10ਵੀ ਪੰਜਾਬ ਰਾਜ ਸੀਨੀਅਰ ਗੱਤਕਾ ਚੈਂਪੀਅਨਸ਼ਿਪ ਜੋਸ਼ੋ ਖਰੋਸ਼ ਨਾਲ ਸ਼ੁਰੂ
ਦੀਦਾਰ ਗੁਰਨਾ
- ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਫ਼ਤਹਿਗੜ੍ਹ ਸਾਹਿਬ, 30 ਅਗਸਤ 2025 - ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ 10ਵੀ ਪੰਜਾਬ ਰਾਜ ਸੀਨੀਅਰ ਗੱਤਕਾ ਚੈਂਪੀਅਨਸ਼ਿਪ, ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਦੇ ਦੀਵਾਨ ਟੋਡਰਮੱਲ ਯਾਦਗਾਰੀ ਹਾਲ ਵਿੱਚ ਆਰੰਭ ਹੋਈ। ਇਸ ਦੇ ਉਦਘਾਟਨੀ ਸਮਾਰੋਹ ਮੌਕੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਅਤੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਗੱਤਕਾ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਖਿਡਾਰੀਆਂ ਨੂੰ ਉੱਚ ਪੱਧਰ ਦੀ ਤਕਨੀਕ ਸਿਖਾਉਣ ਦੇ ਨਾਲ - ਨਾਲ ਬੁਨਿਆਦੀ ਢਾਂਚੇ ਵਿੱਚ ਵੀ ਸੁਧਾਰ ਕੀਤਾ ਜਾ ਰਿਹਾ ਹੈ ਤਾਂ ਜੋ ਗੱਤਕਾ ਬਾਕੀ ਖੇਡਾਂ ਦੇ ਮੁਕਾਬਲੇ ਆਪਣੇ ਆਪ ਨੂੰ ਵਧੇਰੇ ਵਿਕਸਿਤ ਕਰ ਸਕੇ।
ਇਸ ਮੌਕੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਐਸਜੀਪੀਸੀ ਦੇ ਸਹਿਯੋਗ ਨਾਲ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸਾਰੇ ਜਿਲ੍ਹਿਆਂ ਤੋਂ ਕਰੀਬ 300 ਖਿਡਾਰੀ ਭਾਗ ਲੈ ਰਹੇ ਹਨ ਜਿਨਾਂ ਦੇ ਅੰਡਰ -19 , ਅੰਡਰ- 25 ਅਤੇ ਅੰਡਰ -30 ਉਮਰ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ।
ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਨੇ ਕਿਹਾ ਕਿ ਦੇਸ਼ ਦੀਆਂ ਖੇਡਾਂ ਵਿੱਚ ਗੱਤਕੇ ਨੂੰ ਸ਼ਾਮਿਲ ਕੀਤਾ ਜਾਣਾ, ਸਿੱਖ ਕੌਮ ਲਈ ਮਾਣ ਦੀ ਗੱਲ ਹੈ। ਉਹਨਾਂ ਕਿਹਾ ਕਿ ਇਸ ਖੇਡ ਨੂੰ ਵਿਸ਼ਵ ਪੱਧਰ ਤੱਕ ਲਿਜਾਉਣ ਲਈ ਉਪਰਾਲੇ ਕੀਤੇ ਜਾਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਨਾਜ ਸਿੰਘ ਐਸ.ਪੀ., ਰਾਕੇਸ਼ ਯਾਦਵ ਐਸ.ਪੀ.(ਡੀ), ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਜਨਰਲ ਸਕੱਤਰ ਜਗਕਿਰਨ ਕੌਰ ਵੜੈਚ, ਪੰਜਾਬ ਗੱਤਕਾ ਐਸੋਸੀਏਸ਼ਨ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਅਮਰਦੀਪ ਸਿੰਘ ਪ੍ਰਿੰਸ ਛਤਵਾਲ, ਜਸਪਾਲ ਸਿੰਘ ਸੰਗਰੂਰ, ਗੁਰਸ਼ਰਨ ਸਿੰਘ, ਰਘਵੀਰ ਸਿੰਘ ਡੇਹਲੋਂ, ਹਰਮਨ ਸਿੰਘ ਮੋਹਾਲੀ, ਸੰਦੀਪ ਸਿੰਘ ਲੁਧਿਆਣਾ, ਸੁਖਦੀਪ ਸਿੰਘ ਲੁਧਿਆਣਾ, ਹਰਦੀਪ ਸਿੰਘ ਮੋਗਾ, ਹਰਦੇਵ ਸਿੰਘ ਬਰਨਾਲਾ ਤੇ ਕਰਮਜੀਤ ਸਿੰਘ ਬਰਨਾਲਾ ਆਦਿ ਵੀ ਮੌਜੂਦ ਸਨ।