Babushahi Special- NRI ਲੋਕ ਮਿਲਣੀ ਦੌਰਾਨ ਪ੍ਰਵਾਸੀ ਪੰਜਾਬੀਆਂ ਨੇ ਫਰੋਲੇ ਪੰਜਾਬ ਪੁਲਿਸ ਦੇ ਪੋਤੜੇ
ਅਸ਼ੋਕ ਵਰਮਾ
ਬਠਿੰਡਾ , 27 ਅਗਸਤ 2026 : ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ’ਚ ਵਸੇ ਪੰਜਾਬੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਬਠਿੰਡਾ ’ਚ ਕਰਵਾਏ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਬਹੁਤੇ ਲੋਕਾਂ ਨੇ ਪੁਲੀਸ ਦੇ ਪੋਤੜੇ ਫਰੋਲ ਦਿੱਤੇ । ਇਸ ਮੌਕੇ ਐਨਆਰਆਈ ਮਾਮਲਿਆਂ ਦੇ ਮੰਤਰੀ ਡਾ ਰਵਜੋਤ ਸਿੰਘ , ਸਕੱਤਰ ਮੁਹੰਮਦ ਤਈਅਬ, ਡਵੀਜਨਲ ਕਮਿਸ਼ਨਰ ਰਾਮਵੀਰ, ਡੀਸੀ ਬਠਿੰਡਾ ਰਾਜੇਸ਼ ਧੀਮਾਨ, ਡੀਸੀ ਸੰਗਰੂਰ ਰਾਹੁਲ ਚਾਬਾ , ਬ੍ਰਿਟਿਸ਼ ਹਾਈ ਕਮਿਸ਼ਨ ਦੇ ਅਧਿਕਾਰੀ ਰਜਿੰਦਰ ਐਸ ਨਾਗਰੋਕਟੀ ਅਤੇ ਕਈ ਜਿਲਿ੍ਹਆਂ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ। ਵੱਡੀ ਗੱਲ ਇਹ ਹੈ ਕਿ ਪੀੜਤਾਂ ’ਚ ਸੇਵਾਮੁਕਤ ਪੁਲਿਸ ਮੁਲਾਜਮ ਅਤੇ ਆਈਏਐਸ ਅਫਸਰ ਵੀ ਸ਼ਾਮਲ ਸਨ ਜਿੰਨ੍ਹਾਂ ਮੰਤਰੀ ਕੋਲ ਐਨਆਰਆਈ ਥਾਣਿਆਂ ਵਿਚਲੀ ਢਿੱਲ ਮੱਠ ਦੀ ਗੱਲ ਵੀ ਰੱਖੀ ਅਤੇ ਪੁਲਿਸ ਦੇ ਵਤੀਰੇ ਸਬੰਧੀ ਚੰਗੇ ਰਗੜੇ ਵੀ ਲਾਏ। ਇਸ ਪ੍ਰੋਗਰਾਮ ਵਿੱਚ ਬਠਿੰਡਾ , ਮੁਕਤਸਰ , ਮੋਗਾ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਮਾਨਸਾ ਜ਼ਿਲਿ੍ਹਆਂ ਤੋਂ ਵੱਡੀ ਗਿਣਤੀ ਵਿੱਚ ਪਰਵਾਸੀ ਭਾਰਤੀ ਸ਼ਾਮਲ ਹੋਏ।
ਇਸ ਲੋਕ ਮਿਲਣੀ ਦੌਰਾਨ ਫ਼ਰਿਆਦੀਆਂ ਵਿੱਚ ਜ਼ਿਆਦਾਤਰ ਬਜ਼ੁਰਗ ਸਨ ਅਤੇ ਜ਼ਿਆਦਾਤਰ ਮਸਲੇ ਪਰਵਾਸੀ ਭਾਰਤੀਆਂ ਦੀਆਂ ਜ਼ਮੀਨਾਂ ਤੇ ਘਰਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਅਤੇ ਧੱਕੇਸ਼ਾਹੀ ਨਾਲ ਸਬੰਧਤ ਸਨ। ਪੀੜਤਾਂ ਅਨੁਸਾਰ ਕਿਸੇ ਦੇ ਪੁੱਤ ਦਾ ਕਤਲ ਹੋ ਗਿਆ, ਜਮੀਨ ਅਤੇ ਗਲੀਆਂ ’ਤੇ ਕਬਜੇ ਹੋ ਗਏ ਅਤੇ ਧੋਖਾਧੜੀ ਹੋਈ ਪਰ ਇਨਸਾਫ ਦੇਣ ਦੀ ਥਾਂ ਪੁਲਿਸ ਉਨ੍ਹਾਂ ਨੂੰ ਹੀ ਧਮਕੀਆਂ ਦਿੰਦੀ ਰਹੀ। ਇਸ ਮੌਕੇ ਕਾਫੀ ਸ਼ਕਾਇਤਾਂ ਦਸਤਾਵੇਜ਼ਾਂ ’ਚ ਤਰੁਟੀਆਂ, ਸੰਪਤੀ ਵਿਵਾਦ ਅਤੇ ਵਿਵਾਹਿਕ ਮਾਮਲਿਆਂ ਨਾਲ ਸਬੰਧਤ ਵੀ ਸਨ। ਇਸ ਦਰਬਾਰ ਵਿੱਚ ਕਈ ਲੋਕਾਂ ਨੇ ਤਾਂ ਪੰਜਾਬ ਸਰਕਾਰ ਖ਼ਿਲਾਫ਼ ਵੀ ਖਰੀਆਂ ਖਰੀਆਂ ਸੁਣਾਈਆਂ। ਇਸ ਦੌਰਾਨ ਮਾਨਸਾ ਜ਼ਿਲ੍ਹੇ ਦੇ ਵਸਨੀਕ ਅਤੇ ਓਨਟਾਰੀਓ ਵਿੱਚ ਵਸੇ ਗੁਰਦੇਵ ਸਿੰਘ ਨੇ ਬਠਿੰਡਾ ਪੁਲੀਸ ’ਤੇ ਆਪਣੇ ਦੋ ਰਿਸ਼ਤੇਦਾਰਾਂ ਦੇ ਕਥਿਤ ਖੁਦਕੁਸ਼ੀ ਮਾਮਲੇ ਵਿੱਚ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਅਤੇ ਭਾਰੀ ਹੰਗਾਮਾ ਕੀਤਾ ਤਾਂ ਉਸ ਨੂੰ ਸ਼ਾਂਤ ਕਰਨ ਲਈ ਅਫਸਰਾਂ ਨੂੰ ਹੱਥ ਤੱਕ ਜੋੜਨੇ ਪਏ ।
ਉਸ ਨੇ ਦੋਸ਼ ਲਾਇਆ ਕਿ ਨਸੀਬਪੁਰਾ ਪਿੰਡ ਦੀ ਇੱਕ ਔਰਤ ਨੇ ਉਸ ਦੀ ਨੂੰਹ ਦੇ ਭਰਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਵਿਦੇਸ਼ ਵਿੱਚ ਵਸਾਉਣ ਦੇ ਬਹਾਨੇ 60 ਲੱਖ ਰੁਪਏ ਲੈਣ ਤੋਂ ਬਾਅਦ, ਉਸ ਨੂੰ ਕੈਨੇਡਾ ਲਿਜਾਣ ਤੋਂ ਇਨਕਾਰ ਕਰ ਦਿੱਤਾ ਸੀ। ਪਰਿਵਾਰ ਨੇ ਕਰਜ਼ਾ ਲੈ ਕੇ ਪੈਸੇ ਇਕੱਠੇ ਕੀਤੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਘਟਨਾ ਨੇ ਪਰਿਵਾਰ ਨੂੰ ਬਹੁਤ ਦੁਖੀ ਕਰ ਦਿੱਤਾ। ਉਸ ਨੇ ਦੋਸ਼ ਲਾਇਆ, “ਪਹਿਲਾਂ ਮੇਰੀ ਨੂੰਹ ਦੇ ਪਿਤਾ ਨੇ ਖ਼ੁਦਕੁਸ਼ੀ ਕੀਤੀ ਅਤੇ ਫਿਰ ਉਸਦੇ ਭਰਾ ਨੇ। ‘ ਉਸ ਨੇ ਕਿਹਾ ਕਿ ਮਾਮਲਾ ਦਰਜ ਕਰਨ ਦੀ ਬਜਾਏ ਪੁਲੀਸ ਪਰਿਵਾਰ ’ਤੇ ਦਬਾਅ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਐਨਆਰਆਈ ਥਾਣੇ ਪਹੁੰਚਿਆ ਜਿੱਥੇ ਕਾਰਵਾਈ ਦੀ ਥਾਂ ਮੇਰੇ ’ਤੇ ਹੀ ਚੋਰੀ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਗਿਆ। ਹੁਣ ਇੱਕ ਸਾਲ ’ਚ ਐਸਐਸਪੀ ਦਫਤਰ ਦੇ 10 ਚੱਕਰ ਕੱਢੇ ਪਰ ਕਾਰਵਾਈ ਨਹੀਂ ਹੋਈ ਹੈ।
ਇਸ ’ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਗੁਰਦੇਵ ਨੂੰ ਵੀਰਵਾਰ ਨੂੰ ਆਪਣੇ ਦਫ਼ਤਰ ਵਿੱਚ ਮਿਲਣ ਲਈ ਕਿਹਾ ਅਤੇ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਇੱਕ ਹੋਰ ਸ਼ਿਕਾਇਤਕਰਤਾ ਭਰਪੂਰ ਸਿੰਘ ਨੇ ਦੋਸ਼ ਲਾਇਆ ਕਿ ਇੱਕ ਇਮੀਗ੍ਰੇਸ਼ਨ ਏਜੰਟ ਨੇ ਉਸ ਦੀ ਭਤੀਜੀ ਨੂੰ ਜਰਮਨੀ ਭੇਜਣ ਦੇ ਬਹਾਨੇ ਠੱਗਿਆ ਹੈ। ਉਸ ਨੇ ਕਿਹਾ ਕਿ ਉਸ ਨੂੰ ਨਾ ਤਾਂ ਕੰਮ ਮਿਲਿਆ ਅਤੇ ਨਾ ਹੀ ਉੱਥੇ ਉਸਦਾ ਵੀਜ਼ਾ ਵਧਾਇਆ ਗਿਆ। ਉਸ ਨੇ ਦਾਅਵਾ ਕੀਤਾ ਕਿ ਜਰਮਨ ਅਧਿਕਾਰੀਆਂ ਨੇ ਪਰਿਵਾਰ ਨੂੰ ਦੱਸਿਆ ਸੀ ਕਿ ਏਜੰਟ ਰਜਿਸਟਰਡ ਨਹੀਂ ਸੀ। ਭਰਪੂਰ ਨੇ ਦੋਸ਼ ਲਾਇਆ ਕਿ ਸਥਾਨਕ ਪੁਲੀਸ ਨੇ ਸ਼ੁਰੂ ਵਿੱਚ ਉਨ੍ਹਾਂ ਦੀ ਸ਼ਿਕਾਇਤ ਬੰਦ ਕਰ ਦਿੱਤੀ ਸੀ, ਜਿਸ ਨੂੰ ਬਾਅਦ ਵਿੱਚ ਡੀਜੀਪੀ ਦੇ ਦਖ਼ਲ ਮਗਰੋਂ ਦੁਬਾਰਾ ਖੋਲਿ੍ਹਆ ਗਿਆ। ਉਸ ਨੇ ਦਾਅਵਾ ਕੀਤਾ ਕਿ ਪਰਿਵਾਰ ਨੂੰ ਅਜੇ ਵੀ ਪੈਸੇ ਸਵੀਕਾਰ ਕਰਨ ਅਤੇ ਚੁੱਪ ਰਹਿਣ ਲਈ ਕਿਹਾ ਜਾ ਰਿਹਾ ਹੈ।
ਸਾਲ 1987 ’ਚ ਅੱਤਵਾਦੀਆਂ ਵੱਲੋਂ ਮਾਰੇ ਐਸਐਸਪੀ ਅਰਵਿੰਦਰ ਸਿੰਘ ਬਰਾੜ ਦੀ ਸੇਵਾਮੁਕਤ ਆਈਏਐਸ ਪਤਨੀ ਯੂਐਸਏ ਵਾਸੀ ਸੁਖਦੀਪ ਬਰਾੜ ਨੇ ਕਿਹਾ ਕਿ ਪਤੀ ਦੀ ਮੌਤ ਪਿੱਛੋਂ ਨਨਾਣ ਨੂੰ ਨੌਕਰੀ ਮਿਲੀ ਜਿਸ ਦੀ ਸੇਵੁਮੁਕਤੀ ਉਪਰੰਤ ਉਸ ਦਾ ਪ੍ਰੀਵਾਰਕ ਸੰਪਤੀ ਸਬੰਧੀ ਵਿਵਾਦ ਹੈ। ਸਹੁਰੇ ਨੇ ਵਸੀਅਤ ਬਣਾਈ ਪਰ ਕੁੱਝ ਨਹੀਂ ਮਿਲਿਆ। ਐਨਆਰਆਈ ਥਾਣੇ ’ਚ ਕੇਸ ਦਰਜ ਕਰਵਾਇਆ ਪਰ ਨਿਆਂ ਨਹੀਂ ਮਿਲ ਸਕਿਆ ਹੈ। ਆਸਟਰੇਲੀਆਈ ਬਜੁਰਗ ਗੁਰਮੇਲ ਕੌਰ ਨੇ ਕਿਹਾ ਆਕਲੀਆ ਜਲਾਲ ’ਚ ਕੋਈ ਉਸ ਦੀ 7 ਏਕੜ ਜਮੀਨ ’ਤੇ ਕਬਜਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂਕਿ ਰਜਿਸਟਰੀ ਉਸ ਦੇ ਨਾਮ ਹੈ। ਪਤੀ ਗੁਰਜੰਟ ਸਿੰਘ ਨੇ ਦੱਸਿਆ ਕਿ ਤਕਰੀਬਨ 1 ਸਾਲ ਪਹਿਲਾਂ ਉਨ੍ਹਾਂ ਨੇ ਐਸਐਸਪੀ ਨੂੰ ਲਿਖਤੀ ਸ਼ਕਾਇਤ ਦਿੱਤੀ ਸੀ । ਉਸ ਦੇ ਆਸਟੇਲੀਆ ਰਹਿੰਦੇ ਬੱਚਿਆਂ ਨੇ ਵੀ ਐਨਆਰਆਈ ਥਾਣੇ ’ਚ ਸ਼ਕਾਇਤ ਦਰਜ ਕਰਵਾਈ ਅਤੇ ਸਰਕਾਰ ਨੂੰ ਵੀ ਚਿੱਠੀਆਂ ਲਿਖੀਆਂ ਪਰ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਹੈ।
ਸ਼ਕਾਇਤਾਂ ਦਾ ਸਮਾਂ ਬੱਧ ਨਿਪਟਾਰਾ
ਇਸ ਦੌਰਾਨ ਪੰਜਾਬ ਦੇ ਐੱਨਆਰਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਕਿਹਾ ਕਿ ਇਸ ਵਿਸ਼ੇਸ਼ ਮਿਲਣੀ ਦਾ ਉਦੇਸ਼ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਸੁਣਨਾ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਤੁਰੰਤ ਕਾਰਵਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਭਾਰਤੀਆਂ ਦੀ ਹਰ ਜਾਇਜ਼ ਸ਼ਿਕਾਇਤ ਦਾ ਮੈਰਿਟ ਦੇ ਆਧਾਰ ’ਤੇ ਅਤੇ ਸਮਾਂਬੱਧ ਨਿਪਟਾਰਾ ਕੀਤਾ ਜਾਵੇਗਾ।
- Download Babushahi App
-
-