ਸਿਆਸੀ ਤਬਦੀਲੀ :ਗੁਰਪ੍ਰੀਤ ਸਿੰਘ ਮਲੂਕਾ ਚੁਣੇ ਗਏ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ
ਅਸ਼ੋਕ ਵਰਮਾ
ਰਾਮਪੁਰਾ , 2 ਅਗਸਤ 2025 : ਅੱਜ ਇੱਕ ਹੈਰਾਨੀਜਨਕ ਸਿਆਸੀ ਚੱਕਰ ਵਿਊ ਦੌਰਾਨ ਭਾਰਤੀ ਜਨਤਾ ਪਾਰਟੀ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਭਾਜਪਾ ਜਿਲ੍ਹਾ ਦਿਹਾਤੀ ਬਠਿੰਡਾ ਦਾ ਪ੍ਰਧਾਨ ਚੁਣ ਲਿਆ ਹੈ। ਅੱਜ ਦੀ ਚੋਣ ਨੇ ਇੱਕ ਤਰ੍ਹਾਂ ਨਾਲ ਇਹ ਸਪਸ਼ਟ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਜਦੋਂ ਵੀ ਵਿਧਾਨ ਸਭਾ ਹੋਣਗੀਆਂ ਤਾਂ ਗੁਰਪ੍ਰੀਤ ਸਿੰਘ ਮਲੂਕਾ ਰਾਮਪੁਰਾ ਫੂਲ ਤੋਂ ਉਮੀਦਵਾਰ ਬਣਾਏ ਜਾ ਸਕਦੇ ਹਨ।
ਉਨ੍ਹਾਂ ਦੇ ਪਿਤਾ ਸਿਕੰਦਰ ਸਿੰਘ ਮਲੂਕਾ ਬੇਸ਼ੱਕ ਪਾਰਟੀ ਨੇ ਅਜੇ ਰਾਮਪੁਰਾ ਫੂਲ ਹਲਕੇ ਤੋਂ ਹਲਕਾ ਇੰਚਾਰਜ ਨਹੀਂ ਬਣਾਏ ਪਰ ਉਨਾਂ ਦੀਆਂ ਜਿਸ ਤਰ੍ਹਾਂ ਸਰਗਰਮੀਆਂ ਹਨ ਉਸ ਤੋਂ ਜਾਪਦਾ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੱਡੇ ਮਲੂਕਾ ਤੇ ਬਾਜੀ ਖੇਡਣ ਜਾ ਰਿਹਾ ਹੈ। ਜੇਕਰ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਿਆਸੀ ਮੈਦਾਨ ਅੱਜ ਦੀ ਤਰ੍ਹਾਂ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਦੌਰਾਨ ਪਿਤਾ ਪੁੱਤਰ ਦੇ ਸਿਆਸੀ ਭੇੜ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਗੁਰਪ੍ਰੀਤ ਮਲੂਕਾ ਦੀ ਜ਼ਿਲ੍ਹਾ ਪ੍ਰਧਾਨ ਵਜੋਂ ਚੋਣ ਹੋਣ ਤੋਂ ਬਾਅਦ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਇੱਕ ਹਾਈ ਪ੍ਰੋਫਾਈਲ ਹਲਕਾ ਬਣਦਾ ਨਜ਼ਰ ਆ ਰਿਹਾ ਹੈ। ਜਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਦੀ ਚੋਣ ਅੱਜ ਰਾਮਪੁਰਾ ਵਿਖ਼ੇ ਬਠਿੰਡਾ ਦਿਹਾਤੀ ਅਤੇ ਬਰਨਾਲਾ ਦੇ ਰਿਟਰਨਿੰਗ ਅਫ਼ਸਰ ਦੀ ਅਗਵਾਈ ਹੇਠ ਕੀਤੀ ਗਈ।
ਜਿਲ੍ਹਾ ਪ੍ਰਧਾਨਗੀ ਲਈ ਗੁਰਪ੍ਰੀਤ ਸਿੰਘ ਮਲੂਕਾ ਅਤੇ ਰਕੇਸ਼ ਮਹਾਜਨ ਨੇ ਦਾਵੇਦਾਰੀ ਪੇਸ਼ ਕੀਤੀ ਸੀ ਜੀਵਨ ਗਰਗ ਸੀ ਤੋਂ ਇਲਾਵਾ ਜਰਨਲ ਸਕੱਤਰ ਦਿਆਲ ਸੋਢੀ ਅਤੇ ਮੋਹਨ ਲਾਲ ਗਰਗ ਦੇ ਦੇਖ ਰੇਖ ਚ ਇਹ ਚੋਣ ਪਰਿਕਿਰਿਆ ਪੂਰੀ ਕੀਤੀ ਗਈ ਪ੍ਰਧਾਨਗੀ ਲਈ ਜਿਲ੍ਹੇ ਦੇ 14 ਮੰਡਲ ਪ੍ਰਧਾਨ, 14 ਡੇਲੀਗੇਟ ਅਤੇ 23 ਜਿਲ੍ਹਾ ਅਹੁਦੇਦਾਰਾਂ ਨੇ ਵੋਟਿੰਗ ਕੀਤੀ ਜਿਸ ਤੋਂ ਬਾਅਦ ਜੀਵਨ ਗਰਗ ਨੇ ਗੁਰਪ੍ਰੀਤ ਸਿੰਘ ਮਲੂਕਾ ਦੇ ਪ੍ਰਧਾਨ ਚੁਣੇ ਜਾਨ ਦਾ ਐਲਾਨ ਕੀਤਾ ਹੈ ।ਜੀਵਨ ਗਰਗ ਨੇ ਕਿਹਾ ਕਿ ਭਾਜਪਾ 'ਚ ਮਿਹਨਤੀ ਤੇ ਇਮਾਨਦਾਰ ਆਗੂਆਂ ਨੂੰ ਸਨਮਾਨ ਤੇ ਜੁੰਮੇਵਾਰੀ ਦਿੱਤੀ ਜਾਂਦੀ ਹੈ ਗੁਰਪ੍ਰੀਤ ਸਿੰਘ ਮਲੂਕਾ ਨੂੰ ਪਹਿਲਾਂ ਜਿਲ੍ਹਾ ਬਠਿੰਡਾ ਦਿਹਾਤੀ ਦੀ ਭਰਤੀ ਮੁਹਿੰਮ ਦੀ ਜੁੰਮੇਵਾਰੀ ਸੌਪੀ ਸੀ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਗੁਰਪ੍ਰੀਤ ਸਿੰਘ ਮਲੂਕਾ ਨੇ ਭਾਜਪਾ ਦੀ ਕੌਮੀ ਤੇ ਸੂਬਾ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਪੀ ਜੁੰਮੇਵਾਰੀ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਜਪਾ ਦੀ ਪੇਂਡੂ ਖੇਤਰ ਚ ਮਜਬੂਤੀ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ ਇਸ ਮੌਕੇ ਮੋਹਨ ਲਾਲ ਗਰਗ, ਪਰਮਪਾਲ ਕੌਰ ਸਿੱਧੂ, ਮੇਜਰ ਸਿੰਘ, ਸੁਰਿੰਦਰ ਗੁਪਤਾ, ਰਕੇਸ਼ ਮਹਾਜਨ ਅਤੇ ਮੰਡਲ ਪ੍ਰਧਾਨਾਂ ਤੇ ਭਾਜਪਾ ਵਰਕਰਾਂ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਵਧਾਈ ਦਿੱਤੀ।