ਹਰਦੀਪ ਸਿੰਘ ਮੁੰਡੀਆਂ ਵੱਲੋਂ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ
ਸੂਬੇ ਦੀ 100 ਫ਼ੀਸਦੀ ਵਸੋਂ ਨੂੰ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ: ਕੈਬਨਿਟ ਮੰਤਰੀ
ਹਲਕੇ ਵਿੱਚ ਹੋਏ ਵਿਕਾਸ ਕਾਰਜਾਂ ਲਈ ਵਿਧਾਇਕ ਰੰਧਾਵਾ ਵੱਲੋਂ ਮੁੱਖ ਮੰਤਰੀ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਦਾ ਧੰਨਵਾਦ
ਚੰਡੀਗੜ੍ਹ/ਗੁਰਦਾਸਪੁਰ, 18 ਅਗਸਤ, 2025:
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਨਾਹਰਪੁਰ ਅਤੇ ਨਾਰੋਵਾਲੀ ਵਿਖੇ 1.11 ਕਰੋੜ ਰੁਪਏ ਦੀ ਲਾਗਤ ਨਾਲ ਬਣੀਆਂ ਨਵੀਆਂ ਜਲ ਸਪਲਾਈ ਸਕੀਮਾਂ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਆਪ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਨਵ-ਨਿਯੁਕਤ ਚੇਅਰਮੈਨ ਜੋਬਨ ਰੰਧਾਵਾ ਵੀ ਮੌਜੂਦ ਸਨ। ਇਸ ਮੌਕੇ ਕੈਬਨਿਟ ਮੰਤਰੀ ਨੇ ਦੋਵੇਂ ਜਲ ਸਕੀਮਾਂ ਵਿਖੇ ਪੌਦੇ ਵੀ ਲਗਾਏ।
ਇਨ੍ਹਾਂ ਦੋਵਾਂ ਜਲ ਸਪਲਾਈ ਸਕੀਮਾਂ ਨੂੰ ਲੋਕ ਅਰਪਣ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੀ 100 ਫ਼ੀਸਦੀ ਵਸੋਂ ਨੂੰ ਪੀਣ ਲਈ ਸ਼ੁੱਧ ਤੇ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਨਾਹਰਪੁਰ ਵਿਖੇ 62.36 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ 153 ਘਰਾਂ ਨੂੰ ਪੀਣਯੋਗ ਪਾਣੀ ਦੀ ਸਹੂਲਤ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਦਾ ਡੂੰਘਾ ਬੋਰ ਕਰਕੇ 25000 ਲੀਟਰ ਦੀ ਟੈਂਕੀ ਬਣਾਈ ਗਈ ਹੈ ਅਤੇ ਪਾਈਪ ਲਾਈਨ, ਸੋਲਰ ਪੈਨਲ, ਕਲੋਰੀਨੇਟਰ, ਪਾਣੀ ਦੇ ਨਵੇਂ ਕੁਨੈਕਸ਼ਨ ਆਦਿ ਦਾ ਕੰਮ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 7.20 ਲੱਖ ਰੁਪਏ ਦੀ ਲਾਗਤ ਨਾਲ 48 ਪਖਾਨੇ ਬਣਾਏ ਗਏ ਹਨ।
ਇਸੇ ਤਰ੍ਹਾਂ ਪਿੰਡ ਨਾਰੋਵਾਲੀ ਵਿਖੇ 48.68 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਸ਼ੁਰੂ ਹੋਣ ਨਾਲ ਪਿੰਡ ਦੇ 58 ਘਰਾਂ ਨੂੰ ਸਾਫ਼ ਤੇ ਸ਼ੁੱਧ ਪਾਣੀ ਦੀ ਸਹੂਲਤ ਮਿਲੀ ਹੈ। ਪਿੰਡ ਵਿੱਚ ਸਵੱਛ ਭਾਰਤ ਮਿਸ਼ਨ ਤਹਿਤ 4.05 ਲੱਖ ਰੁਪਏ ਖ਼ਰਚ ਕਰਕੇ 27 ਪਖਾਨੇ ਬਣਾਏ ਗਏ ਹਨ।
ਇਸ ਮੌਕੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਵਾਮ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੀ ਸਹੂਲਤ ਨਾਲ 90 ਫ਼ੀਸਦੀ ਤੋਂ ਵੱਧ ਖਪਤਕਾਰਾਂ ਦਾ ਜ਼ੀਰੋ ਬਿੱਲ ਆ ਰਿਹਾ ਹੈ। ਮਾਨ ਸਰਕਾਰ ਨੇ ਸਾਢੇ ਤਿੰਨ ਸਾਲਾਂ ਵਿੱਚ 55,000 ਤੋਂ ਵੱਧ ਸਰਕਾਰੀ ਨੌਂਕਰੀਆਂ ਦਿੱਤੀਆਂ ਹਨ। ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਤਹਿਤ ਵੱਡੇ ਸੁਧਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਤੂਬਰ 2025 ਤੋਂ ਮਾਨ ਸਰਕਾਰ ਵੱਲੋਂ ਹਰ ਪਰਿਵਾਰ ਲਈ 10 ਲੱਖ ਰੁਪਏ ਤੱਕ ਮੁਫ਼ਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਹਰ ਖੇਤਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ ਹੈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦਾ ਧੰਨਵਾਦ ਕਰਦਿਆਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੋਵੇਂ ਜਲ ਸਪਲਾਈ ਸਕੀਮਾਂ ਰਿਕਾਰਡ ਸਮੇਂ ਵਿੱਚ ਤਿਆਰ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਉਦੋਂ ਤੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿੱਚ 6.82 ਕਰੋੜ ਰੁਪਏ ਦੀ ਲਾਗਤ ਨਾਲ 13 ਜਲ ਸਪਲਾਈ ਸਕੀਮਾਂ ਨੂੰ ਨੇਪਰੇ ਚਾੜ੍ਹਿਆ ਗਿਆ ਹੈ। ਇਸ ਤੋਂ ਇਲਾਵਾ ਹਲਕੇ ਵਿੱਚ 1.62 ਕਰੋੜ ਰੁਪਏ ਦੀ ਲਾਗਤ ਨਾਲ 54 ਕਮਿਊਨਿਟੀ ਸੈਨੇਟਰੀ ਕੰਪਲੈਕਸ ਬਣਾਏ ਗਏ ਹਨ। ਇਸ ਦੇ ਨਾਲ ਹੀ ਇਸ ਅਰਸੇ ਦੌਰਾਨ ਡੇਰਾ ਬਾਬਾ ਨਾਨਕ ਹਲਕੇ ਵਿੱਚ 13.4 ਕਰੋੜ ਰੁਪਏ ਦੀ ਲਾਗਤ ਨਾਲ 1480 ਪਖਾਨੇ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 898 ਬਣ ਚੁੱਕੇ ਹਨ ਜਦਕਿ ਬਾਕੀ ਰਹਿੰਦੇ 582 ਪਖ਼ਾਨਿਆਂ ਦਾ ਕੰਮ ਜਾਰੀ ਹੈ। ਸ. ਰੰਧਾਵਾ ਨੇ ਕਿਹਾ ਕਿ ਹਲਕੇ ਦੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਹਲਕੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ।
ਇਸ ਮੌਕੇ ਐੱਸ.ਡੀ.ਐੱਮ. ਜਯੋਤਸਨਾ ਸਿੰਘ, ਜਲ ਸਪਲਾਈ ਵਿਭਾਗ ਦੇ ਚੀਫ਼ ਇੰਜੀਨੀਅਰ ਰਾਜੇਸ਼ ਦੂਬੇ, ਐੱਸ.ਈ. ਨਰਿੰਦਰ ਸਿੰਘ, ਐਕਸੀਅਨ ਵਿਜੇ ਕੁਮਾਰ, ਐਕਸੀਅਨ ਧਾਲੀਵਾਲ, ਐੱਸ.ਡੀ.ਓ. ਕੰਵਰਜੀਤ ਸਿੰਘ ਰੱਤੜਾ, ਐੱਸ.ਡੀ.ਓ. ਰਾਹੁਲ ਅਤੇ ਤਹਿਸੀਲਦਾਰ ਰਜਿੰਦਰ ਸਿੰਘ, ਚੇਅਰਮੈਨ ਬਲਵਿੰਦਰ ਸਿੰਘ ਹਰੂਵਾਲ, ਪਿੰਡ ਨਾਰੋਵਾਲੀ ਦੇ ਸਰਪੰਚ ਹੰਸਾ ਸਿੰਘ, ਪਿੰਡ ਨਾਹਰਪੁਰ ਦੇ ਸਰਪੰਚ ਕਸ਼ਮੀਰ ਸਿੰਘ, ਰਾਜਵਿੰਦਰ ਕੌਰ ਸਰਪੰਚ ਖੱਦਰ ਤੋਂ ਇਲਾਵਾ ਇਲਾਕੇ ਦੇ ਹੋਰ ਮੁਹਤਬਰ ਵੀ ਹਾਜ਼ਰ ਸਨ।