← ਪਿਛੇ ਪਰਤੋ
Babushahi Special ਖਰੀਦ ਏਜੰਸੀਆਂ ਲਈ ਨਾਨੀ ਖਸਮ ਕਰੇ ਦੋਹਤਾ ਚੱਟੀ ਭਰੇ ਬਣੇਗਾ ਝੋਨੇ ’ਚ ਨਮੀ ਦਾ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 15 ਸਤੰਬਰ 2025: ਪੰਜਾਬ ਸਰਕਾਰ ਲਈ ਐਤਕੀਂ ਸਾਉਣੀ ਦੀ ਪ੍ਰਮੁੱਖ ਫ਼ਸਲ ਝੋਨੇ ਦੀ ਖ਼ਰੀਦ ਪ੍ਰੀਖਿਆ ਬਣੇਗੀ। ਪੰਜਾਬ ਵਿੱਚ ਚੋਣਾਂ ਦਾ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਝੋਨੇ ਦਾ ਇਹ ਆਖ਼ਰੀ ਖ਼ਰੀਦ ਸੀਜਨ ਹੈ । ਹਾਲਾਂਕਿ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੋਨੇ ਦੀ ਖ਼ਰੀਦ ਦਾ ਇੱਕ ਮੌਕਾ ਹੋਰ ਆਵੇਗਾ ਪਰ ਪੰਜਾਬ ’ਚ ਆਏ ਹੜ੍ਹਾਂ ਕਾਰਨ ਬਣੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਝੋਨੇ ਲਈ ਤੈਅ ਕੀਤੀ 17 ਫੀਸਦੀ ਨਮੀ ਦੀ ਮਾਤਰਾ ਦੇ ਮਾਪਦੰਡ ਕਾਰਨ ਕੋਈ ਵੀ ਵਿਘਨ ਕਿਸਾਨਾਂ ਦੀ ਨਾਰਾਜ਼ਗੀ ਦਾ ਕਾਰਨ ਬਣ ਸਕਦਾ ਹੈ। ਕੇਂਦਰ ਸਰਕਾਰ ਤਰਫ਼ੋਂ ਫ਼ਸਲ ਦੀ ਖ਼ਰੀਦ ਲਈ ਮਾਪਦੰਡ ਸਖਤ ਕਰ ਦਿੱਤੇ ਗਏ ਹਨ। ਸਰਕਾਰੀ ਅਧਿਕਾਰੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ 17 ਫੀਸਦੀ ਤੋਂ ਵੱਧ ਮਾਤਰਾ ਦੀ ਨਮੀ ਵਾਲਾ ਝੋਨਾ ਮੰਡੀ ਵਿੱਚ ਲੁਹਾਇਆ ਨਹੀਂ ਜਾਏਗਾ। ਡਿਪਟੀ ਕਮਿਸ਼ਨਰ ਬਠਿੰਡਾ ਨੇ ਤਾਂ ਇਸ ਸਬੰਧ ’ਚ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਪ੍ਰਸਥਿਤੀਆਂ ਉਲਟ ਹੋਣ ਦੇ ਬਾਵਜੂਦ ਐਤਕੀਂ ਪਹਿਲੀ ਵਾਰ ਫ਼ਸਲ ਦੀ ਖ਼ਰੀਦ ਲਈ ਸਖਤ ਰਸਤਾ ਅਖਤਿਆਰ ਕੀਤਾ ਜਾਵੇਗਾ ਜਿਸ ਲਈ ਬਠਿੰਡਾ ਦਾ ਆੜ੍ਹਤੀਆਂ ਭਾਈਚਾਰਾ ਵੀ ਸਰਗਰਮ ਹੋ ਗਿਆ ਹੈ। ਆੜ੍ਹਤੀਆਂ ਐਸੋਸੀਏਸ਼ਨ ਨੇ ਨਮੀ ਦੀ ਮਾਤਰਾ ਸਬੰਧੀ ਪੈਂਫਲਿਟ ਜਾਰੀ ਕੀਤਾ ਹੈ ਜਿਸ ਦੀ ਘੁੰਡ ਚੁਕਾਈ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਵੱਲੋਂ ਕੀਤੀ ਗਈ ਹੈ। ਇਸ ਹੱਥ ਪਰਚੇ ਵਿੱਚ ਸਪਸ਼ਟ ਤੌਰ ਤੇ ਦਰਜ ਕੀਤਾ ਗਿਆ ਹੈ ਕਿ ਨਮੀ ਦੀ 17 ਫੀਸਦੀ ਤੋਂ ਵੱਧ ਮਾਤਰਾ ਵਾਲਾ ਝੋਨਾ ਤੋਲਿਆ ਨਹੀਂ ਜਾਏਗਾ। ਇਸ ਫੈਸਲੇ ਨੂੰ ਲੈਕੇ ਕਿਸਾਨ ਧਿਰਾਂ ਅਤੇ ਸਰਕਾਰ ਵਿਚਕਾਰ ਸਿੰਗ ਫਸਣ ਦੇ ਆਸਾਰ ਵੀ ਹਨ ਜੋ ਸਿੱਲ੍ਹ ਸਬੰਧੀ ਮਾਪਦੰਡ 22 ਫੀਸਦੀ ਰੱਖਣ ਦੀ ਮੰਗ ਕਰਦੀਆਂ ਆ ਰਹੀਆਂ ਹਨ। ਸਿੱਲ੍ਹਾ ਝੋਨਾ ਧੁੱਪ ਦੇ ਬਾਵਜੂਦ ਖਰੀਦ ਇੰਸਪੈਕਟਰਾਂ ਨੂੰ ਠੰਢ ਲਾਉਣ ਲੱਗਾ ਹੈ ਜਿੰਨ੍ਹਾਂ ਨੂੰ ਡਰ ਸਤਾ ਰਿਹਾ ਹੈ ਕਿ ਫੈਸਲਾ ਸਰਕਾਰੀ ਹੈ ਜਦੋਂਕਿ ਕਿਸਾਨੀ ਰੋਹ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਣਾ ਹੈ। ਇੱਕ ਇੰਸਪੈਕਟਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਫੈਸਲਾ ਕੇਂਦਰ ਸਰਕਾਰ ਦਾ ਹੈ ਜਿਸਦਾ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪਵੇਗਾ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਿਣਸ ਦੀ ਖ਼ਰੀਦ ਲਈ ਮਾਪਦੰਡ ਸਖਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਨਮੀ ਦੀ ਮਾਤਰਾ ਘਟਾਕੇ 16 ਫ਼ੀਸਦੀ ਕਰਨ ਦਾ ਵਿਚਾਰ ਸੀ ਪਰ ਰੱਖਿਆ 17 ਹੀ ਗਿਆ ਹੈ ਜਿਸ ਨੂੰ ਲਾਗੂ ਸਖਤੀ ਨਾਲ ਕੀਤਾ ਜਾਣਾ ਹੈ। ਬੀਤੇ ਕੁਝ ਦਿਨਾਂ ਪਹਿਲਾਂ ਭਾਰੀ ਬਾਰਸ਼ਾਂ ਕਰਕੇ ਪੰਜਾਬ ਦੇ ਕਈ ਜਿਲਿ੍ਹਆਂ ਵਿੱਚ ਲੱਖਾਂ ਏਕੜ ਫ਼ਸਲਾਂ ਦਾ ਨੁਕਸਾਨ ਵੀ ਹੋਇਆ ਹੈ । ਮੰਡੀਆਂ ਵਿਚ ਮੀਂਹ ਤੋਂ ਪ੍ਰਭਾਵਿਤ ਫ਼ਸਲ ਵੀ ਪੁੱਜਣ ਦੀ ਸੰਭਾਵਨਾ ਹੈ ਜਿਸ ਕਰਕੇ ਬਦਰੰਗ ਦਾਣਿਆਂ ਦੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਹਾਲ ਦੀ ਘੜੀ ਇੱਕਾ ਦੁੱਕਾ ਕਿਸਾਨ ਜੱਥੇਬੰਦੀ ਨੇ ਨਮੀ ਦੀ ਮਾਤਰਾ ਨੂੰ ਲੈਕੇ ਅਵਾਜ਼ ਚੁੱਕੀ ਹੈ ਪਰ ਆਉਂਦੇ ਦਿਨੀਂ ਹੋਰ ਵੀ ਅਵਾਜ਼ਾਂ ਉੱਠਣ ਦੇ ਆਸਾਰ ਨਜ਼ਰ ਆ ਰਹੇ ਹਨ। ਬਠਿੰਡਾ ਜਿਲ੍ਹੇ ’ਚ ਕਿਸਾਨਾਂ ਦੇ ਝੋਨੇ ਦੀ ਵਿੱਕਰੀ ਤੇ ਨਜ਼ਰ ਰੱਖਣ ਲਈ ਕਿਸਾਨ ਬ੍ਰਿਗੇਡ ਤਿਆਰ ਹੋ ਗਏ ਹਨ। ਲੋੜ ਪੈਣ ਤੇ ਇਸ ਗਰੁੱਪ ਵੱਲੋਂ ਰੌਲੇ ਰੱਪੇ ਦੀ ਸੂਰਤ ’ਚ ਦਖਲ ਦਿੱਤਾ ਜਾਏਗਾ। ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਨੂੰ ਨਮੀ ਮਾਮਲੇ ’ਤੇ ਕਿਸਾਨਾਂ ਦਾ ਰੋਹ ਝੱਲਣਾ ਪੈ ਸਕਦਾ ਹੈ। ਪੰਜਾਬ ’ਚ ਇਸ ਵਾਰ ਪਹਿਲਾਂ ਨਾਲੋਂ 15 ਦਿਨ ਅਗੇਤੀ 16 ਸਤੰਬਰ ਤੋਂ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਹੋਵੇਗੀ ਜੋ ਸਰਕਾਰ ਲਈ ਪ੍ਰੀਖਿਆ ਤੋਂ ਘੱਟ ਨਹੀਂ ਜਾਪਦੀ ਹੈ। ਉੱਂਜ ਬਠਿੰਡਾ ’ਚ ਫਿਲਹਾਲ ਕੁਝ ਦਿਨ ਰਾਹਤ ਵਾਲੀ ਗੱਲ ਹੈ ਕਿ ਹਰ ਵਾਰ ਦੀ ਤਰਾਂ ਝੋਨਾ 5 ਅਕਤੂਬਰ ਤੋਂ ਪਹਿਲਾਂ ਆਉਣ ਦੀ ਸੰਭਾਵਨਾ ਨਹੀਂ ਹੈ। ਮਾਈਸਰਖਾਨਾ ਦੇ ਕਿਸਾਨ ਦਰਸ਼ਨ ਸਿੰਘ ਦਾ ਕਹਿਣਾ ਸੀ ਕਿ ਐਤਕੀਂ ਖਰੀਦ ਸਬੰਧੀ ਕਿਸਾਨਾਂ ਦੇ ਮਨਾਂ ’ਚ ਕਾਫੀ ਤੌਖਲੇ ਹਨ ਜਿੰਨ੍ਹਾਂ ਨੂੰ ਦੂਰ ਕਰਨਾ ਲਾਜਮੀ ਬਣਦਾ ਹੈ ਕਿਉਂਕਿ ਝੋਨਾ ਵਿਕਣ ਨੂੰ ਲੈਕੇ ਕਿਸਾਨ ਫਿਕਰਮੰਦ ਵੀ ਹਨ। ਜੱਥੇਬੰਦੀ ਤਿਆਰ: ਕੋਕਰੀ ਕਲਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਨਮੀ ਦੀ ਘੱਟ ਤੋਂ ਘੱਟ 22 ਫੀਸਦੀ ਮਾਤਰਾ ਵਾਲਾ ਮਾਪਦੰਡ ਲਾਗੂ ਕਰਨਾ ਚਾਹੀਦਾ ਚਹੈ ਜੋ ਕਿਸਾਨਾਂ ਦੀ ਪੁਰਾਣੀ ਮੰਗ ਹੈ। ਉਨ੍ਹਾਂ ਕਿਹਾ ਕਿ 17 ਫੀਸਦੀ ਨਮੀ ਨੂੰ ਸਖਤੀ ਨਾਲ ਲਾਗੂ ਕਰਕੇ ਪੰਜਾਬ ਸਕਰਾ ਧਨਾਢ ਵਪਾਰੀਆਂ ਦੀ ਲੁੱਟ ਲੱਈ ਰਾਹ ਪੱਧਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਚਿਤਵਾਨੀ ਦਿੱਤੀ ਕਿ ਜੇਕਰ ਕਿਸੇ ਵੀ ਮੰਡੀ ’ਚ ਕਿਸਾਨਾਂ ਨੂੰ ਖਰੀਦ ਦੇ ਮਾਮਲੇ ’ਚ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਦਖਲ ਦੇਣਗੇ ਅਤੇ ਸਰਕਾਰ ਨਾਲ ਲੜਾਈ ਲੜੀ ਜਾਏਗੀ। ਮੰਡੀਆਂ ’ਚ ਪ੍ਰਬੰਧ ਮੁਕੰਮਲ: ਡੀਸੀ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਦਾ ਕਹਿਣਾ ਸੀ ਕਿ ਜਿਲ੍ਹੇ ਵਿੱਚ 14 ਲੱਖ ਐਮਟੀ ਝੋਨਾ ਖਰੀਦਣ ਦਾ ਟੀਚਾ ਮਿਥਿਆ ਗਿਆ ਹੈ ਅਤੇ 189 ਖਰੀਦ ਕੇਂਦਰ ਬਣਾਏ ਹਨ । ਉਨ੍ਹਾਂ ਕਿਹਾ ਕਿ 17 ਫੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਲੁਹਾਇਆ ਨਹੀਂ ਜਾਏਗਾ ਇਸ ਲਈ ਕਿਸਾਨ ਸੁੱਕਾ ਝੋਨਾ ਲਿਆਉਣ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੂੰ ਮੰਡੀਆਂ ਅਲਾਟ ਕਰ ਦਿੱਤੀਆਂ ਹਨ ਅਤੇ ਬਾਰਦਾਨਾ ਵੀ ਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਕਟਾਈ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਕਰਨ ਦੀ ਅਪੀਲ ਕੀਤੀ ਤੇ ਨਿਯਮ ਤੋੜਨ ਵਾਲਿਆਂ ਨੂੰ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ।
Total Responses : 3070