ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਕਮੇਟੀ ਦਾ ਗਠਨ
ਸ਼੍ਰੀ ਕੀਰਤਪੁਰ ਸਾਹਿਬ :- 11 ਮਈ,2025 - ਸ਼੍ਰੀ ਕੀਰਤਪੁਰ ਸਾਹਿਬ ਦੇ ਮੁੱਢਲੇ ਸਿਹਤ ਕੇਂਦਰ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਦੀ ਪ੍ਰਧਾਨਗੀ ਹੇਠ ਆਫ਼ਤ ਪ੍ਰਬੰਧਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਹੁਣ ਤੱਕ ਪਾਕਿਸਤਾਨ ਨਾਲ ਚੱਲ ਰਹੇ ਤਣਾਅਪੂਰਨ ਮਾਹੌਲ ਅਤੇ ਸੰਘਰਸ਼ ਵਿਰਾਮ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਕਾਇਮ ਕੀਤੀ ਗਈ ਹੈ।
ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਹੈ ਕਿ ਪੀ.ਐੱਚ.ਸੀ ਕੀਰਤਪੁਰ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਅਨੂ ਸ਼ਰਮਾ ਨੂੰ ਕਮੇਟੀ ਵਿਚ ਬਲਾਕ ਨੋਡਲ ਅਧਿਕਾਰੀ ਵਜੋਂ ਸ਼ਾਮਲ ਕੀਤਾ ਗਿਆ ਹੈ ਜਦਕਿ ਐੱਸ.ਐੱਮ.ਆਈ ਸਿਕੰਦਰ ਸਿੰਘ ਨੂੰ ਅਨੰਦਪੁਰ ਸਾਹਿਬ ਤਹਿਸੀਲ ਦਾ ਨੋਡਲ ਅਧਿਕਾਰੀ ਅਤੇ ਸੀ.ਓ ਭਰਤ ਕਪੂਰ ਨੂੰ ਸਹਾਇਕ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਧੀਨ ਆਉਂਦੇ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਸਹਿਜੋਵਾਲ ਦੇ ਐੱਸ.ਆਈ ਸੁਖਬੀਰ ਸਿੰਘ ਅਤੇ ਕਥੇੜਾ ਦੇ ਐੱਸ.ਆਈ ਗੁਰਿੰਦਰ ਸਿੰਘ ਨੂੰ ਨੰਗਲ ਤਹਿਸੀਲ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਅਰੋਗਿਆ ਕੇਂਦਰ ਗੱਗ ਤੋਂ ਮਲਟੀ ਪਰਪਜ਼ ਹੈਲਥ ਵਰਕਰ ਗੁਰਦੀਪ ਸਿੰਘ ਅਤੇ ਭਨਾਮ ਤੋਂ ਮਲਟੀ ਪਰਪਜ਼ ਹੈਲਥ ਵਰਕਰ ਜਸਦੀਪ ਸਿੰਘ ਨੂੰ ਨੰਗਲ ਤਹਿਸੀਲ ਦੇ ਨੋਡਲ ਅਧਿਕਾਰੀ ਵਜੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਸੀਨੀਅਰ ਮੈਡੀਕਲ ਅਧਿਕਾਰੀ ਨੇ ਦੱਸਿਆ ਹੈ ਕਿ ਤਹਿਸੀਲ ਅਨੰਦਪੁਰ ਸਾਹਿਬ ਅਤੇ ਤਹਿਸੀਲ ਨੰਗਲ ਲਈ ਨਿਯੁਕਤ ਕੀਤੇ ਨੋਡਲ ਅਧਿਕਾਰੀਆਂ ਨੂੰ ਰੈਪਿਡ ਰਿਸਪਾਂਸ ਟੀਮਾਂ ਬਣਾ ਕੇ ਦਫ਼ਤਰ ਵਿਖੇ ਸੂਚਿਤ ਕਰਨ ਦੀ ਹਿਦਾਇਤ ਕੀਤੀ ਗਈ ਹੈ। ਨੋਡਲ ਅਧਿਕਾਰੀ, ਦੋਹਾਂ ਤਹਿਸੀਲਾਂ ਵਿਚ ਪੀ.ਐੱਚ.ਸੀ ਕੀਰਤਪੁਰ ਸਾਹਿਬ ਅਧੀਨ ਕੰਮ ਕਰ ਰਹੇ ਸਟਾਫ਼ ਦੀ ਅਗਵਾਈ ਕਰਨਗੇ ਅਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਵੇਲੇ ਸਟਾਫ਼ ਦੀ ਉਪਲਬੱਧਤਾ ਅਤੇ ਸਿਹਤ ਵਿਭਾਗ ਨਾਲ ਸੰਬੰਧਤ ਕੰਮ ਲਈ ਜ਼ਿੰਮੇਵਾਰ ਹੋਣਗੇ। ਡਾਕਟਰ ਜੰਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਦਿੱਤੀਆਂ ਗਈਆਂ ਸਾਰੀਆਂ ਹਿਦਾਇਤਾਂ 'ਤੇ ਗੰਭੀਰਤਾ ਨਾਲ ਅਮਲ ਕੀਤਾ ਜਾਵੇਗਾ।