੀਰ ਸਿੰਘ ਅਤੇ ਸਾਲਾ ਪਰਮਪਾਲ ਸਿੰਘ ਉਨ੍ਹਾਂ ਨਾਲ ਨਰਾਜ਼ਗੀ ਰੱਖਦੇ ਆ ਰਹੇ ਸਨ ਪਰ ਕਦੇ ਸਿੱਧਾ ਟਕਰਾਅ ਨਹੀਂ ਹੋਇਆ ਸੀ। ਇਸ ਦੇ ਬਾਵਜੂਦ ਸਹੁਰਿਆਂ ਨੇ ਉਸ ਦੀ ਪਤਨੀ ਅਤੇ ਮਾਸੂਮ ਦਾ ਕਤਲ ਕਰਕੇ ਉਸਦੀ ਜਿੰਦਗੀ ਬਰਬਾਦ ਕਰ ਦਿੱਤੀ ਹੈ। ਮਿਲਾਪੜੀ ਸੀ ਜਸ਼ਮਨਦੀਪ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜਸ਼ਮਨਦੀਪ ਕੌਰ ਕਾਫੀ ਹਸਮੁੱਖ ਅਤੇ ਮਿਲਾਪੜੇ ਸੁਭਾਅ ਵਾਲੀ ਕੁੜੀ ਸੀ। ਵਿਆਹ ਤੋਂ ਪਹਿਲਾਂ ਵੀ ਉਸ ਦਾ ਆਪਣੀਆਂ ਸਹੇਲੀਆਂ ਨਾਲ ਕਾਫੀ ਮੇਲਜੋਲ ਸੀ ਅਤੇ ਮਗਰੋਂ ਵੀ ਉਹ ਗਰਮਜੋਸ਼ੀ ਨਾਲ ਮਿਲਦੀ ਸੀ। ਪ੍ਰੇਮ ਵਿਆਹ ਕਰਵਾਉਣ ਕਾਰਨ ਪੇਕਿਆਂ ਨਾਲੋਂ ਟੁੱਟਣ ਦੇ ਬਾਵਜੂਦ ਉਹ ਹਮੇਸ਼ਾ ਮੁਸਕਰਾਉਂਦੀ ਰਹਿੰਦੀ ਅਤੇ ਆਪਣੀ ਧੀਅ ਦੇ ਪਾਲਣ ਪੋਸ਼ਣ ਦੇ ਨਾਲ ਨਾਲ ਆਪਣਾ ਘਰ ਸੰਭਾਲਦੀ ਸੀ। ਉਸ ਦੀ ਧੀਅ ਹੀ ਉਸ ਦੀ ਜਿੰਦਗੀ ਸੀ ਜੋ ਉਸ ਦੇ ਨਾਲ ਹੀ ਵਿਦਾ ਹੋ ਗਈ। ਮਾਸੂਮ ਦੀ ਮੌਤ ਨਾਲ ਮਾਤਮ ਵਿਰਕ ਕਲਾਂ ’ਚ ਮਾਸੂਮ ਦੇ ਕਤਲ ਕਾਰਨ ਮਾਤਮ ਪੱਸਰਿਆ ਹੋਇਆ ਹੈ। ਪਿੰਡ ਵਾਸੀ ਆਖਦੇ ਹਨ ਜਿਸ ਪਿਤਾ ਨੇ ਆਪਣੀ ਧੀਅ ਦੀ ਰਾਖੀ ਕਰਨੀ ਸੀ ਉਹੀ ਕਾਤਲ ਬਣ ਗਿਆ । ਇੱਥੋ ਤੱਕ ਦੋ ਸਾਲ ਦੀ ਮਾਸੂਮ ਦੋਹਤੀ ਨੂੰ ਵੀ ਨਹੀਂ ਬਖਸ਼ਿਆ ਅਤੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਕਤਲ ਵਾਲੀ ਥਾਂ ਤੇ ਡੁੱਲਿ੍ਹਆ ਖੂਨ ਦੇਖਕੇ ਰੌਂਗਟੇ ਖੜ੍ਹੇ ਹੁੰਦੇ ਹਨ। ਮੇਰੀ ਤਾਂ ਦੁਨੀਆਂ ਉਜੜ ਗਈ ਕਾਫੀ ਡੂੰਘੇ ਸਦਮੇ ’ਚ ਚੱਲ ਰਹੇ ਰਾਮਸ਼ਰਨਦਾਸ ਸ਼ਰਮਾ ਸ਼ਰਮਾ ਦਾ ਕਹਿਣਾ ਸੀ ਕਿ ਮੇਰੀ ਤਾਂ ਦੁਨੀਆਂ ਹੀ ਉਜੜ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਵਕਤ ਨਾਲ ਸਭ ਕੁੱਝ ਠੀਕ ਹੋ ਜਾਏਗਾ। ਉਸ ਨੇ ਦੱਸਿਆ ਕਿ ਜਸ਼ਮਨ ਨੇ ਵੀ ਆਪਣਾ ਪੇਕਾ ਘਰ ਛੱਡਿਆ ਸੀ ਪਰ ਉਮੀਦ ਨਹੀਂ ਛੱਡੀ ਸੀ। ਉਸ ਨੇ ਕਿਹਾ ਕਿ ਸਹੁਰਿਆਂ ਨੇ ਉਸ ਦਾ ਸਭ ਕੁੱਝ ਤਬਾਹ ਕਰ ਦਿੱਤਾ ਹੈ।
Total Responses : 2156