ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਪੇਸ਼ੀ ਮੌਕੇ ਉਹਨਾਂ ਦੇ ਪਰਿਵਾਰਾਂ ਨਾਲ ਦੁਰ-ਵਿਵਹਾਰ ਕਰਨ ਵਾਲੇ ਐਸ.ਪੀ. ਨੂੰ ਕੀਤਾ ਜਾਵੇ ਸਸਪੈਂਡ : ਅਕਾਲੀ ਦਲ ਵਾਰਿਸ ਪੰਜਾਬ ਦੇ
- ਐਸ ਪੀ ਹਰਪਾਲ ਸਿੰਘ ਪੁਲਿਸ ਡਿਪਾਰਟਮੈਂਟ ਅਤੇ ਸਿੱਖੀ ਦੇ ਨਾਮ ਉੱਤੇ ਕਾਲਾ ਧੱਬਾ : ਬਾਪੂ ਤਰਸੇਮ ਸਿੰਘ
ਅੰਮ੍ਰਿਤਸਰ 2 ਅਗਸਤ 2025 - ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਸਰਗਰਮ ਆਗੂਆਂ ਵੱਲੋਂ ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ਇਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ ਅਤੇ ਮਾਤਾ ਬਲਵਿੰਦਰ ਕੌਰ ਜੀ ਤੋਂ ਇਲਾਵਾ ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਭਾਈ ਪਰਮਜੀਤ ਸਿੰਘ ਜੌਹਲ, ਐਡਵੋਕੇਟ ਕਰਮਵੀਰ ਸਿੰਘ ਪੰਨੂੰ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ,ਚਾਚਾ ਸੁਖਚੈਨ ਸਿੰਘ, ਚਾਚਾ ਪ੍ਰਗਟ ਸਿੰਘ, ਭਾਈ ਦਇਆ ਸਿੰਘ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਪਰਮਜੀਤ ਸਿੰਘ ਜੱਲੂਪੁਰ, ਭਾਈ ਜੋਗਿੰਦਰਪਾਲ ਸਿੰਘ ਵਡਾਲਾ, ਅਡਵੋਕੇਟ ਅਜੇਪਾਲ ਸਿੰਘ ਢਿਲੋਂ, ਅਤੇ ਹੋਰ ਵੀ ਆਗੂ ਸ਼ਾਮਿਲ ਸਨ।
ਇਸ ਪ੍ਰੈਸ ਕਾਨਫਰੰਸ ਵਿੱਚ ਬਾਪੂ ਤਰਸੇਮ ਸਿੰਘ ਜੀ ਵੱਲੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸ ਪੀ ਹਰਪਾਲ ਸਿੰਘ ਤੇ ਵੱਡੇ ਇਲਜ਼ਾਮ ਲਗਾਏ ਗਏ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਦੱਸਿਆ ਕਿ ਬੀਤੇ ਰੋਜ਼ ਭਾਈ ਅੰਮ੍ਰਿਤਪਾਲ ਸਿੰਘ ਜੀ ਸਾਥੀ ਸਿੰਘਾਂ ਦੀ ਅੰਮ੍ਰਿਤਸਰ ਕੋਰਟ ਵਿੱਚ ਪੇਸ਼ੀ ਦੌਰਾਨ ਉਹਨਾਂ ਦੇ ਪਰਿਵਾਰ ਉਹਨਾਂ ਸਿੰਘਾਂ ਨੂੰ ਮਿਲਣ ਵਾਸਤੇ ਆਏ ਸਨ, ਜਿੰਨਾਂ ਨਾਲ ਉਹ ਆਪ ਖੁਦ ਅਤੇ ਉਹਨਾਂ ਦੀ ਧਰਮ ਪਤਨੀ ਮਾਤਾ ਬਲਵਿੰਦਰ ਕੌਰ ਜੀ ਵੀ ਮੌਜੂਦ ਸਨ। ਜਿਥੇ ਕਿ ਉਥੇ ਸਕਿਉਰਟੀ ਲਈ ਤਾਇਨਾਤ ਐਸ ਪੀ ਹਰਪਾਲ ਸਿੰਘ ਆਪਣੀਂ ਪੂਰੀ ਪੁਲਿਸ ਫੋਰਸ ਨਾਲ ਮੌਜੂਦ ਸੀ ਤੇ ਜਦੋਂ ਉਹਨਾਂ ਬੰਦੀ ਸਿੰਘਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਐਸ ਪੀ ਹਰਪਾਲ ਸਿੰਘ ਬੜੇ ਗੁੱਸੇ ਵਿੱਚ ਪੁਲਿਸ ਬਲ ਦਾ ਇਸਤੇਮਾਲ ਕਰਦਿਆਂ ਹੋਇਆ ਘਟੀਆ ਰਵੱਈਏ ਤੇ ਉੱਤਰ ਆਇਆ।
ਜਿਸ ਦੌਰਾਨ ਉਸਨੇ ਮੌਜੂਦਾ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਜੀ ਨਾਲ ਬਹੁਤ ਬਦਸਲੂਕੀ ਕੀਤੀ ਅਤੇ ਅਸੱਭਿਅਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਇਤਰਾਜਯੋਗ ਸ਼ਬਦ ਬੋਲੇ ਅਤੇ ਕਿਹਾ ਕਿ "ਤੇਰੇ ਮੁੰਡੇ ਨੇ ਪੰਜਾਬ ਨੂੰ ਅੱਗ ਲਾਈ ਹੈ ਅਤੇ ਤੁਸੀਂ ਬਹੁਤ ਪੈਸਾ ਇਕੱਠਾ ਕਰ ਲਿਆ ਹੈ ਹੁਣ ਬੱਸ ਕਰੋ" 'ਤੇ ਅੰਮ੍ਰਿਤਸਰ ਕਚਿਹਰੀ ਕੰਪਲੈਕਸ ਵਿੱਚ ਸ਼ਰੇਆਮ ਬੇਇੱਜਤ ਕੀਤਾ। ਇਥੇ ਹੀ ਬੱਸ ਨਹੀਂ ਬਾਕੀ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਨਾਲ ਧੱਕਾ ਮੁੱਕੀ, ਖਿੱਚ ਧੂਹ ਵੀ ਕੀਤੀ ਗਈ ਅਤੇ ਸਿੱਖ ਔਰਤਾਂ ਦੀਆਂ ਚੁੰਨੀਆਂ ਉਤਾਰੀਆਂ ਗਈਆਂ ਜਿਸ ਦੌਰਾਨ ਕਈਆਂ ਨੂੰ ਸੱਟਾਂ ਵੀ ਲੱਗੀਆਂ ਜੋ ਕਿ ਪੰਜਾਬ ਦੇ ਇਕ ਉੱਚ ਅਧਿਕਾਰੀ ਤੇ ਦੂਸਰਾ ਸਿੱਖ ਅਫ਼ਸਰ ਹੋਣ ਨਾਤੇ ਅਜੇ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੁੰਦਿਆ ਅਜਿਹੇ ਇਲਜ਼ਾਮ ਲਗਾਉਣੇ ਤੇ ਔਰਤਾਂ ਨਾਲ ਬਦਸਲੂਕੀ ਕਰਨੀ ਬਿਲਕੁਲ ਹੀ ਗੈਰ-ਸਮਾਜਿਕ ਤੇ ਗੈਰ-ਸੰਵਿਧਾਨਿਕ ਹੈ।
ਉਹਨਾਂ ਕਿਹਾ ਕਿ ਅਕਾਲੀ ਦਲ ( ਵਾਰਿਸ ਪੰਜਾਬ ਦੇ ) ਪੰਜਾਬ ਪੁਲਿਸ ਦੇ ਇਸ ਐਸ ਪੀ ਹਰਪਾਲ ਸਿੰਘ ਵੱਲੋਂ ਕੀਤੇ ਗਏ ਸ਼ਰਮਨਾਕ ਵਿਵਹਾਰ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕਰਦਾ ਹੈ ਅਤੇ ਮੰਗ ਕਰਦਾ ਹੈ ਕਿ ਇਕ ਮੌਜੂਦਾ ਮੈਂਬਰ ਪਾਰਲੀਮੈਂਟ ਜੋ ਕਿ ਪੰਜਾਬ ਵਿੱਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰ ਚੁੱਕਿਆ ਹੋਵੇ ਉਸਦੀ ਦੀ ਮਾਤਾ ਅਤੇ ਖ਼ਾਸ ਕਰਕੇ ਸਿੱਖ ਔਰਤ ਨਾਲ ਅਜਿਹਾ ਵਰਤਾਓ ਕਰਨ ਵਾਲੇ ਅਸੱਭਿਅਕ ਬੋਲਬਾਣੀ ਵਾਲੇ ਅਫ਼ਸਰ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਇਸ ਉੱਪਰ ਵਿਭਾਗੀ ਕਾਰਵਾਈ ਕਰਦੇ ਹੋਏ ਇਸਦੀ ਬਦਲੀ ਕਿਤੇ ਹੋਰ ਕੀਤੀ ਜਾਵੇ ਤਾਂ ਕਿ ਅਜਿਹੇ ਗਲਤ ਆਚਰਣ ਵਾਲੇ ਅਫ਼ਸਰ ਨੂੰ ਸਬਕ ਮਿਲ ਸਕੇ।
ਉਹਨਾਂ ਕਿਹਾ ਕਿ ਅਜਿਹੇ ਅਫ਼ਸਰ ਸਿਰਫ਼ ਪੁਲਿਸ ਡਿਪਾਰਟਮੈਂਟ ਨੂੰ ਹੀ ਬਦਨਾਮ ਨਹੀਂ ਕਰਦੇ ਸਗੋਂ ਇਕ ਸਿੱਖ ਹੋਣ ਨਾਤੇ ਸਿੱਖੀ ਦੇ ਨਾਮ ਤੇ ਵੀ ਬਦਨੁਮਾਂ ਦਾਗ ਹਨ। ਇਸ ਤੋਂ ਇਲਾਵਾ ਬਾਪੂ ਤਰਸੇਮ ਸਿੰਘ ਜੀ ਨੇ ਹੋਰ ਖੁਲਾਸਾ ਕਰਦਿਆਂ ਇਹ ਵੀ ਇਲਜ਼ਾਮ ਲਗਾਏ ਕਿ ਇਥੇ ਹੀ ਬੱਸ ਨਹੀਂ ਪੰਜਾਬ ਪੁਲਿਸ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਝੂਠੇ ਬਿਆਨਾਂ ਦੇ ਅਧਾਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਨਸ਼ਾ ਕਰਨ ਦੀਆਂ ਖਬਰਾਂ ਫੈਲਾਈਆਂ ਜਾ ਰਹੀਆ ਹਨ ਜੋ ਬਿਲਕੁਲ ਬੇਬੁਨਿਆਦ ਤੇ ਨਿਰਾਧਾਰ ਹਨ, ਅਸੀਂ ਉਸਦਾ ਵੀ ਸਖ਼ਤ ਰੂਪ ਨਾਲ ਖੰਡਨ ਕਰਦੇ ਹਾਂ ਅਟਤੇ ਜਿਸਦਾ ਜਵਾਬ ਦੇਕੇ ਪੇਸ਼ੀ ਭੁਗਤਣ ਆਏ ਪ੍ਰਧਾਨ ਮੰਤਰੀ ਬਾਜੇਕੇ ਨੇ ਵੀ ਸਪੱਸ਼ਟ ਕਰ ਦਿੱਤਾ ਹੈ।