ਸੇਂਟ ਕਬੀਰ ਪਬਲਿਕ ਸਕੂਲ ਵਿੱਚ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਮਨਾਇਆ ਗਿਆ
ਰੋਹਿਤ ਗੁਪਤਾ
ਗੁਰਦਾਸਪੁਰ 27 ਅਗਸਤ 2026- ਸੇਂਟ ਕਬੀਰ ਪਬਲਿਕ ਸਕੂਲ- ਸੁਲਤਾਨਪੁਰ ਗੁਰਦਾਸਪੁਰ ਵਿੱਚ ਭੈਣਾਂ ਤੇ ਭਰਾਵਾਂ ਦੇ ਅਮੋਲ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਬਹੁਤ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਪ੍ਰਿੰਸੀਪਲ ਐੱਸ.ਬੀ.ਨਾਯਰ ਜੀ ਦੀ ਸਰਪ੍ਰਸਤੀ ਅਧੀਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਸ਼ੁਰੂਆਤ ਛੇਵੀਂ ਜਮਾਤ ਦੇ ਵਿਦਿਆਰਥੀ ਗੁਨਾਰ ਗੌਤਮ ਦੁਆਰਾ ਰੱਖੜੀ ਦੇ ਤਿਉਹਾਰ ਦੀ ਇਤਿਹਾਸਕ ਮਹਾਨਤਾ ਦੱਸਦਿਆ ਕੀਤੀ ਗਈ। 11ਵੀਂ ਜਮਾਤ ਦੀਆਂ ਵਿਦਿਆਰਥਣਾਂ ਪੂਰਵਾ ਅਤੇ ਪਰਨੀਤ ਕੌਰ ਨੇ ਸਟੇਜੀ ਕਾਰਵਾਈ ਕਰਦਿਆਂ ਪ੍ਰੋਗਰਾਮ ਨੂੰ ਅੱਗੇ ਤੋਰਿਆ।ਇਸ ਉਪਰੰਤ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਦਿਲਖਿੱਚਵੀਂ ਅਵਾਜ਼ ਵਿੱਚ ਗਰੁੱਪ ਗੀਤਾਂ ਦੀ ਪੇਸ਼ਕਾਰੀ ਕੀਤੀ। ਇਸਦੇ ਨਾਲ ਹੀ ਸਕੂਲ ਵਿੱਚ ਪੜ੍ਹਦੀਆਂ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟਾਂ ਤੇ ਰੱਖੜੀਆ ਬੰਨ੍ਹ ਕੇ ਮੂੰਹ ਮਿੱਠਾ ਕਰਾਉਂਦੇ ਹੋਏ ਇਕ-ਦੂਜੇ ਨੂੰ ਸ਼ੁੱਭਕਾਮਨਾਵਾਂ ਦਿੱਤੀਆ। ਸਕੂਲੀ ਵਿਦਿਆਰਥਣਾਂ ਰਸ਼ਮੀਤ ਕੌਰ ਅਤੇ ਅਮਾਨਤ ਪ੍ਰੀਤ ਕੌਰ ਨੇ ਲਾਜਵਾਬ ਸ਼ਾਇਰੀ ਨਾਲ ਵਿਦਿਆਰਥੀਆਂ ਨੂੰ ਪੰਜਾਬ ਦੇ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
ਇਸ ਤੋਂ ਇਲਾਵਾ ਸਕੂਲ ਵਿੱਚ ਰੱਖੜੀ ਉਤਸਵ ਨਾਲ ਸੰਬੰਧਿਤ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏਂ। ਸਕੂਲ ਦੇ ਹਾਊਸ ਬੋਰਡਾਂ ਨੂੰ ਹੱਥ ਨਾਲ ਬਣਾਈਆਂ ਹੋਈਆਂ ਰੱਖੜੀਆਂ ਨਾਲ ਸਜਾਇਆ ਗਿਆ। ਸਕੂਲ ਦੇ ਅਧਿਆਪਕ ਜਸਵੀਰ ਕੌਰ ਅਤੇ ਮੈਡਮ ਸੋਨਿਕਾ ਨੇ ਗੀਤ ਦੀ ਪੇਸ਼ਕਾਰੀ ਕਰਕੇ ਮਾਹੌਲ ਵਿੱਚ ਖੂਬ ਰੰਗ ਬੰਨਿਆ। ਨਰਸਰੀ ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਆਪਣੀ ਮਧੁਰ ਆਵਾਜ਼ ਵਿੱਚ ਕਵਿਤਾਵਾਂ ਸੁਣਾਈਆਂ ਗਈਆਂ।ਸਕੂਲ ਵਿੱਚ ਐਲ.ਕੇ.ਜੀ ਤੇ ਯੂ.ਕੇ.ਜੀ ਜਮਾਤ ਦੇ ਵਿਦਿਆਰਥੀਆਂ ਨੇ ਸੁੰਦਰ ਡਾਂਸ ਦੀ ਪੇਸ਼ਕਾਰੀ ਕੀਤੀ ਤੇ ਜੇਤੂ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਿੰਸੀਪਲ ਜੀ ਤੇ ਮੈਨਜਮੈਟ ਮੈਂਬਰਾਂ ਮੈਡਮ ਨਵਦੀਪ ਕੌਰ ਤੇ ਮੈਡਮ ਕੁਲਦੀਪ ਦੁਆਰਾ ਸਮੁੱਚੇ ਸਕੂਲ ਨੂੰ ਰੱਖੜੀ ਦੀ ਵਧਾਈ ਦਿੱਤੀ ਤੇ ਹਮੇਸ਼ਾ ਪਰਿਵਾਰਕ ਸਾਂਝੀਵਾਲਤਾ, ਪਿਆਰ ਅਤੇ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।
- Download Babushahi App
-
-