ਵਿਜੀਲੈਂਸ ਬਠਿੰਡਾ ਨੇ ਡੀਐਸਪੀ ਭੁੱਚੋ ਦੇ ਰੀਡਰ ਖਿਲਾਫ ਸ਼ਿਕੰਜਾ ਕਸਿਆ- ਦੂਸਰਾ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ,1ਅਗਸਤ 2025:ਵਿਜੀਲੈਂਸ ਬਠਿੰਡਾ ਨੇ ਡੀਐਸਪੀ ਭੁੱਚੋ ਦੇ ਰੀਡਰ ਕਮ ਸੁਰੱਖਿਆ ਗਾਰਡ ਰਾਜ ਕੁਮਾਰ ਵਿਰੁੱਧ ਇੱਕ ਹੋਰ ਮਾਮਲਾ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਰਾਜ ਕੁਮਾਰ ਨੂੰ ਲੱਖ ਰੁਪਿਆ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਚੁੱਕੀ ਹੈ। ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਵਾਸੀ ਗੋਨਿਆਣਾ ਮੰਡੀ ਨੇ ਮੁੱਖ ਮੰਤਰੀ ਦੀ ਭ੍ਰਿਸ਼ਟਚਾਰ ਵਿਰੋਧੀ ਹੈਲਪਲਾਈਨ ਤੇ ਸ਼ਕਾਇਤ ਦਰਜ ਕਰਵਾਈ ਸੀ।
ਇਸ ਸ਼ਕਾਇਤ ਦੀ ਜਾਂਚ ਉਪਰੰਤ ਰਾਜ ਕੁਮਾਰ ਖਿਲਾਫ ਕਾਰਵਾਈ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਦਰਸ਼ਨ ਸਿੰਘ ਚੈਕ ਬਾਊਂਸ ਹੋਣ ਦੇ ਮਾਮਲੇ ’ਚ ਮੁਕੱਦਮਾ ਦਰਜ ਕਰਵਾਉਣਾ ਚਾਹੁੰਦਾ ਸੀ। ਇਹ ਕੰਮ ਕਰਵਾਉਣ ਲਈ ਰਾਜ ਕੁਮਾਰ ਨੇ 80 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਮੁਦਈ ਦਰਸ਼ਨ ਸਿੰਘ ਨੇ ਦੋਵਾਂ ਦੀ ਆਪਸੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਜਿਸ ਨੂੰ ਸਬੂਤ ਵਜੋਂ ਹੈਲਪਲਾਈਨ ਤੇ ਭੇਜ ਦਿੱਤਾ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਵਿਜੀਲੈਂਸ ਬਿਊਰੋ ਬਠਿੰਡਾ ਨੇ ਮਾਮਲੇ ਦੀ ਪੜਤਾਲ ਕੀਤੀ ਸੀ।
ਵੇਰਵਿਆਂ ਅਨੁਸਾਰ ਮਿਤੀ 17 ਜੁਲਾਈ ਨੂੰ ਭ੍ਰਿਸ਼ਟਾਚਾਰ ਵਿਰੋਧੀ ਧਾਰਾਵਾਂ ਤਹਿਤ ਐਫਆਈਆਰ ਨੰਬਰ 17 ਦਰਜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਮੁਲਜਮ ਜੇਲ੍ਹ ਵਿੱਚ ਬੰਦ ਸੀਖ ਜਿਸ ਨੂੰ ਪ੍ਰੋਡਕਸ਼ਨ ਵਾਰੰਟ ਤਹਿਤ ਲਿਆਕੇ ਵਿਜੀਲੈਂਸ ਨੇ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਪੜਤਾਲ ਕੀਤੀ ਸੀ ਜਿਸ ਤੋਂ ਬਾਅਦ ਮੁਲਜਮ ਨੂੰ ਵਾਪਿਸ ਜੇਲ੍ਹ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਮੁਲਜ਼ਮ ਨੇ ਵਿਜੀਲੈਂਸ ਪੁੱਛਗਿੱਛ ਵਿੱਚ ਕਈ ਮਹੱਤਵਪੂਰਨ ਖੁਲਾਸੇ ਕੀਤੇ ਹਨ ਜਿਸ ਤੋਂ ਬਾਅਦ ਹੁਣ ਸ਼ੱਕ ਦੀ ਸੂਈ ਇੱਕ ਵਾਰ ਫਿਰ ਤੋਂ ਡੀਐਸਪੀ ਦੀ ਭੂਮਿਕਾ ਤੇ ਟਿਕ ਗਈ ਹੈ। ਹਾਲਾਂਕਿ ਕੋਈ ਅਧਿਕਾਰੀ ਇਸ ਮੁੱਦੇ ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹੋਇਆ ਹੈ। ਐਸਐਸਪੀ ਵਿਜੀਲੈਂਸ ਦਿਗਵਿਜੇ ਕਪਿਲ ਦਾ ਕਹਿਣਾ ਸੀ ਕਿ ਮੁਦਈ ਦਰਸ਼ਨ ਸਿੰਘ ਵੱਲੋਂ ਐਂਟੀ ਕੁਰਪਸ਼ਨ ਹੈਲਪਲਾਈਨ ਤੇ ਸ਼ਕਾਇਤ ਦਰਜ ਕਰਵਾਈ ਸੀ । ਉਨ੍ਹਾਂ ਦੱਸਿਆ ਕਿ ਸ਼ਕਾਇਤ ਦੀ ਪੜਤਾਲ ਉਪਰੰਤ ਰਾਜਕੁਮਾਰ ਖਿਲਾਫ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਗਈ ਹੈ।
ਪਹਿਲਾਂ ਵੀ ਦਰਜ ਹੈ ਮਾਮਲਾ
ਦੱਸ ਦਈਏ ਕਿ ਨਥਾਣਾ ਨੇੜਲੇ ਪਿੰਡ ਕਲਿਆਣ ਸੁੱਖਾ ਵਾਸੀ ਸਾਬਕਾ ਸਰਪੰਚ ਕੁਲਵਿੰਦਰ ਸਿੰਘ ਦੀ ਪਤਨੀ ਪਰਮਜੀਤ ਕੌਰ ਤੋਂ ਉਸ ਦੇ ਪਤੀ ਅਤੇ ਦੋਵਾਂ ਲੜਕਿਆਂ ਤੇ ਜਮੀਨੀ ਵਿਵਾਦ ਨੂੰ ਲੈਕੇ ਦਰਜ ਮੁਕੱਦਮਾ ਚੋਂ ਕੱਢਣ ਲਈ ਰਾਜ ਕੁਮਾਰ ਨੇ ਡੀਐਸਪੀ ਲਈ ਪੰਜ ਲੱਖ ਦੀ ਮੰਗ ਕੀਤੀ ਸੀ ਜਿਸ ਦਾ ਸੌਦਾ ਦੋ ਲੱਖ ’ਚ ਹੋਇਆ ਸੀ। ਇਕ ਲੱਖ ਰੁਪਏ ਰਿਸ਼ਵਤ ਦੀ ਪਹਿਲੀ ਕਿਸ਼ਤ ਦੇਣ, ਜਦੋਂ ਪਰਮਜੀਤ ਕੌਰ ਡੀਐੱਸਪੀ ਭੁੱਚੋ ਦੇ ਦਫ਼ਤਰ ਪਹੁੰਚੀ ਤਾਂ ਪਹਿਲਾਂ ਤੋਂ ਹੀ ਘਾਤ ਲਗਾਕੇ ਬੈਠੀ ਵਿਜੀਲੈਂਸ ਨੇ ਰੀਡਰ ਰਾਜ ਕੁਮਾਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਹੌਲਦਾਰ ਰਾਜ ਕੁਮਾਰ ਨੇ ਰਿਸ਼ਵਤ ਦੀ ਰਾਸ਼ੀ ਡੀਐਸਪੀ ਦੀ ਕਾਰ ਚੋਂ ਬਰਾਮਦ ਕਰਵਾਈ ਸੀ।