Big Breaking- ਕੱਪੜਾ ਵਪਾਰੀ ਸੰਜੇ ਵਰਮਾ ਕਤਲ ਕਾਂਡ 'ਚ ਵੱਡੀ ਸਫਲਤਾ: AGTF ਨੇ ਜੋਧਪੁਰ ਤੋਂ ਗ੍ਰਿਫ਼ਤਾਰ ਕੀਤੇ 2 ਸ਼ੂਟਰ
5-5 ਲੱਖ ਦੇ ਇਨਾਮੀ ਸ਼ੂਟਰ ਬਿੱਲਾ ਤੇ ਜਸਕਰਨ AGTF ਦੇ ਹੱਥ ਚੜ੍ਹੇ, ਆਰਜ਼ੂ ਬਿਸ਼ਨੋਈ ਗੈਂਗ ਨਾਲ ਜੁੜੇ ਤਾਰ
ਫ਼ਾਜ਼ਿਲਕਾ ਦੇ ਰਹਿਣ ਵਾਲੇ ਦੋਵੇਂ ਸ਼ੂਟਰ ਰਾਜਸਥਾਨ ਤੋਂ ਕਾਬੂ, ਅਬੋਹਰ ਵਪਾਰੀ ਕਤਲ ਕੇਸ 'ਚ ਵੱਡਾ ਖ਼ੁਲਾਸਾ
Babushahi Network
ਅਬੋਹਰ / ਚੰਡੀਗੜ੍ਹ, 20 ਸਤੰਬਰ 2026- ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (AGTF) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਫੜੇ ਗਏ ਮੁਲਜ਼ਮਾਂ ਦੀ ਪਛਾਣ ਬਿੱਲਾ ਅਤੇ ਜਸਕਰਨ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਜ਼ਿਲ੍ਹਾ ਫ਼ਾਜ਼ਿਲਕਾ ਦੇ ਹੀ ਰਹਿਣ ਵਾਲੇ ਹਨ। ਦੋਵਾਂ ਉੱਤੇ ਪੁਲਿਸ ਵੱਲੋਂ 5-5 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ।
ਪੁਲਿਸ ਸੂਤਰਾਂ ਮੁਤਾਬਿਕ ਦਾਅਵਾ ਕੀਤਾ ਗਿਆ ਹੈ ਕਿ, ਇਹ ਦੋਵੇਂ ਗੈਂਗਸਟਰ 7 ਜੁਲਾਈ 2025 ਨੂੰ ਅਬੋਹਰ ਵਿਖੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਹੋਏ ਸਨਸਨੀਖੇਜ਼ ਕਤਲ ਵਿੱਚ ਮੁੱਖ ਤੌਰ 'ਤੇ ਸ਼ਾਮਲ ਸਨ। ਕਤਲ ਦੀ ਇਸ ਘਟਨਾ ਤੋਂ ਬਾਅਦ ਹੀ ਦੋਵੇਂ ਮੁਲਜ਼ਮ ਲਗਾਤਾਰ ਫਰਾਰ ਚੱਲ ਰਹੇ ਸਨ ਅਤੇ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਇਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ। ਪੰਜਾਬ ਪੁਲਿਸ ਦੀ AGTF ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਸ਼ੂਟਰ ਰਾਜਸਥਾਨ ਦੇ ਜੋਧਪੁਰ ਵਿਖੇ ਲੁਕੇ ਹੋਏ ਹਨ। ਸੂਚਨਾ ਦੇ ਆਧਾਰ 'ਤੇ AGTF ਨੇ ਤੁਰੰਤ ਕਾਰਵਾਈ ਕਰਦੇ ਹੋਏ ਜੋਧਪੁਰ ਵਿੱਚ ਘੇਰਾਬੰਦੀ ਕੀਤੀ ਅਤੇ ਦੋਵਾਂ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਮੁੱਢਲੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਾਬੂ ਕੀਤੇ ਗਏ ਕਥਿਤ ਸ਼ੂਟਰਾਂ ਦੇ ਸਬੰਧ ਖ਼ਤਰਨਾਕ ਗੈਂਗ ਆਰਜ਼ੂ ਬਿਸ਼ਨੋਈ ਨਾਲ ਹਨ। ਪੁਲਿਸ ਮੁਤਾਬਕ, ਵਪਾਰੀ ਸੰਜੇ ਵਰਮਾ ਦੀ ਹੱਤਿਆ ਦੀ ਸਾਜ਼ਿਸ਼ ਗੈਂਗਸਟਰਾਂ ਦੁਆਰਾ ਰਚੀ ਗਈ ਸੀ। ਘਟਨਾ ਵਾਲੇ ਦਿਨ ਇਨ੍ਹਾਂ ਸ਼ੂਟਰਾਂ ਨੇ ਵਪਾਰੀ 'ਤੇ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ।
ਪੁਲਿਸ ਦਾ ਮੰਨਣਾ ਹੈ ਕਿ ਰਿਮਾਂਡ ਦੌਰਾਨ ਪੁੱਛਗਿੱਛ ਵੇਲੇ ਇਸ ਕਤਲ ਕਾਂਡ ਨਾਲ ਜੁੜੇ ਕਈ ਹੋਰ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਨੂੰ ਵਾਰਦਾਤ ਤੋਂ ਬਾਅਦ ਕਿਹੜੇ-ਕਿਹੜੇ ਲੋਕਾਂ ਨੇ ਸ਼ਰਨ ਦਿੱਤੀ ਅਤੇ ਇਨ੍ਹਾਂ ਦੀ ਵਿੱਤੀ ਮਦਦ ਕੌਣ ਕਰ ਰਿਹਾ ਸੀ? ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚੋਂ ਗੈਂਗਸਟਰਾਂ ਅਤੇ ਅਪਰਾਧੀਆਂ ਦਾ ਖ਼ਾਤਮਾ ਕਰਨ ਲਈ ਮੁਹਿੰਮ ਲਗਾਤਾਰ ਜਾਰੀ ਹੈ।
- Download Babushahi App
-
-