ਸਰੀ ਨੋਰਥ ਤੋਂ ਕੰਸਰਵੇਟਿਵ ਪਾਰਟੀ ਦੇ MLA ਮਨਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਦਾ ੳਦਘਾਟਨ
ਹਰਦਮ ਮਾਨ
ਸਰੀ, 28 ਅਕਤੂਬਰ 2025 – ਸਰੀ ਨੋਰਥ ਹਲਕੇ ਵਿੱਚ ਕੰਸਰਵੇਟਿਵ ਪਾਰਟੀ ਦੇ ਐਮ.ਐਲ.ਏ. ਮਨਦੀਪ ਸਿੰਘ ਧਾਲੀਵਾਲ ਦੇ ਦਫ਼ਤਰ ਦਾ ਉਦਘਾਟਨ ਬੀਤੇ ਦਿਨੀਂ ਪਾਰਟੀ ਦੇ ਪ੍ਰਧਾਨ ਜੌਹਨ ਰਸਟਿਡ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਕਈ ਕਮਿਊਨਿਟੀ ਆਗੂਆਂ, ਪਾਰਟੀ ਵਰਕਰਾਂ, ਸਮਾਜ ਸੇਵਕਾਂ ਅਤੇ ਆਮ ਨਾਗਰਿਕਾਂ ਨੇ ਹਾਜ਼ਰੀ ਭਰੀ।
ਮਨਦੀਪ ਸਿੰਘ ਧਾਲੀਵਾਲ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਦਫ਼ਤਰ ਸਿਰਫ਼ ਇੱਕ ਇਮਾਰਤ ਨਹੀਂ, ਸਗੋਂ ਕਮਿਊਨਿਟੀ ਨਾਲ ਸਿੱਧਾ ਸੰਬੰਧ ਬਣਾਉਣ ਦਾ ਕੇਂਦਰ ਹੈ। ਮੇਰਾ ਵਿਸ਼ਵਾਸ ਹੈ ਕਿ ਨੇਤਾ ਦਾ ਦਰਵਾਜ਼ਾ ਹਮੇਸ਼ਾਂ ਲੋਕਾਂ ਲਈ ਖੁੱਲ੍ਹਾ ਹੋਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਹਰ ਨਿਵਾਸੀ ਨੂੰ ਇਹ ਅਹਿਸਾਸ ਹੋਵੇ ਕਿ ਉਸ ਦੀ ਆਵਾਜ਼ ਸੁਣੀ ਜਾ ਰਹੀ ਹੈ ਅਤੇ ਕਮਿਊਨਿਟੀ ਦੇ ਮਸਲੇ ਸੰਜੀਦਗੀ ਨਾਲ ਵਿਚਾਰੇ ਜਾ ਰਹੇ ਹਨ। ਉਹਨਾਂ ਹੋਰ ਕਿਹਾ ਕਿ ਸਰੀ ਨੋਰਥ ਵਿਚ ਵੱਖ ਵੱਖ ਕੌਮਾਂ, ਧਰਮਾਂ ਅਤੇ ਪਿਛੋਕੜ ਦੇ ਲੋਕ ਇਕੱਠੇ ਵੱਸਦੇ ਹਨ। ਮੇਰਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਹਰ ਪਰਿਵਾਰ ਨੂੰ ਸੁਰੱਖਿਅਤ, ਸੁਚੱਜਾ ਅਤੇ ਆਸਾਨ ਜੀਵਨ ਮਿਲੇ। ਚਾਹੇ ਗੱਲ ਹੋਵੇ ਸੁਰੱਖਿਆ ਦੀ, ਟਰਾਂਸਪੋਰਟ ਦੀ, ਨੌਜਵਾਨਾਂ ਦੇ ਰੋਜ਼ਗਾਰ ਦੀ ਜਾਂ ਸਿਹਤ ਸੇਵਾਵਾਂ ਦੀ—ਇਹ ਦਫ਼ਤਰ ਹਰ ਮਸਲੇ ‘ਤੇ ਲੋਕਾਂ ਨਾਲ ਖੜ੍ਹੇਗਾ।
ਧਾਲੀਵਾਲ ਨੇ ਕਿਹਾ ਕਿ ਉਹ ਆਪਣੇ ਸਟਾਫ਼ ਦੇ ਨਾਲ ਮਿਲ ਕੇ ਹਫ਼ਤੇ ਦੇ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਲਈ ਉਪਲਬਧ ਰਹਿਣਗੇ। ਜਿਹੜੇ ਨਾਗਰਿਕ ਵਿਅਕਤੀਗਤ ਤੌਰ ‘ਤੇ ਨਾ ਆ ਸਕਣ, ਉਹ ਫ਼ੋਨ ਜਾਂ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ। ਉਹਨਾਂ ਕਿਹਾ ਮੈਂ ਚਾਹੁੰਦਾ ਹਾਂ ਕਿ ਇਹ ਦਫ਼ਤਰ ਇੱਕ ਅਜਿਹਾ ਸਥਾਨ ਬਣੇ ਜਿੱਥੇ ਲੋਕ ਖੁੱਲ੍ਹ ਕੇ ਆਪਣੀਆਂ ਚਿੰਤਾਵਾਂ ਸਾਂਝੀਆਂ ਕਰ ਸਕਣ। ਸਾਡੀ ਟੀਮ ਦਾ ਮੁੱਖ ਉਦੇਸ਼ ਹੈ – ਸਮੱਸਿਆ ਸੁਣਨੀ, ਸਮਝਣੀ ਅਤੇ ਉਸ ਦਾ ਹੱਲ ਲੱਭਣਾ। ਸਾਡੀ ਸੇਵਾ ਰਾਜਨੀਤੀ ਤੋਂ ਉੱਪਰ ਹੈ।
ਪਾਰਟੀ ਨੇਤਾ ਜੋਹਨ ਰਸਟਿਡ ਨੇ ਮਨਦੀਪ ਸਿੰਘ ਧਾਲੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਮਰਪਿਤ ਅਤੇ ਮਿਹਨਤੀ ਨੇਤਾ ਹਨ ਜੋ ਹਮੇਸ਼ਾਂ ਲੋਕਾਂ ਦੀ ਸੇਵਾ ਨੂੰ ਪਹਿਲ ਦਿੰਦੇ ਹਨ।