ਹਰਜੋਤ ਬੈਂਸ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਮਿਆਰੀ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਦੇ ਦਿੱਤੇ ਦਿਸ਼ਾ ਨਿਰਦੇਸ਼
ਪ੍ਰਮੋਦ ਭਾਰਤੀ
ਕੀਰਤਪੁਰ ਸਾਹਿਬ 29 ਅਕਤੂਬਰ,2025- ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਸਾਰੇ ਸਰਕਾਰੀ ਸਿਹਤ ਕੇਂਦਰਾਂ, ਸਰਕਾਰੀ ਹਸਪਤਾਲਾ ਵਿੱਚ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਵੱਲੋਂ ਸਿਹਤ ਮਹਿਕਮੇ ਨੂੰ ਸਰਕਾਰੀ ਸਿਹਤ ਸਹੂਲਤਾਂ ਹਰ ਲੋੜਵੰਦ ਤੱਕ ਬਿਨਾ ਦੇਰੀ ਉਪਲੱਬਧ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਦੇ ਮੱਦੇਨਜ਼ਰ ਸ਼ਰਧਾਲੂਆਂ ਨੂੰ 24 ਘੰਟੇ ਮਿਆਰੀ ਸਿਹਤ ਸਹੂਲਤਾਂ ਮੁਹੱਇਆ ਕਰਵਾਉਣ ਲਈ ਸਿਹਤ ਕੇਂਦਰ ਕੀਰਤਪੁਰ ਸਾਹਿਬ ਦੀ ਨਵੀਂ ਇਮਾਰਤ ਜਲਦ ਲੋਕ ਅਰਪਿਤ ਕੀਤੀ ਜਾਵੇਗੀ।
ਡਾ.ਸੁਖਵਿੰਦਰਜੀਤ ਸਿੰਘ ਸਿਵਲ ਸਰਜਨ ਰੂਪਨਗਰ ਅਤੇ ਡਾ.ਬੌਬੀ ਗੁਲਾਟੀ ਸਹਾਇਕ ਸਿਵਲ ਸਰਜਨ ਨੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨਾਲ ਨਵੀਂ ਇਮਾਰਤ ਦੇ ਉਦਘਾਟਨ ਦੇ ਸਿਲਸਿਲੇ 'ਚ ਵਿਸਥਾਰ ਨਾਲ ਚਰਚਾ ਕੀਤੀ। ਸਿਵਲ ਸਰਜਨ ਨੇ 22 ਨਵੰਬਰ ਤੋਂ 26 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸ਼ਹੀਦੀ ਸਮਾਗਮ 'ਚ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਦੇ ਮੱਦੇਨਜ਼ਰ ਨਵੀਂ ਇਮਾਰਤ ਦੇ ਉਦਘਾਟਨ ਦੀਆਂ ਤਿਆਰੀਆਂ ਜਲਦ ਮੁਕੰਮਲ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਵਿਸ਼ੇਸ਼ ਮੈਡੀਕਲ ਕੈਂਪ, ਤੁਰੰਤ ਕਾਰਵਾਈ ਟੀਮਾਂ, ਐਬੂਲੈਂਸ ਸੇਵਾਵਾਂ ਅਤੇ ਮੋਬਾਈਲ ਮੈਡੀਕਲ ਯੂਨਿਟਾਂ ਦੀ ਤਾਇਨਾਤੀ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਿਹਤ ਸਬੰਧੀ ਐਮਰਜੈਂਸੀ ਦੀ ਸੂਰਤ ਵਿਚ ਤੁਰੰਤ ਸਹਾਇਤਾ ਮੁਹੱਇਆ ਕਰਵਾਈ ਨਾ ਸਕੇ। ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਰਤਿਕਾ ਓਬਰਾਏ, ਮੈਡੀਕਲ ਅਫ਼ਸਰ ਡਾ. ਸਤਨਾਮ ਸਿੰਘ, ਏ.ਐੱਮ.ਓ ਡਾ.ਅੰਬਿਕਾ ਸ਼ਰਮਾ, ਸਟਾਫ਼ ਨਰਸ ਸ਼ਿਵ ਕੁਮਾਰ, ਸੁਨੀਤਾ ਸੈਣੀ, ਫਾਰਮੇਸੀ ਅਫ਼ਸਰ ਕਮਲਪ੍ਰੀਤ ਕੌਰ, ਐੱਮ.ਐੱਲ.ਟੀ ਹਰਪ੍ਰੀਤ ਕੌਰ, ਐੱਲ.ਟੀ ਸਾਕਸ਼ੀ, ਸੀ.ਓ ਭਰਤ ਕਪੂਰ ਅਤੇ ਵਾਰਡ ਅਟੈਂਡੇਂਟ ਦਵਿੰਦਰ ਸਿੰਘ ਤੋਂ ਇਲਾਵਾ ਬਾਕੀ ਸਟਾਫ਼ ਮੈਂਬਰ ਮੌਜੂਦ ਸਨ।