ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਿੱਖਿਆ ਮਿਆਰ ਉੱਚੇ ਚੁੱਕਣ ਲਈ ਅਧਿਆਪਕਾਂ ਨਾਲ ਸੰਵਾਦ
- ਅਧਿਆਪਕਾਂ ਤੋਂ ਮਿਲੀ ਰਾਏ ਨਾਲ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਂਦੇ ਜਾਣਗੇ
- ਕੰਪਿਊਟਰ ਲੈਬਾਂ ਦੇ ਨਵੀਨੀਕਰਨ ਲਈ 400 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ
ਚੰਡੀਗੜ੍ਹ/ਸੰਗਰੂਰ, 26 ਜੁਲਾਈ 2025 - ਪੰਜਾਬ ਸਰਕਾਰ ਦੇ ਸਕੂਲੀ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਅਤੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਇੱਕ ਵਿਲੱਖਣ ਕੋਸ਼ਿਸ਼ ਤਹਿਤ ਪੰਜਾਬ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡੀ.ਆਈ. ਈ.ਟੀ.),ਸੰਗਰੂਰ ਵਿਖੇ "ਅਧਿਆਪਕਾਂ ਨਾਲ ਸੰਵਾਦ" ਰਾਹੀਂ ਅਧਿਆਪਕਾਂ ਤੋਂ ਸੁਝਾਅ ਅਤੇ ਫੀਡਬੈਕ ਲਈ।
ਹਰਜੋਤ ਸਿੰਘ ਬੈਂਸ ਨੇ ਅੱਜ ਸੰਗਰੂਰ ਜ਼ਿਲ੍ਹੇ ਦੇ ਸਕੂਲ ਮੁਖੀਆਂ ਨਾਲ ਵਿਸ਼ੇਸ਼ ਸੰਵਾਦ ਕਰਦਿਆਂ ਉਨ੍ਹਾਂ ਤੋਂ ਕੀਮਤੀ ਸੁਝਾਅ ਲਏ ਤਾਂ ਜੋ ਸਿੱਖਿਆ ਦੀ ਗੁਣਵੱਤਾ ਤੇ ਸਕੂਲਾਂ ਦੀਆਂ ਢਾਂਚਾਗਤ ਸੁਵਿਧਾਵਾਂ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ।
ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਪ੍ਰਾਪਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨੀਤੀ ਨਤੀਜਾ ਮੁੱਖੀ ਹੈ ਨਾ ਕਿ ਕੇਵਲ ਦਿੱਖਾਵਟ ਵਾਲੀ ਹੈ। ਉਨ੍ਹਾਂ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਦਾ ਪੂਰਾ ਭਰੋਸਾ ਦਿਵਾਇਆ ਅਤੇ 400 ਕਰੋੜ ਰੁਪਏ ਦੀ ਲਾਗਤ ਨਾਲ ਕੰਪਿਊਟਰ ਲੈਬਾਂ ਦਾ ਨਵੀਨੀਕਰਨ ਕਰਨ ਦੀ ਯੋਜਨਾ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਇੰਟਰਐਕਟਿਵ ਪੈਨਲ ਲਗਾਏ ਜਾ ਰਹੇ ਹਨ ਅਤੇ ਅਧਿਆਪਕਾਂ ਦੇ ਤੀਜੇ ਬੈਚ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇਗਾ, ਜਿਸ ਸਬੰਧੀ ਚੋਣ ਕੇਵਲ ਮੈਰਿਟ ਅਧਾਰਤ ਹੋਵੇਗੀ।
ਕੈਬਨਿਟ ਮੰਤਰੀ ਨੇ ਇਸ ਨਾਲ ਹੀ ਕਿਹਾ ਕਿ ਲੈਕਚਰਾਰਾਂ ਦੀ ਤਰੱਕੀ, 400 ਨਵੇਂ ਪ੍ਰਿੰਸੀਪਲਾਂ ਦੀ ਨਿਯੁਕਤੀ ਅਤੇ ਸਕੂਲਾਂ ਵਿੱਚ ਬੈਠਣ ਤੇ ਸਫਾਈ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਵਰਗੀਆਂ ਕਈ ਪਹਿਲ-ਕਦਮੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਾਸਤੇ ਸਿੱਖਿਆ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਦੱਸਿਆ ਕਿ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਪੰਜਾਬ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਰਾਸ਼ਟਰੀ ਪੱਧਰ 'ਤੇ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।
ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰੀ ਸਕੂਲਾਂ ਦੇ 845 ਵਿਦਿਆਰਥੀਆਂ ਨੇ
ਐਨ.ਈ.ਈ.ਟੀ. (ਨੈਸ਼ਨਲ ਐਲਿਜੀਬਿਲਟੀ ਕਮ ਐਂਟ੍ਰੈਂਸ ਟੈਸਟ) ਵਿੱਚ ਕਾਮਯਾਬੀ ਹਾਸਲ ਕੀਤੀ ਹੈ ਅਤੇ 265 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼
(ਜੁਆਇੰਟ ਐਂਟ੍ਰੈਂਸ ਐਗਜ਼ਾਮੀਨੇਸ਼ਨ ਮੇਨਜ਼) ਕਲੀਅਰ ਕਰ ਕੇ ਸਕੂਲ ਸਿੱਖਿਆ ਵਿਭਾਗ ਦੀ ਅਕਾਦਮਿਕ ਉੱਤਮਤਾ ਬਾਬਤ ਵਚਨਬੱਧਤਾ ਸਾਬਤ ਕੀਤੀ ਹੈ।
ਇਹ ਸਾਰੀਆਂ ਉਪਲਬਧੀਆਂ ਇਹ ਸਾਬਤ ਕਰਦੀਆਂ ਹਨ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਗੁਣਵੱਤਾ ਭਰੀ ਸਿੱਖਿਆ ਦੇਣ ਅਤੇ ਵਿਦਿਆਰਥੀਆਂ ਦੇ ਚੰਗੇ ਅਕਾਦਮਿਕ ਨਤੀਜੇ ਵਧਾਉਣ ਲਈ ਵਚਨਬੱਧ ਹੈ।
ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ
ਸਕੂਲੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਅਤੇ ਵਿਦਿਆਰਥੀਆਂ ਦੇ ਚੰਗੇ ਭਵਿੱਖ ਲਈ
ਸਕੂਲ ਆਫ਼ ਐਮੀਨਾਂਸ, ਸਕੂਲ ਆਫ਼ ਹੈਪੀਨੈੱਸ ਅਤੇ ਸਕੂਲ ਆਫ਼ ਬ੍ਰਿਲੀਆਂਸ ਵਰਗੀਆਂ ਪਹਿਲਾਂ ਦੀ ਸ਼ੁਰੂਆਤ ਕੀਤੀ ਗਈ ਹੈ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਅਤੇ ਅਹਿਮਦਾਬਾਦ ਦੀਆਂ ਪ੍ਰਸਿੱਧ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਤਕਨੀਕੀ ਤੇ ਆਧੁਨਿਕ ਸਿੱਖਿਆ ਪ੍ਰਣਾਲੀ ਅਨੁਸਾਰ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ "ਅਧਿਆਪਕਾਂ ਨਾਲ ਸੰਵਾਦ" ਪਹਿਲ ਨੂੰ ਇੱਕ ਐਸਾ ਮੰਚ ਕਿਹਾ, ਜਿੱਥੇ ਅਧਿਆਪਕਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਸੁਣ ਕੇ ਉਨ੍ਹਾਂ ਦੇ ਸੁਝਾਵਾਂ ਨੂੰ ਤਰਜੀਹ ਦਿੰਦੇ ਹੋਏ ਸਿੱਖਿਆ ਵਿੱਚ ਸੰਯੁਕਤ ਸੁਧਾਰ ਲਈ ਕੰਮ ਕੀਤਾ ਜਾਂਦਾ ਹੈ।