ਸਰਕਾਰੀ ਕਲੋਨੀ ਬਣਾਉਣ ਵਿਰੁੱਧ ਐਸਕੇਐਮ ਦਾ ਡੈਪੂਟੇਸ਼ਨ ਰਮਨ ਬਹਿਲ ਨੂੰ ਮਿਲਿਆ
ਰੋਹਿਤ ਗੁਪਤਾ
ਗੁਰਦਾਸਪੁਰ , 21 ਜੂਨ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦਾ ਇੱਕ ਵਫਦ ਪਿੰਡ ਘਰਾਲਾ ਦੀ 80 ਏਕੜ ਜਮੀਨ ਅਰਬਨ ਸਟੇਟ ਕਲੋਨੀ ਬਣਾਉਣ ਲਈ ਪ੍ਰਾਪਤ ਕਰਨ ਵਾਸਤੇ 6 ਜੂਨ ਦੀਆਂ ਅਖਬਾਰਾਂ ਚ ਹੋਏ ਨੋਟੀਫਿਕੇਸ਼ਨ ਵਿਰੁੱਧ ਅੱਜ ਹਲਕਾ ਗੁਰਦਾਸਪੁਰ ਦੇ ਆਮ ਆਦਮੀ ਪਾਰਟੀ ਦੇ ਇਨਚਾਰਜ ਸ੍ਰੀ ਰਮਨ ਬਹਿਲ ਨੂੰ ਮਿਲਿਆ। ਇਸ ਦੀ ਅਗਵਾਈ ਸਾਂਝੇ ਤੌਰ ਤੇ ਮੱਖਣ ਸਿੰਘ ਕੁਹਾੜ ਗੁਰਵਿੰਦਰ ਸਿੰਘ ਜੀਵਨ ਚੱਕ ਧਿਆਨ ਸਿੰਘ ਠਾਕੁਰ ਗੁਰਦੀਪ ਸਿੰਘ ਮੁਸਤਫਬਾਦ ਸੁਖਦੇਵ ਸਿੰਘ ਭਾਗੋਕਾਵਾਂ ਬਰਿੰਦਰ ਸਿੰਘ ਸੋਨਾ ਸ਼ਾਹ ਬਲਪ੍ਰੀਤ ਸਿੰਘ ਪ੍ਰਿੰਸ ਅਮਰਜੀਤ ਕੌਰ ਪਰਮਜੀਤ ਕੌਰ ਰਘਬੀਰ ਸਿੰਘ ਚਾਹਲ ਅਜੀਤ ਸਿੰਘ ਹੁੰਦਲ ਆਦਿ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮੇਂ 80 ਏਕੜ ਜਮੀਨ ਦੇ ਵੱਖ-ਵੱਖ ਸਾਰੇ ਕਿਸਾਨ ਮਾਲਕ ਵੀ ਹਾਜ਼ਰ ਸਨ। ਆਗੂਆਂ ਨੇ ਕਿਸਾਨ ਮਾਲਕਾਂ ਦੇ ਦਸਤਖਤਾਂ ਹੇਠ ਇਕ ਦਰਖਾਸਤ ਸ੍ਰੀ ਰਮਨ ਬਹਿਲ ਨੂੰ ਦਿੱਤੀ ਜਿਸ ਵਿੱਚ ਅਪੀਲ ਕੀਤੀ ਗਈ ਕਿ ਪਿੰਡ ਘਰਾਲਾ ਦੇ ਜਮੀਨ ਮਾਲਕ ਇਹ ਜਮੀਨ ਅਰਬਨ ਸਟੇਟ ਕਲੋਨੀ ਉਸਾਰਨ ਲਈ ਬਿਲਕੁਲ ਨਹੀਂ ਦੇਣਾ ਚਾਹੁੰਦੇ। ਇਸ ਪਿੰਡ ਦੀ ਪਹਿਲਾਂ ਹੀ ਸਾਰੀ ਜਮੀਨ ਹਾਈਵੇ ਬਾਈਪਾਸ ਅਤੇ ਇੰਪਰੂਵਮੈਂਟ ਟਰਸਟ ਨਵੇਂ ਬੱਸ ਸਟੈਂਡ ਲਈ ਅਕਵਾਇਰ ਕੀਤੀ ਜਾ ਚੁੱਕੀ ਹੈ। ਆਗੂਆਂ ਸਪਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ਤੇ ਇਸ ਪਿੰਡ ਨੂੰ ਉਜੜਨ ਨਹੀਂ ਦੇਣਗੇ ਅਤੇ ਉਸੇ ਤਰਾਂ ਸਾਂਝੀ ਲੜਾਈ ਲੜੀ ਜਾਵੇਗੀ ਜਿਸ ਤਰਾਂ ਗੋਪਾਲ ਨਗਰ ਦੇ ਪਲਾਟਾਂ ਦੀ ਮੁੜ ਪ੍ਰਾਪਤੀ ਲਈ ਲੜੀ ਗਈ ਸੀ। ਚੇਤੇ ਰਹੇ ਕਿ ਉਸ ਸਮੇਂ ਇਸ ਸੰਘਰਸ਼ ਵਿੱਚ ਸ੍ਰੀ ਰਮਨ ਬਹਲ ਵੀ ਬਕਾਇਦਾ ਸ਼ਾਮਿਲ ਸਨ। ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਹੁਣ ਵੀ ਖੁਦ ਇਸ ਹੱਕੀ ਲੜਾਈ ਲਈ ਸਰਕਾਰੀ ਧੱਕੇ ਵਿਰੁੱਧ ਐਸਕੇਐਮ ਦਾ ਸਾਥ ਦੇਣ ਅਤੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹੋਰਾਂ ਦੇ ਇਸ ਕਥਨ ਨੂੰ ਲਾਗੂ ਕਰਾਉਣ ਕਿ ਕਿਸਾਨ ਦੀ ਮਰਜ਼ੀ ਦੇ ਬਗੈਰ ਜਮੀਨ ਅਕਵਾਇਰ ਨਹੀਂ ਕੀਤੀ ਜਾਵੇਗੀ।
ਸ਼੍ਰੀ ਰਮਨ ਬਹਿਲ ਹੋਰਾਂ ਵਿਸ਼ਵਾਸ ਦਵਾਇਆ ਕਿ ਉਹ ਇਸ ਨੋਟੀਫਿਕੇਸ਼ਨ ਨੂੰ ਹਰ ਹਾਲਤ ਵਿੱਚ ਰੱਦ ਕਰਾਉਣਗੇ ਇਸ
ਸਮੇਂ ਹੋਰਨਾ ਤੋਂ ਇਲਾਵਾ ਕੁਲਜੀਤ ਸਿੰਘ ਸਿੱਧਵਾਂ ਜਮੀਤ ਮਲਕੀਅਤ ਸਿੰਘ ਬੁਢਾਕੋਟ ਗੁਰਦੇਵ ਸਿੰਘ ਰੌਣਕੀ ਪਲਵਿੰਦਰ ਸਿੰਘ ਬਰਿੰਦਰ ਸਿੰਘ ਲਾਡੀ ਦਵਿੰਦਰ ਕੌਰ ਕੰਵਰਪਾਲ ਸਿੰਘ ਮੰਪੀ ਰਾਣਾ ਹੀਰਾ ਜਗੀਰ ਸਿੰਘ ਆਦਿ ਵੀ ਹਾਜ਼ਰ ਸਨ।