ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 25 ਜੂਨ ਨੂੰ
ਨਵੀਂ ਦਿੱਲੀ 21 ਜੂਨ 2025: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੇ ਅੱਜ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਦੀ ਦੋ ਸਾਲਾਂ ਮਿਆਦੀ ਚੋਣ 25 ਜੂਨ ਨੂੰ ਕਰਵਾਈ ਜਾਵੇਗੀ।
ਉਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਡਾਇਰੈਕਟਰ ਗੁਰਦੁਆਰਾ ਚੋਣਾਂ ਵੱਲੋਂ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੂੰ ਚੋਣਾਂ ਕਰਵਾਉਣ ਸਬੰਧੀ ਪੱਤਰ ਭੇਜਿਆ ਗਿਆ ਹੈ ਅਤੇ ਉਨ੍ਹਾਂ ਦੇ ਅਨੁਸਾਰ ਇਹ ਚੋਣਾਂ ਲੋਕਤਾਂਤਰਿਕ ਅਤੇ ਸ਼ਾਂਤੀਪੂਰਕ ਢੰਗ ਨਾਲ ਹੋਣਗੀਆਂ।
ਹਾਲਾਂਕਿ ਕਿਸੇ ਦਾ ਨਾਮ ਨਾ ਲੈਂਦਿਆਂ ਕਾਲਕਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਵੱਲੋਂ ਅਮਨ-ਕਾਨੂੰਨ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਦਾ ਉਚਿਤ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ "ਸਾਡੀ ਪਾਰਟੀ ਅੰਦਰ ਆਉਂਦੇ ਸਮੇਂ ਵਿੱਚ ਸਰਵਸੰਮਤੀ ਸਹਿਮਤੀ ਨਾਲ ਅਹੁਦੇਦਾਰਾਂ ਦੀ ਚੋਣ ਕਰੇਗੀ।"
ਉਨ੍ਹਾਂ ਐਸ.ਜੀ.ਪੀ.ਸੀ. ਚੋਣਾਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਿਫਾਫਾ ਦੇ ਕੇ ਪ੍ਰਧਾਨ ਦਾ ਨਾਮ ਐਲਾਨ ਕਰਦੇ ਹਨ, ਇਸ ਦੇ ਉਲਟ ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਭ ਤੋਂ ਨੌਜਵਾਨ ਮੈਂਬਰ ਵੱਲੋਂ ਅਹੁਦੇਦਾਰਾਂ ਦੇ ਨਾਮ ਪ੍ਰਸਤਾਵਿਤ ਕੀਤੇ ਜਾਣਗੇ, ਉਨ੍ਹਾਂ ਨੂੰ ਦੂਜੇ ਮੈਂਬਰ ਵੱਲੋਂ ਸਮਰਥਨ ਮਿਲੇਗਾ ਅਤੇ ਫਿਰ ਜਨਰਲ ਹਾਊਸ ਵੱਲੋਂ ਚੋਣ ਕੀਤੀ ਜਾਵੇਗੀ।
ਕਮੇਟੀ ਦੇ ਪ੍ਰਧਾਨ, ਜਨਰਲ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੇ ਨਾਲ ਨਾਲ ਇੱਕ ਕਾਰਜਕਾਰੀ ਕਮੇਟੀ ਦੀ ਵੀ ਚੋਣ ਹੋਵੇਗੀ।
ਚੋਣਾਂ ਦੀ ਦੇਰੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਸ. ਕਾਲਕਾ ਨੇ ਦੱਸਿਆ ਕਿ ਇਹ ਚੋਣਾਂ ਅਦਾਲਤਾਂ ਵਿੱਚ ਵਿਰੋਧੀਆਂ ਵੱਲੋਂ ਫਾਈਲ ਕੀਤੀਆਂ ਪਟੀਸ਼ਨਾਂ ਦੇ ਚਲਦੇ ਨਹੀਂ ਹੋ ਸਕੀਆਂ। ਹੁਣ ਜਦੋਂ ਕਿ ਚੋਣਾਂ ਦੀ ਮਿਆਦ ਤੋਂ ਦੋ ਸਾਲ ਲੰਘ ਚੁੱਕੇ ਹਨ, ਡਾਇਰੈਕਟਰ ਗੁਰਦੁਆਰਾ ਚੋਣਾਂ ਅਤੇ ਉਪ-ਰਾਜਪਾਲ ਨੇ ਇਹ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਹੈ।
ਪਿਛਲੇ ਪ੍ਰਧਾਨਾਂ ਸ. ਪਰਮਜੀਤ ਸਿੰਘ ਸਰਨਾ ਅਤੇ ਸ. ਮਨਜੀਤ ਸਿੰਘ ਜੀ.ਕੇ. ਦਾ ਜ਼ਿਕਰ ਕਰਦਿਆਂ ਕਾਲਕਾ ਨੇ ਕਿਹਾ ਕਿ ਇਹ ਦੋਵੇਂ ਵਿਰੋਧੀ ਅਗੂ ਚੋਣਾਂ ਨਾ ਹੋਣ ਨੂੰ ਲੈ ਕੇ ਲਗਾਤਾਰ ਹੰਗਾਮਾ ਕਰ ਰਹੇ ਸਨ, ਪਰ ਹੁਣ ਜਦੋਂ ਚੋਣਾਂ ਦਾ ਐਲਾਨ ਹੋ ਗਿਆ ਹੈ, ਤਾਂ ਵਿਰੋਧੀ ਪੱਖ ਦੇ ਕੁਝ ਲੋਕ ਦੁਬਾਰਾ ਅਦਾਲਤ ਜਾਣ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਇਨ੍ਹਾਂ ਚੋਣਾਂ ਨੂੰ ਰੋਕਿਆ ਜਾ ਸਕੇ।
ਉਨਾਂ ਕਿਹਾ ਕਿ ਵਿਰੋਧੀ ਆਗੂਆਂ ਦੇ ਅਸਲ ਚਿਹਰਾ ਹੁਣ ਸਾਹਮਣੇ ਆ ਗਿਆ ਹੈ ਅਤੇ ਦਿੱਲੀ ਦੀ ਸੰਗਤ ਸਮਝ ਚੁੱਕੀ ਹੈ ਕਿ ਇਹ ਹਰ ਮਾਮਲੇ ਦਾ ਵਿਰੋਧ ਸਿਰਫ਼ ਵਿਰੋਧ ਲਈ ਕਰਦੇ ਹਨ ।
ਮੀਡੀਆ ਵੱਲੋਂ ਪੁੱਛੇ ਗਏ ਇਕ ਹੋਰ ਸਵਾਲ ਦੇ ਜਵਾਬ ’ਚ ਸ. ਕਾਲਕਾ ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਵਿੱਚ ਐਸ.ਜੀ.ਪੀ.ਸੀ. ਵੱਲੋਂ ਜਾਇਦਾਦਾਂ ਦੀ ਵਿਕਰੀ ਉੱਤੇ ਚਿੰਤਾ ਜਤਾਈ ਅਤੇ ਕਿਹਾ ਕਿ ਇਹ ਜਾਇਦਾਦਾਂ ਮਾਰਕੀਟ ਰੇਟ ਦੇ ਤਿਹਾਈ ਮੁੱਲ ਉੱਤੇ ਵੇਚੀਆਂ ਗਈਆਂ ਹਨ, ਜਿਸ ਲਈ ਐਸ.ਜੀ.ਪੀ.ਸੀ. ਦੇ ਪ੍ਰਧਾਨ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।