BMW ਹਾਦਸੇ ਵਿੱਚ ਵੱਡੇ ਖੁਲਾਸੇ: ਟੱਕਰ ਇੰਨੀ ਜ਼ੋਰਦਾਰ ਸੀ ਕਿ ਨਵਜੋਤ ਬਾਈਕ ਤੋਂ ਉੱਛਲ ਕੇ ਬੱਸ ਹੇਠਾਂ ਆ ਗਏ
ਨਵੀਂ ਦਿੱਲੀ: ਦਿੱਲੀ ਕੈਂਟ ਮੈਟਰੋ ਸਟੇਸ਼ਨ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਦੇ ਡਿਪਟੀ ਸਕੱਤਰ ਨਵਜੋਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ BMW ਕਾਰ ਦੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਨਵਜੋਤ ਸਿੰਘ ਆਪਣੀ ਬਾਈਕ ਤੋਂ ਉੱਛਲ ਕੇ ਸੱਜੇ ਪਾਸੇ ਚੱਲ ਰਹੀ ਇੱਕ ਬੱਸ ਦੇ ਹੇਠਾਂ ਆ ਗਏ।
ਇਹ ਹਾਦਸਾ ਐਤਵਾਰ ਦੁਪਹਿਰ 1:30 ਤੋਂ 2 ਵਜੇ ਦੇ ਵਿਚਕਾਰ ਧੌਲਾ ਕੁਆਂ ਨੇੜੇ ਵਾਪਰਿਆ। ਪੁਲਿਸ ਅਨੁਸਾਰ, ਨਵਜੋਤ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਨ, ਜਦੋਂ ਇੱਕ ਤੇਜ਼ ਰਫ਼ਤਾਰ ਬੀਐੱਮਡਬਲਿਊ ਕਾਰ ਨੇ ਪਿੱਛੋਂ ਤੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਕਾਰ ਦੀ ਡਰਾਈਵਰ ਗਗਨਪ੍ਰੀਤ ਮੱਕੜ ਸੀ, ਜਿਸ ਨਾਲ ਉਸਦਾ ਪਤੀ ਪਰੀਕਸ਼ਿਤ ਮੱਕੜ ਵੀ ਸਵਾਰ ਸੀ। ਟੱਕਰ ਤੋਂ ਬਾਅਦ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ।
ਸਬੂਤ ਮਿਟਾਉਣ ਦੇ ਦੋਸ਼
ਪੁਲਿਸ ਨੇ ਇਸ ਮਾਮਲੇ ਵਿੱਚ ਦੋਸ਼ੀ ਮਹਿਲਾ ਡਰਾਈਵਰ ਗਗਨਪ੍ਰੀਤ ਮੱਕੜ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਉਸ 'ਤੇ ਗੈਰ-ਇਰਾਦਤਨ ਕਤਲ, ਲਾਪਰਵਾਹੀ ਨਾਲ ਗੱਡੀ ਚਲਾਉਣ, ਸਬੂਤ ਮਿਟਾਉਣ ਅਤੇ ਜਾਨ ਨੂੰ ਖਤਰੇ ਵਿੱਚ ਪਾਉਣ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ।
ਪੀੜਤ ਪਰਿਵਾਰ ਅਤੇ ਮੌਕੇ 'ਤੇ ਮੌਜੂਦ ਵੈਨ ਡਰਾਈਵਰ ਨੇ ਦੋਸ਼ ਲਾਇਆ ਹੈ ਕਿ ਦੋਸ਼ੀ ਜੋੜੇ ਨੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਲੈ ਜਾਣ ਦੀ ਬਜਾਏ, ਉਨ੍ਹਾਂ ਨੂੰ ਲਗਭਗ 22 ਕਿਲੋਮੀਟਰ ਦੂਰ ਇੱਕ ਅਜਿਹੇ ਹਸਪਤਾਲ ਵਿੱਚ ਲਿਜਾਇਆ, ਜਿੱਥੇ ਦੋਸ਼ੀ ਦੇ ਪਿਤਾ ਦਾ ਸਬੰਧ ਸੀ। ਸੰਦੀਪ ਕੌਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੇਕਰ ਉਨ੍ਹਾਂ ਦੇ ਪਤੀ ਨੂੰ ਸਮੇਂ ਸਿਰ ਇਲਾਜ ਮਿਲ ਜਾਂਦਾ ਤਾਂ ਉਨ੍ਹਾਂ ਦੀ ਜਾਨ ਬਚ ਸਕਦੀ ਸੀ। ਇਸ ਹਾਦਸੇ ਵਿੱਚ ਨਵਜੋਤ ਸਿੰਘ ਦੀ ਮੌਤ ਹੋ ਗਈ, ਜਦਕਿ ਸੰਦੀਪ ਕੌਰ ਸਮੇਤ 3 ਹੋਰ ਜ਼ਖਮੀ ਹੋ ਗਏ।
ਹਾਦਸੇ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਦੋਵੇਂ ਜ਼ਖਮੀ ਸੜਕ 'ਤੇ ਪਏ ਦਿਖਾਈ ਦੇ ਰਹੇ ਹਨ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।